ਕਿਡਨੀ ਟਰਾਂਸਪਲਾਂਟ ਲਈ NRI ਪਰਿਵਾਰ ਨੇ ਕੀਤੀ ਰਿਸ਼ਤੇਦਾਰ ਦੇ ਵੀਜ਼ੇ ਦੀ ਮੰਗ

12/01/2019 6:34:47 PM

ਜਲੰਧਰ— ਅਮਰੀਕਾ ਦੇ ਕਨੈਕਟਿਕਟ 'ਚ ਵਸੇ ਪੰਜਾਬੀ ਪਰਿਵਾਰ ਵੱਲੋਂ ਦਿੱਲੀ 'ਚ ਅਮਰੀਕੀ ਦੂਤਘਰ ਤੋਂ ਇਕ ਰਿਸ਼ਤੇਦਾਰ ਨੂੰ ਵੀਜ਼ਾ ਜਾਰੀ ਕਰਨ ਦੀ ਅਪੀਲ ਕੀਤੀ ਗਈ ਹੈ। ਦਰਅਸਲ ਰਿਸ਼ਤੇਦਾਰ ਗੁਰਦੇ ਦੀ ਸਮੱਸਿਆ ਨਾਲ ਜੂਝ ਰਹੇ ਇਕ ਮੈਂਬਰ ਨੂੰ ਕਿਡਨੀ ਦਾਨ ਕਰ ਸਕਦਾ ਹੈ। ਰੋਪੜ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਭਰਾਰਾ ਦੀ ਪੁੱਤਰੀ ਐਮਰੀਨ ਭਰਾਰਾ (22) ਨੇ ਅਮਰੀਕਾ 'ਚ ਇਕ ਜਨਤਕ ਮੁਹਿੰਮ ਦਾ ਨਿਰਮਾਣ ਕੀਤਾ ਹੈ, ਜਿਸ 'ਚ ਲੋਕਾਂ ਨੂੰ change.org ਪਟੀਸ਼ਨ 'ਤੇ ਦਸਤਾਖਰ ਕਰਨ ਲਈ ਕਿਹਾ ਗਿਆ ਹੈ। ਪਟੀਸ਼ਨ 'ਚ ਉਸ ਨੇ ਲਿਖਿਆ ਹੈ ਕਿ ਮੇਰੇ ਪਿਤਾ ਨੂੰ ਕਿਡਨੀ ਟਰਾਂਸਪਲਾਂਟ ਦੀ ਸਖਤ ਲੋੜ ਹੈ ਅਤੇ ਲੁਧਿਆਣਾ 'ਚ ਰਹਿੰਦਾ ਉਸ ਦਾ ਭਤੀਜਾ ਗੁਰਸਿਮਰਨ ਭਰਾਰਾ ਕਿਡਨੀ ਦੇਣ ਲਈ ਤਿਆਰ ਹੈ ਅਤੇ ਟਰਾਂਸਪਲਾਂਟ ਟੀਮ ਵੱਲੋਂ ਪ੍ਰਮਾਣਿਕਤਾ ਦੇ ਰੂਪ 'ਚ ਸਬੂਤ ਨਵੀਂ ਦਿੱਲੀ ਸਥਿਤ ਅਮਰੀਕੀ ਕੌਂਸਲੇਟ ਨੂੰ ਸੌਂਪੇ ਗਏ ਹਨ। ਗੁਰਸਿਮਰਨ ਨੇ ਕਈ ਵਾਰ ਬੀ-2 ਦੇ ਮੈਡੀਕਲ ਐਮਰਜੈਂਸੀ ਵੀਜ਼ਾ ਲਈ ਅਰਜ਼ੀ ਦਿੱਤੀ ਹੈ ਪਰ ਉਸ ਦੀਆਂ ਬੇਨਤੀਆਂ ਨੂੰ ਵਾਰ-ਵਾਰ ਅਸਵਿਕਾਰ ਕੀਤਾ ਜਾ ਰਿਹਾ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਗੁਰਸਿਮਰਨ ਕਾਰਜ ਪ੍ਰਣਾਲੀ ਤੋਂ ਬਾਅਦ ਵਾਪਸ ਭਾਰਤ ਨਹੀਂ ਪਰਤੇਗਾ।  

ਐਮਰੀਨ ਨੇ ਇਕ ਅੰਗਰੇਜ਼ੀ ਅਖਬਾਰ ਨੂੰ ਫੋਨ ਜ਼ਰੀਏ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੁਰਸਿਮਰਨ ਦੋ ਬੱਚਿਆਂ ਦਾ ਪਿਤਾ ਹੈ। ਉਸ ਦੀ ਪਤਨੀ ਅਤੇ ਮਾਪੇ ਲੁਧਿਆਣਾ 'ਚ ਹੀ ਹਨ। ਉਸ ਨੇ ਦੱਸਿਆ ਕਿ ਅਜਿਹਾ ਕੋਈ ਵੀ ਕਾਰਨ ਨਹੀਂ ਹੈ ਕਿ ਉਹ ਵਾਪਸ ਭਾਰਤ ਨਹੀਂ ਪਰਤੇਗਾ। ਅਸੀਂ ਟਰਾਂਸਪਲਾਂਟ ਨਾਲ ਸੰਬੰਧਤ ਸਾਰੇ ਡਾਕਟਰੀ ਖਰਚਿਆਂ ਨੂੰ ਸਹਿਣ ਕਰ ਰਹੇ ਹਾਂ, ਜਿਸ 'ਚ ਉਨ੍ਹਾਂ ਦਾ ਬੀਮਾ ਕਵਰ ਵੀ ਸ਼ਾਮਲ ਹੈ। ਮੇਰੇ ਪਿਤਾ ਬੇਹੱਦ ਕਮਜ਼ੋਰ ਹਨ, ਜਿਸ ਕਾਰਨ ਉਹ ਭਾਰਤ ਨਹੀਂ ਆ ਸਕਦੇ।

16 ਸਾਲ ਦੀ ਉਮਰ 'ਚ ਪਿਤਾ ਨੇ ਛੱਡਿਆ ਸੀ ਪੰਜਾਬ
ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨੇ 16 ਸਾਲ ਦੀ ਉਮਰ 'ਚ ਪੰਜਾਬ ਛੱਡ ਦਿੱਤਾ ਸੀ। ਆਪਣੇ ਵਪਾਰ ਨੂੰ ਸਥਾਪਤ ਕਰਨ ਲਈ ਉਨ੍ਹਾਂ ਨੇ ਅਮਰੀਕਾ 'ਚ ਸਖਤ ਮਿਹਨਤ ਕੀਤੀ ਅਤੇ ਉਸ ਦੇ ਭਰਾ ਆਸ਼ੀਸ਼ਪਾਲ ਭਰਾਰਾ ਅਤੇ  ਉਸ ਦੀ ਚੰਗੀ ਸਿੱਖਿਆ ਨੂੰ ਯਕੀਨੀ ਬਣਾਇਆ। ਹੁਣ 20 ਸਾਲ ਤੋਂ ਉਹ ਡਾਇਬਟੀਜ਼ ਟਾਈਪ-2 ਦੇ ਸ਼ਿਕਾਰ ਹਨ ਅਤੇ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਦੀ ਕਿਡਨੀ ਸਿਰਫ 5 ਫੀਸਦੀ ਹੀ ਕੰਮ ਕਰ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਕਿਡਨੀ ਟਰਾਂਸਪਲਾਂਟ ਮਿਲ ਜਾਂਦਾ ਹੈ ਤਾਂ ਉਨ੍ਹਾਂ ਦੀ ਜ਼ਿੰਦਗੀ 'ਚ ਸੁਧਾਰ ਹੋ ਸਕਦਾ ਹੈ ਅਤੇ ਉਹ 15 ਸਾਲਾ ਤੱਕ ਜਿਊਂਦੇ ਰਹਿ ਸਕਦੇ ਹਨ ਪਰ ਅਧਿਕਾਰੀਆਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ।
ਉਸ ਨੇ ਦੱਸਿਆ ਕਿ ਜੇਕਰ ਅਧਿਕਾਰੀ ਨਹੀਂ ਮੰਨਦੇ ਤਾਂ ਉਸ ਨੂੰ ਨਿੱਜੀ ਤੌਰ 'ਤੇ ਅਧਿਕਾਰੀਆਂ ਨੂੰ ਬੇਨਤੀ ਕਰਨ ਲਈ ਦਸੰਬਰ 'ਚ ਦਿੱਲੀ ਆਉਣਾ ਪੈ ਸਕਦਾ ਹੈ। ਉਸ ਦੀ ਮਾਂ ਤਰਜੀਤ ਭਰਾਰਾ ਨੇ ਵੀ ਆਪਣੇ ਸੋਸ਼ਲ ਅਕਾਊਂਟ 'ਤੇ ਪਟੀਸ਼ਨ ਸਾਂਝੀ ਕੀਤੀ ਹੈ। ਪਟੀਸ਼ਨ 'ਤੇ 8,400 ਤੋਂ ਵੱਧ ਲੋਕ ਦਸਤਖਤ ਕਰ ਚੁੱਕੇ ਹਨ। ਅਮਰੀਕੀ ਦੂਤਘਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮੁੱਦੇ ਦੀ ਗੋਪਨੀਅਤਾ ਕਾਰਨ ਵਿਅਕਤੀਗਤ ਵੀਜ਼ੇ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੇ ਹਨ।


shivani attri

Content Editor

Related News