ਪੰਜਾਬ ’ਚ ਘਟੇਗੀ ਸਕੂਲੀ ਪੜ੍ਹਾਈ ਅਧੂਰੀ ਛੱਡਣ ਵਾਲੇ ਬੱਚਿਆਂ ਦੀ ਗਿਣਤੀ

Monday, Dec 18, 2023 - 07:16 PM (IST)

ਚੰਡੀਗੜ੍ਹ (ਅਰਚਨਾ) : ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਪੰਜਾਬ ਦੇ ਸਕੂਲਾਂ ’ਚੋਂ ਸਕੂਲ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਘਟਾਉਣ ਲਈ ਕਮਰ ਕੱਸ ਰਹੀ ਹੈ। ਪੰਜਾਬ ਦੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ’ਚ ਪਹਿਲੀ ਤੋਂ 12ਵੀਂ ਜਮਾਤ ਤੱਕ ਦੀ ਪੜ੍ਹਾਈ ਨੂੰ ਅੱਧ ਵਿਚਕਾਰ ਛੱਡ ਚੁੱਕੇ ਬੱਚਿਆਂ ਦੀ ਪਛਾਣ ਕਰਨ ਲਈ ਸਿੱਖਿਆ ਵਿਭਾਗ ਸੂਬੇ ਦੇ ਕੋਨੇ-ਕੋਨੇ ’ਚ ਪਹੁੰਚ ਕਰ ਰਿਹਾ ਹੈ। ਅੰਕੜੇ ਦੱਸਦੇ ਹਨ ਕਿ ਸਕੂਲ ਛੱਡ ਚੁੱਕੇ 61,524 ਬੱਚਿਆਂ ’ਚੋਂ ਸਿੱਖਿਆ ਵਿਭਾਗ 13,188 ਬੱਚਿਆਂ ਨੂੰ ਵਾਪਸ ਸਕੂਲ ਲਿਆਉਣ ’ਚ ਸਫ਼ਲ ਰਿਹਾ ਹੈ, ਜਦੋਂ ਕਿ 11,247 ਬੱਚਿਆਂ ਨੇ ਸਕੂਲ ਵਾਪਸ ਨਾ ਮੁੜਨ ਦਾ ਕਾਰਨ ਦੂਜੇ ਸੂਬਿਆਂ ’ਚ ਪ੍ਰਵਾਸ ਨੂੰ ਦੱਸਿਆ ਹੈ ਅਤੇ ਕੁਝ ਬੱਚਿਆਂ ਨੇ ਇਸ ਕਾਰਨ ਪੜ੍ਹਾਈ ਛੱਡ ਦਿੱਤੀ ਹੈ, ਕਿਉਂਕਿ ਉਹ 14 ਸਾਲ ਦੀ ਉਮਰ ਨੂੰ ਪਾਰ ਕਰ ਚੁੱਕੇ ਹਨ ਅਤੇ ਹੁਣ ਕੰਮ ’ਚ ਆਪਣੇ ਮਾਪਿਆਂ ਦੀ ਮਦਦ ਕਰਨਾ ਚਾਹੁੰਦੇ ਹਨ। ਪੰਜਾਬ ਸਕੂਲ ਸਿੱਖਿਆ ਵਿਭਾਗ ਹੁਣ ਸਕੂਲ ਦੀ ਪੜ੍ਹਾਈ ਅੱਧ ਵਿਚਕਾਰ ਛੱਡਣ ਵਾਲੇ ਬਾਕੀ 37,089 ਬੱਚਿਆਂ ਦੀ ਭਾਲ ਕਰਨ ’ਚ ਰੁੱਝਿਆ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ ਲਈ ਕੀਤੇ ਜਾ ਰਹੇ ਨੇ ਵਿਸ਼ੇਸ਼ ਉਪਰਾਲੇ 

ਲੁਧਿਆਣਾ ਜ਼ਿਲ੍ਹੇ ’ਚ ਸਭ ਤੋਂ ਵੱਧ ਬੱਚਿਆਂ ਨੇ ਪੜ੍ਹਾਈ ਅਧੂਰੀ ਛੱਡੀ
ਜੇਕਰ ਅੰਕੜਿਆਂ ਦੀ ਮੰਨੀਏ ਤਾਂ ਸਕੂਲ ਦੀ ਪੜ੍ਹਾਈ ਅੱਧ ਵਿਚਕਾਰ ਛੱਡਣ ਵਾਲੇ ਸਭ ਤੋਂ ਵੱਧ ਬੱਚੇ ਲੁਧਿਆਣਾ ਜ਼ਿਲ੍ਹੇ ਦੇ ਸਨ। ਇੱਥੇ 12,130 ਬੱਚਿਆਂ ਨੇ ਸਕੂਲ ਦੀ ਪੜ੍ਹਾਈ ਛੱਡ ਦਿੱਤੀ। ਦੂਜੇ ਨੰਬਰ ’ਤੇ ਅੰਮ੍ਰਿਤਸਰ ਜ਼ਿਲ੍ਹਾ ਹੈ, ਇੱਥੇ 7942 ਬੱਚਿਆਂ ਨੇ ਸਕੂਲ ਛੱਡਿਆ। ਤੀਜੇ ਸਥਾਨ ’ਤੇ ਜਲੰਧਰ ਜ਼ਿਲ੍ਹਾ ਹੈ, ਇੱਥੇ 6383 ਬੱਚਿਆਂ ਨੇ ਅੱਧ ਵਿਚਕਾਰ ਹੀ ਸਕੂਲ ਛੱਡ ਦਿੱਤਾ। ਗੁਰਦਾਸਪੁਰ ਜ਼ਿਲ੍ਹੇ ’ਚ 5,717 ਬੱਚਿਆਂ ਨੇ ਸਕੂਲ ਛੱਡਿਆ। ਪਟਿਆਲਾ ਜ਼ਿਲ੍ਹੇ ’ਚ 5,323 ਬੱਚੇ ਅੱਧ ਵਿਚਕਾਰ ਹੀ ਸਕੂਲ ਛੱਡ ਗਏ। ਤਰਨਤਾਰਨ ਤੋਂ 3,320 ਬੱਚਿਆਂ ਨੇ, ਐੱਸ.ਏ.ਐੱਸ. ਨਗਰ ਤੋਂ 3,107 ਬੱਚੇ, ਹੁਸ਼ਿਆਰਪੁਰ ਤੋਂ 2,411 ਬੱਚੇ, ਸੰਗਰੂਰ ਤੋਂ 2,077 ਬੱਚੇ, ਕਪੂਰਥਲਾ ਤੋਂ 1,812 ਬੱਚੇ, ਫਾਜ਼ਿਲਕਾ ਤੋਂ 1,519 ਬੱਚੇ, ਮਾਨਸਾ ਤੋਂ 1,454 ਬੱਚੇ, ਪਠਾਨਕੋਟ ਤੋਂ 1,109 ਬੱਚੇ, ਬੰਠਿੰਡਾ ਤੋਂ 1,082 ਬੱਚੇ, ਰੂਪਨਗਰ ਤੋਂ 948 ਬੱਚੇ, ਐੱਸ. ਬੀ.ਐੱਸ. ਨਗਰ ਦੇ 920 ਬੱਚੇ, ਮੁਕਤਸਰ ਦੇ 820 ਬੱਚੇ, ਫਰੀਦਕੋਟ ਦੇ 683 ਬੱਚੇ, ਫ਼ਿਰੋਜ਼ਪੁਰ ਦੇ 613 ਬੱਚੇ, ਮੋਗਾ ਦੇ 590 ਬੱਚੇ, ਮਾਲੇਰਕੋਟਲਾ ਦੇ 576 ਬੱਚੇ, ਬਰਨਾਲਾ ਦੇ 543 ਬੱਚੇ, ਫਤਿਹਗੜ੍ਹ ਸਾਹਿਬ ਦੇ 450 ਬੱਚੇ ਅੱਧ ਵਿਚਕਾਰ ਹੀ ਸਕੂਲ ਦੀ ਪੜ੍ਹਾਈ ਛੱਡ ਗਏ।

ਇਹ ਵੀ ਪੜ੍ਹੋ : ਸਾਂਸਦ ਰਿੰਕੂ ਨੇ ਸਦਨ ’ਚ ਪਾਸਪੋਰਟ ਨੂੰ ਲੈ ਕੇ ਕੀਤਾ ਸਵਾਲ, ਕਿਹਾ ਬਿਨੈਕਾਰਾਂ ਦੀ ਗਿਣਤੀ ਦੁੱਗਣੀ, ਸੇਵਾ ਕੇਂਦਰ ਘੱਟ

ਡ੍ਰਾਪਆਊਟ ਦਰ ਘੱਟ ਹੋਣ ’ਤੇ ਹਰ ਬੱਚੇ ਨੂੰ ਮਿਲੇਗਾ ਪੜ੍ਹਨ ਦਾ ਹੱਕ
ਰਿਕਾਰਡ ਕਹਿੰਦਾ ਹੈ ਕਿ ਡਿਪਾਰਟਮੈਂਟ ਆਫ਼ ਸਕੂਲ ਐਜੂਕੇਸ਼ਨ ਐਂਡ ਲਿਟਰੇਸੀ ਪ੍ਰੋਗਰਾਮ ਦੇ ਅਧੀਨ ਦੇਸ਼ ’ਚ ਸਾਲ 2018-19 ਦੌਰਾਨ ਦੇਸ਼ ’ਚ ਸੰਪੂਰਣ ਸਿੱਖਿਆ ਯੋਜਨਾ ਲਾਗੂ ਕੀਤੀ ਗਈ ਸੀ ਤਾਂ ਜੋ ਦੇਸ਼ ਦਾ ਹਰ ਬੱਚਾ ਪੜ੍ਹ ਸਕੇ। ਸਾਲ 2019-20 ’ਚ ਦੇਸ਼ ਦੀ ਡ੍ਰਾਪਆਊਟ ਦਰ 16.1 ਫੀਸਦੀ ਸੀ, ਜੋ ਸਾਲ 2020-21 ’ਚ 14 ਫੀਸਦੀ ’ਤੇ ਪਹੁੰਚ ਗਈ ਅਤੇ ਸਾਲ 2021-22 ਵਿਚ ਇਹ ਦਰ 12.6 ਫੀਸਦੀ ਦਰਜ ਕੀਤੀ ਗਈ। ਇਸੇ ਤਰ੍ਹਾਂ ਸਾਲ 2021-22 ’ਚ ਹਰਿਆਣਾ ਦੀ ਡ੍ਰਾਪਆਊਟ ਦਰ 5.9 ਫੀਸਦੀ ਸੀ ਜਦੋਂ ਕਿ ਸਾਲ 2019-20 ’ਚ ਇਹ ਦਰ 13.3 ਫੀਸਦੀ ਸੀ। ਹਿਮਾਚਲ ਪ੍ਰਦੇਸ਼ ’ਚ ਸਾਲ 2019-20 ਵਿਚ ਡ੍ਰਾਪਆਊਟ ਦਰ 7.2 ਫੀਸਦੀ ਸੀ, ਜੋ ਕਿ ਸਾਲ 2021-22 ਵਿਚ 1.5 ਫੀਸਦੀ ਦਰਜ ਕੀਤੀ ਗਈ ਸੀ। ਪੰਜਾਬ ਦੀ ਡ੍ਰਾਪਆਊਟ ਦਰ ਸਾਲ 2019-20 ਵਿਚ 1.6 ਫੀਸਦੀ ਸੀ ਅਤੇ 2021-22 ਵਿਚ 17.2 ਫੀਸਦੀ ਤੱਕ ਪਹੁੰਚ ਗਈ। ਸੰਪੂਰਣ ਸਿੱਖਿਆ ਯੋਜਨਾ ਲਈ ਕੇਂਦਰ ਸਰਕਾਰ ਨੇ ਸਾਲ 2023-24 ਵਿਚ ਪੰਜਾਬ ਲਈ 1298.30 ਕਰੋੜ ਰੁਪਏ ਦਾ ਬਜਟ ਦੇਣ ਦਾ ਫੈਸਲਾ ਕੀਤਾ ਹੈ।

ਮੌਜੂਦਾ ਸਾਲ ’ਚ ਸਕੂਲਾਂ ਦੀ ਪੜ੍ਹਾਈ ਵਿਚਾਲੇ ਹੀ ਛੱਡਣ ਵਾਲੇ ਬੱਚਿਆਂ ਦਾ ਰਿਕਾ

ਜ਼ਿਲ੍ਹਾ ਡ੍ਰਾਪਆਊਟ ਵਾਪਸ ਪਰਤੇ

ਨਹੀਂ ਪਰਤੇ

ਅੰਮ੍ਰਿਤਸਰ 7942 1635 2288
ਬਰਨਾਲਾ 543 134 236
ਬਠਿੰਡਾ 1082  380 424
ਫਰੀਦਕੋਟ 683 172 269
ਫਤਿਹਗੜ੍ਹ ਸਾਹਿਬ 450 21 20
ਫਾਜ਼ਿਲਕਾ 1519 844 499
ਫਿਰੋਜ਼ਪੁਰ 613 113 248
ਗੁਰਦਾਸਪੁਰ 5717 992 223
ਹੁਸ਼ਿਆਰਪੁਰ 2411 395 310
ਜਲੰਧਰ 6383 1391  1445
ਕਪੂਰਥਲਾ 1812 510 598
ਲੁਧਿਆਣਾ 12130 305  308
ਮਾਲੇਰਕੋਟਲਾ 576 39 124
ਮਾਨਸਾ 1454 792 472
ਮੋਗਾ 590 309 272
ਮੁਕਤਸਰ 820 313 359
ਪਠਾਨਕੋਟ 1109 350 172
ਪਟਿਆਲਾ 5323 392 416
ਰੂਪਨਗਰ 948 26 39
ਐੱਸ. ਬੀ. ਐੱਸ. ਨਗਰ 920 421 430
ਸੰਗਰੂਰ 2072 478 213
ਐੱਸ. ਏ. ਐੱਸ. ਨਗਰ 3107 1914  1190
ਤਰਨਤਾਰਨ 3320 1262 692
ਕੁੱਲ 61,524 13188 11247

ਸਰਵੇਖਣ ਹੋਵੇਗਾ 30 ਦਿਨਾਂ ਵਿਚ ਪੂਰਾ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਸਿਸਟੈਂਟ ਸਟੇਟ ਪ੍ਰੋਜੈਕਟ ਡਾਇਰੈਕਟਰ ਪ੍ਰਦੀਪ ਛਾਬੜਾ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਵਲੋਂ ਪੜ੍ਹਾਈ ਛੱਡਣ ਵਾਲੇ ਬੱਚਿਆਂ ਦੀ ਪਛਾਣ ਕਰਨ ਲਈ ਪਿਛਲੇ ਦੋ ਮਹੀਨਿਆਂ ਤੋਂ ਸਰਵੇਖਣ ਕੀਤਾ ਜਾ ਰਿਹਾ ਹੈ। ਇਸੇ ਸਰਵੇ ਦੇ ਚੱਲਦਿਆਂ ਵਿਭਾਗ ਨੇ 2 ਮਹੀਨਿਆਂ ’ਚ 24,435 ਬੱਚਿਆਂ ਦੀ ਸ਼ਨਾਖਤ ਮੁਕੰਮਲ ਕੀਤੀ ਹੈ। ਇਨ੍ਹਾਂ ’ਚੋਂ 13,188 ਬੱਚੇ ਸਕੂਲ ਵਾਪਸ ਜਾਣ ’ਚ ਸਫ਼ਲ ਰਹੇ ਹਨ ਜਦੋਂ ਕਿ 11,247 ਬੱਚਿਆਂ ਨੇ ਸਕੂਲ ਦੀ ਪੜ੍ਹਾਈ ਮੁੜ ਸ਼ੁਰੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਰਵੇਖਣ ਦੌਰਾਨ ਕੀਤੀ ਗਈ ਪੁੱਛ-ਪੜਤਾਲ ’ਚ ਬੱਚਿਆਂ ਦਾ ਪੜ੍ਹਾਈ ਅੱਧ ਵਿਚਾਲੇ ਛੱਡਣ ਦਾ ਮੁੱਖ ਕਾਰਨ ਬੱਚਿਆਂ ’ਚ ਸਕੂਲ ਛੱਡਣ ਵਾਲੇ 61,524 ਬੱਚਿਆਂ ਵਿਚੋਂ 37,089 ਬੱਚਿਆਂ ਦੀ ਪਛਾਣ ਕਰਨ ਦਾ ਕੰਮ ਚੱਲ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ 30 ਤੋਂ 60 ਦਿਨਾਂ ’ਚ ਇਹ ਸਰਵੇ ਪੂਰਾ ਹੋ ਜਾਵੇਗਾ ਤੇ ਜ਼ਿਆਦਾ ਬੱਚਿਆਂ ਨੂੰ ਸਕੂਲ ਨਾਲ ਜੋੜਨ ਵਿਚ ਸਿੇੱਖਿਆ ਵਿਭਾਗ ਨੂੰ ਕਾਮਯਾਬੀ ਮਿਲ ਸਕੇਗੀ।

ਇਹ ਵੀ ਪੜ੍ਹੋ : ਸਾਵਧਾਨ! ਕਿਤੇ ਤੁਹਾਡੀ ਸਿਹਤ ’ਤੇ ਭਾਰੀ ਨਾ ਪੈ ਜਾਵੇ ਠੰਡ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News