ਬਾਦਲ ਤੇ ਕੈਪਟਨ ਦੇ ਜ਼ਿਲਿਆਂ ''ਚ ਨਰਕੋਂ ਭੈੜੀ ਕਿਸਾਨਾਂ ਦੀ ਜ਼ਿੰਦਗੀ, ਆਂਕੜੇ ਹੈਰਾਨੀਜਨਕ

Tuesday, Feb 06, 2018 - 11:24 AM (IST)

ਬਾਦਲ ਤੇ ਕੈਪਟਨ ਦੇ ਜ਼ਿਲਿਆਂ ''ਚ ਨਰਕੋਂ ਭੈੜੀ ਕਿਸਾਨਾਂ ਦੀ ਜ਼ਿੰਦਗੀ, ਆਂਕੜੇ ਹੈਰਾਨੀਜਨਕ

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲਿਆਂ ਮੁਕਤਸਰ ਸਾਹਿਬ ਅਤੇ ਪਟਿਆਲਾ 'ਚ ਕਿਸਾਨਾਂ ਦੀ ਜ਼ਿੰਦਗੀ ਨਰਕ ਤੋਂ ਵੀ ਵੱਧ ਭੈੜੀ ਹੈ, ਇਸੇ ਲਈ ਤਾਂ ਇਨ੍ਹਾਂ ਦੋਹਾਂ ਸ਼ਹਿਰਾਂ 'ਚ ਸਭ ਤੋਂ ਜ਼ਿਆਦਾ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਜੀ ਹਾਂ, ਪੰਜਾਬ ਸਰਕਾਰ ਦੇ ਹੁਕਮਾਂ 'ਤੇ ਪੰਜਾਬ ਯੂਨੀਵਰਸਿਟੀ ਵਲੋਂ ਕਰਵਾਏ ਗਏ ਇਕ ਸਰਵੇ 'ਚ ਇਹ ਹੈਰਾਨ ਕਰਦੇ ਆਂਕੜੇ ਸਾਹਮਣੇ ਆਏ ਹਨ। ਬਾਦਲ ਦੇ ਜ਼ਿਲੇ 'ਚ ਸਭ ਤੋਂ ਜ਼ਿਆਦਾ ਕਿਸਾਨਾਂ ਨੇ ਖੁਦਕੁਸ਼ੀਆਂ ਦਾ ਰਾਹ ਚੁਣਿਆ, ਜਦੋਂ ਕਿ ਪੂਰੇ ਪੰਜਾਬ 'ਚੋਂ ਪਟਿਆਲਾ ਦੂਜੇ ਨੰਬਰ 'ਤੇ ਰਿਹਾ। ਖੁਦਕੁਸ਼ੀਆਂ ਕਰਨ ਵਾਲੇ ਇਹ ਕਿਸਾਨ ਜਾਂ ਤਾਂ ਬਿਲਕੁਲ ਅਨਪੜ੍ਹ ਸਨ ਅਤੇ ਜਾਂ ਫਿਰ ਪ੍ਰਾਈਮਰੀ ਤੱਕ ਹੀ ਪੜ੍ਹੇ ਸਨ। ਸਰਵੇ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਆਪਣੀ ਜਾਨ ਦਿੱਤੀ, ਉਨ੍ਹਾਂ 'ਚੋਂ ਵਧੇਰੇ ਪਰਿਵਾਰ 'ਚ ਇਕੱਲੇ ਹੀ ਕਮਾਉਣ ਵਾਲੇ ਸਨ ਅਤੇ ਪੂਰਾ ਪਰਿਵਾਰ ਉਨ੍ਹਾਂ ਦੇ ਹੱਥਾਂ ਵੱਲ ਹੀ ਦੇਖਦਾ ਸੀ। 
ਸਭ ਤੋਂ ਜ਼ਿਆਦਾ ਨੌਜਵਾਨ ਕਿਸਾਨਾਂ ਨੇ ਕੀਤੀਆਂ ਖੁਦਕੁਸ਼ੀਆਂ
ਸਰਵੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਕਰਜ਼ੇ ਕਾਰਨ ਸਭ ਤੋਂ ਜ਼ਿਆਦਾ ਨੌਜਵਾਨ ਕਿਸਾਨਾਂ ਨੇ ਹੀ ਆਪਣੀਆਂ ਜਾਨਾਂ ਦਿਤੀਆਂ ਹਨ। 26 ਤੋਂ 35 ਸਾਲ ਦੀ ਉਮਰ ਦੇ ਕਰਜ਼ੇ 'ਚ ਡੁੱਬੇ ਕਿਸਾਨਾਂ ਨੇ ਇਹ ਰਸਤਾ ਅਪਣਾਇਆ।
ਸਰਕਾਰ ਨੇ ਪੰਜਾਬ ਯੂਨੀਵਰਸਿਟੀ ਨੂੰ ਸੌਂਪੀ ਸੀ ਜ਼ਿੰਮੇਵਾਰੀ
ਪੰਜਾਬ ਸਰਕਾਰ ਨੇ ਸਾਲ 2015 ਦੇ ਅਖੀਰ 'ਚ ਪਟਿਆਲਾ ਦੀ ਪੰਜਾਬ ਯੂਨੀਵਰਸਿਟੀ ਨੂੰ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਵਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਦੇ ਆਂਕੜੇ ਇਕੱਠੇ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਪੰਜਾਬੀ ਯੂਨੀਵਰਸਿਟੀ ਦੇ ਆਰਥਿਕ ਪਰਿਵਰਤਨ ਖੋਜ ਕੇਂਦਰ ਨੇ ਇਹ ਸਰਵੇ ਕੀਤਾ। ਪ੍ਰੋ. ਇੰਦਰਜੀਤ ਸਿੰਘ ਨੂੰ ਇਸ ਦਾ ਪ੍ਰਿੰਸੀਪਲ ਇਨਵੈਸਟੀਗੇਟਰ ਬਣਾਇਆ ਗਿਆ ਸੀ।


Related News