ਵਿਆਹ ਦੀਆਂ ਸਾਈਆਂ-ਵਧਾਈਆਂ ਲਾ ਕੇ ਐਨ ਮੌਕੇ ਮੁੱਕਰਿਆ NRI ਪਰਿਵਾਰ, ਹੈਰਾਨ ਕਰਨ ਵਾਲਾ ਹੈ ਮਾਮਲਾ
Friday, Feb 24, 2023 - 06:54 PM (IST)
ਕਪੂਰਥਲਾ (ਭੂਸ਼ਣ, ਮਲਹੋਤਰਾ)-10 ਲੱਖ ਰੁਪਏ ਦੀ ਨਕਦੀ ਅਤੇ ਫਾਰਚੂਨਰ ਗੱਡੀ ਨਾ ਦੇਣ ’ਤੇ ਕੈਨੇਡਾ ’ਚ ਰਹਿੰਦੇ ਇਕ ਪਰਿਵਾਰ ਵੱਲੋਂ ਇਕ ਕੁੜੀ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰਕ ਦਿੱਤਾ ਗਿਆ। ਇਸ ਮਾਮਲੇ ’ਚ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਸਬੰਧਤ ਪਰਿਵਾਰ ਦੇ 4 ਮੈਂਬਰਾਂ ਸਮੇਤ 5 ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਸੈਦੋ ਭੁਲਾਣਾ ਸੁਲਤਾਨਪੁਰ ਲੋਧੀ ਕਪੂਰਥਲਾ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦੀ ਕੁੜੀ ਦਾ ਰਿਸ਼ਤਾ ਸੇਵਾ ਰਾਮ ਪੁੱਤਰ ਦਰਸ਼ਨ ਰਾਮ ਵਾਸੀ ਪਿੰਡ ਜੱਗਾਂ ਸੁਭਾਨਪੁਰ ਨੇ ਕੈਨੇਡਾ ’ਚ ਰਹਿੰਦੇ ਸੁਖਜਿੰਦਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਲੱਖਣ ਕੇ ਪੱਡੇ ਨਾਲ ਤੈਅ ਕਰਵਾਇਆ ਸੀ। 8 ਜਨਵਰੀ 2023 ਨੂੰ ਉਸ ਨੇ ਕਪੂਰਥਲਾ ਦੇ ਇਕ ਹੋਟਲ ’ਚ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਆਪਣੀ ਕੁੜੀ ਦਾ ਰਿਸ਼ਤਾ ਕੀਤਾ ਸੀ।
ਇਸ ਰਿਸ਼ਤੇ ਦੌਰਾਨ ਮੁੰਡੇ ਸੁਖਜਿੰਦਰਜੀਤ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਅਤੇ ਉਸ ਦੀ ਮਾਤਾ ਮਨਜੀਤ ਕੌਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸਿਰਫ਼ ਕੁੜੀ ਚਾਹੀਦੀ ਹੈ ਅਤੇ ਸਾਨੂੰ ਹੋਰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈ, ਜਿਸ ’ਤੇ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਵਿਆਹ ਦੀ ਤਾਰੀਖ਼ 18 ਫਰਵਰੀ 2023 ਤੈਅ ਕੀਤੀ ਸੀ। ਰਿਸ਼ਤਾ ਹੋਣ ਤੋਂ ਬਾਅਦ ਸੁਖਜਿੰਦਰਜੀਤ ਸਿੰਘ, ਉਸ ਦੀ ਮਾਤਾ ਮਨਜੀਤ ਕੌਰ ਅਤੇ ਉਸ ਦਾ ਭਰਾ ਮਨਜਿੰਦਰਜੀਤ ਸਿੰਘ ਉਰਫ਼ ਮਨੀ ਵਿਦੇਸ਼ ਤੋਂ ਭਾਰਤ ਆ ਗਏ। 12 ਫਰਵਰੀ 2023 ਨੂੰ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਦੀਆਂ ਕਈ ਰਸਮਾਂ ਜਿਵੇਂ ਕਿ ਪ੍ਰੀ-ਵੈਡਿੰਗ ਵੀ ਕਰਵਾਈਆਂ। ਬਾਅਦ ’ਚ ਉਕਤ ਵਿਅਕਤੀਆਂ ਨੇ ਉਸ ਨੂੰ ਕਿਹਾ ਕਿ ਅਸੀਂ ਕੈਨੇਡਾ ’ਚ ਆਪਣੇ ਕਾਰੋਬਾਰ ’ਚ ਹੋਰ ਵੀ ਵਾਧਾ ਕਰਨਾ ਹੈ, ਇਸ ਲਈ ਸਾਨੂੰ ਵਿਆਹ ਸਮੇਂ 10 ਲੱਖ ਰੁਪਏੇ ਦੀ ਨਕਦੀ ਅਤੇ ਫਾਰਚੂਨਰ ਗੱਡੀ ਦਿੱਤੀ ਜਾਵੇ, ਜਿਸ ਤੋਂ ਬਾਅਦ ਫਿਰ ਸੁਰਿੰਦਰ ਸਿੰਘ ਨੇ ਮੈਨੂੰ ਵ੍ਹਟਸਐਪ ’ਤੇ ਫੋਨ ਕੀਤਾ ਕਿ ਅਸੀਂ ਤੁਹਾਡੀ ਕੁੜੀ ਨੂੰ ਆਪਣੇ ਨਾਲ ਹੀ ਕੈਨੇਡਾ ਲੈ ਜਾਵਾਂਗੇ ਅਤੇ ਉਸ ਨੇ ਫਿਰ ਤੋਂ 10 ਲੱਖ ਰੁਪਏ ਦੀ ਨਕਦੀ ਅਤੇ ਫਾਰਚੂਨਰ ਗੱਡੀ ਦੀ ਮੰਗ ਕੀਤੀ।
ਇਹ ਵੀ ਪੜ੍ਹੋ :ਪੁਲਸ ਮੁਕਾਬਲੇ ’ਚ ਮਰਿਆ ਗੋਰਾਇਆ ਦਾ ਨਿਕਲਿਆ ਤੀਜਾ ਗੈਂਗਸਟਰ, ਪਰਿਵਾਰ ਨੇ ਪੁਲਸ 'ਤੇ ਚੁੱਕੇ ਸਵਾਲ
ਉਕਤ ਸੁਰਿੰਦਰ ਸਿੰਘ ਵੱਲੋਂ ਕੀਤੀ ਗਈ ਇਸ ਮੰਗ ਦੇ ਕਾਰਨ ਉਹ ਪ੍ਰੇਸ਼ਾਨੀ ’ਚ ਚਲਾ ਗਿਆ, ਜਿਸ ਤੋਂ ਬਾਅਦ 13 ਫਰਵਰੀ 2023 ਨੂੰ ਉਹ ਆਪਣੇ ਪਰਿਵਾਰ ਦੇ ਨਾਲ ਉਕਤ ਵਿਅਕਤੀਆ ਦੇ ਘਰ ਗਏ ਅਤੇ ਜਦੋਂ ਉਨ੍ਹਾਂ ਨੇ ਉਕਤ ਵਿਅਕਤੀਆਂ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ 10 ਲੱਖ ਰੁਪਏ ਦੀ ਨਕਦੀ ਅਤੇ ਫਾਰਚੂਨਰ ਗੱਡੀ ਤੋਂ ਬਿਨਾਂ ਵਿਆਹ ਨਹੀਂ ਕਰਨਾ। ਇਸ ਤਰ੍ਹਾਂ ਉਕਤ ਵਿਅਕਤੀਆ ਨੇ ਇਕ ਸਾਜਿਸ਼ ਦੇ ਤਹਿਤ ਮੇਰੀ ਕੁੜੀ ਨਾਲ ਰਿਸ਼ਤਾ ਕਰਕੇ ਵਿਆਹ ਦੀ ਤਾਰੀਖ਼ ਨਿਯਤ ਕਰਕੇ ਬਾਅਦ ’ਚ ਜਵਾਬ ਦੇ ਕੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਜਦਕਿ ਉਹ ਮੈਰਿਜ ਪੈਲੇਸ ਦੀ ਬੁਕਿੰਗ ਅਤੇ ਹੋਰ ਖ਼ਰਚਿਆਂ ਸਮੇਤ ਕਰੀਬ 20 ਲੱਖ ਰੁਪਏ ਦਾ ਖ਼ਰਚਾ ਕਰ ਚੁੱਕਾ ਹੈ, ਜਿਸ ਕਾਰਨ ਸਾਨੂੰ ਸਮਾਜ ’ਚ ਕਾਫ਼ੀ ਬੇਇਜ਼ਤ ਕੀਤਾ ਗਿਆ ਹੈ। ਬਾਅਦ ’ਚ ਮੇਰੀ ਕੁੜੀ ਦਾ ਰਿਸ਼ਤਾ ਕਰਵਾਉਣ ਵਾਲੇ ਮੁਲਜ਼ਮ ਸੇਵਾ ਰਾਮ ਵੱਲੋਂ ਕੈਨੇਡਾ ਵਾਸੀ ਸੁਖਜਿੰਦਰਜੀਤ ਸਿੰਘ ਦੇ ਵਿਆਹ ਕਰਵਾਉਣ ਲਈ ਉਸ ਦੀਆਂ ਫੋਟੋਆਂ ਫਿਰ ਵੀ ਜਾਣਕਾਰਾਂ ’ਚ ਪਾ ਦਿੱਤੀਆਂ ਗਈਆਂ, ਜਿਸ ਕਾਰਨ ਸਾਡੇ ਨਾਲ ਕਾਫ਼ੀ ਵੱਡਾ ਧੋਖਾ ਹੋਇਆ ਹੈ।
ਐੱਸ. ਐੱਸ. ਪੀ. ਕਪੂਰਥਲਾ ਨੇ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਐੱਸ. ਪੀ. ਸਬ ਡਿਵੀਜ਼ਨ ਮਨਿੰਦਰਪਾਲ ਸਿੰਘ ਨੂੰ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਪੰਜਾਂ ਮੁਲਜ਼ਮਾਂ ਸੁਖਜਿੰਦਰਜੀਤ ਸਿੰਘ, ਸੁਰਿੰਦਰ ਸਿੰਘ, ਮਨਜੀਤ ਕੌਰ, ਮਨਜਿੰਦਰਜੀਤ ਸਿੰਘ ਉਰਫ਼ ਮਨੀ ਅਤੇ ਸੇਵਾ ਰਾਮ ਖ਼ਿਲਾਫ਼ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ, ਜਿਸ ਦੇ ਆਧਾਰ ’ਤੇ ਪੰਜਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਫਿਲਹਾਲ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : ਬਿਨਾਂ ਮਨਜ਼ੂਰੀ ਵਿਦੇਸ਼ ਗਏ 149 ਨੰਬਰਦਾਰਾਂ ਦੀ ਖੈਰ ਨਹੀਂ, ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਚੁੱਕੇਗੇ ਸਖ਼ਤ ਕਦਮ