ਜਲੰਧਰ, ਅੰਮ੍ਰਿਤਸਰ ਤੇ ਪਟਿਆਲਾ ਵਿਖੇ 225 ਵਾਰਡਾਂ ਲਈ ਕਾਂਗਰਸ ਦੇ ਦਾਅਵੇਦਾਰਾਂ ਦੀ ਗਿਣਤੀ 1350 ਤੋਂ ਉਪਰ ਪੁੱਜੀ
Sunday, Dec 03, 2017 - 03:15 AM (IST)
ਜਲੰਧਰ (ਧਵਨ) - ਪੰਜਾਬ 'ਚ 17 ਦਸੰਬਰ ਨੂੰ ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਨਿਗਮਾਂ ਦੀਆਂ ਹੋਣ ਵਾਲੀਆਂ ਚੋਣਾਂ ਲਈ ਕਾਂਗਰਸ ਦੀ ਟਿਕਟ ਹਾਸਲ ਕਰਨ ਵਾਲੇ ਇੱਛੁਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਸਰਕਾਰ ਹੋਣ ਕਾਰਨ ਨਿਗਮ ਚੋਣਾਂ 'ਚ ਪਾਰਟੀ ਦੀਆਂ ਜਿੱਤ ਦੀਆਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਸ਼ਹਿਰਾਂ 'ਚ ਕੁਲ 225 ਵਾਰਡਾਂ 'ਚ ਪਾਰਟੀ ਦੀ ਟਿਕਟ ਲੈਣ ਵਾਲਿਆਂ ਦੀ ਗਿਣਤੀ 1350 ਤੋਂ ਉਪਰ ਪਹੁੰਚ ਗਈ ਹੈ। ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ ਅੰਤਿਮ ਮਿਤੀ 6 ਦਸੰਬਰ ਹੈ। ਕਾਂਗਰਸੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਹਰੀ ਝੰਡੀ ਮਿਲਣ ਪਿੱਛੋਂ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਐਤਵਾਰ ਦਿੱਲੀ 'ਚ ਹੋਣ ਵਾਲੀ ਸਕ੍ਰੀਨਿੰਗ ਕਮੇਟੀ ਦੀ ਅਹਿਮ ਬੈਠਕ 'ਚ ਪਾਰਟੀ ਦੀ ਨੀਤੀ ਸਬੰਧੀ ਵਿਚਾਰ ਸਕ੍ਰੀਨਿੰਗ ਕਮੇਟੀ ਦੇ ਮੈਂਬਰਾਂ ਦੇ ਸਾਹਮਣੇ ਰੱਖਣਗੇ। ਇਹ ਪਹਿਲੀ ਵਾਰ ਹੈ ਕਿ ਬੈਠਕ 'ਚ ਸੂਬਾਈ ਇੰਚਾਰਜ ਅਤੇ ਸਹਿ ਇੰਚਾਰਜ ਵੀ ਹਿੱਸਾ ਲੈ ਰਹੇ ਹਨ। ਇਸ ਤੋਂ ਪਤਾ ਲਗਦਾ ਹੈ ਕਿ ਕਾਂਗਰਸ ਨੇ ਨਿਗਮ ਚੋਣਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ।
ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਸ਼ਨੀਵਾਰ ਵੀ ਕੁਝ ਸ਼ਹਿਰਾਂ 'ਚ ਟਿਕਟਾਂ ਲਈ ਦਾਅਵੇਦਾਰਾਂ ਨੇ ਆਪਣੀਆਂ ਅਰਜ਼ੀਆਂ ਜ਼ਿਲਾ ਕਾਂਗਰਸ ਕਮੇਟੀਆਂ ਦੇ ਸਾਹਮਣੇ ਪੇਸ਼ ਕੀਤੀਆਂ। ਔਸਤ ਹਰ ਵਾਰਡ 'ਚ 5-5 ਦਾਅਵੇਦਾਰ ਸਾਹਮਣੇ ਆ ਚੁੱਕੇ ਹਨ। ਜਲੰਧਰ ਤੇ ਅੰਮ੍ਰਿਤਸਰ ਦੇ ਕੁਝ ਵਾਰਡਾਂ ਨੂੰ ਲੈ ਕੇ ਵਿਵਾਦ ਪੈਦਾ ਹੋਏ ਹਨ ਜਿਥੇ ਕੁਝ ਵਿਧਾਇਕ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਆਗੂਆਂ ਨੂੰ ਟਿਕਟਾਂ ਦੇਣ ਦੀ ਵਕਾਲਤ ਕਰ ਰਹੇ ਸਨ, ਜਿਸ ਦਾ ਸਥਾਨਕ ਕਾਂਗਰਸੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਸਾਡੀ ਕੋਸ਼ਿਸ਼ ਇਹੀ ਹੋਵੇਗੀ ਕਿ ਟਿਕਟ ਉਨ੍ਹਾਂ ਕਾਂਗਰਸੀਆਂ ਨੂੰ ਹੀ ਮਿਲੇ, ਜੋ ਪਾਰਟੀ ਲਈ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੇ ਹਨ।
