ਐੱਨ. ਆਰ. ਆਈ. ਨੂੰ ਗੋਲੀ ਮਾਰਨ ਦੇ ਦੋਸ਼ ''ਚ ਮੁਲਜ਼ਮ ਦੀ ਪਤਨੀ ਗ੍ਰਿਫ਼ਤਾਰ

Sunday, Feb 24, 2019 - 04:55 PM (IST)

ਐੱਨ. ਆਰ. ਆਈ. ਨੂੰ ਗੋਲੀ ਮਾਰਨ ਦੇ ਦੋਸ਼ ''ਚ ਮੁਲਜ਼ਮ ਦੀ ਪਤਨੀ ਗ੍ਰਿਫ਼ਤਾਰ

ਗੁਰਦਾਸਪੁਰ (ਵਿਨੋਦ) : ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ਅਧੀਨ ਪਿੰਡ ਕਿਸ਼ਨ ਕੋਟ ਵਿਚ 27 ਜਨਵਰੀ 2019 ਦੀ ਰਾਤ ਨੂੰ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਵੱਲੋਂ ਇਕ ਐੱਨ. ਆਰ. ਆਈ. ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਵਿਚ ਪੁਲਸ ਨੇ ਮੁਲਜ਼ਮ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ 27-28 ਜਨਵਰੀ ਦੀ ਰਾਤ ਲਗਭਗ 9.45 ਵਜੇ ਪਿੰਡ ਕਿਸ਼ਨ ਕੋਟ ਵਾਸੀ ਐੱਨ. ਆਰ. ਆਈ. ਕੁਲਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਦੇ ਘਰ ਦੀ ਕਾਲ ਬੈੱਲ ਵੱਜੀ ਤਾਂ ਕੁਲਵਿੰਦਰ ਸਿੰਘ ਜਦੋਂ ਘਰ ਦਾ ਗੇਟ ਖੋਲ੍ਹਣ ਲਈ ਗਿਆ ਤਾਂ ਗੇਟ ਉਪਰ ਬਣੀ ਗਰਿੱਲ ਤੋਂ ਕਿਸੇ ਨੇ ਉਸ ਦੇ ਮੱਥੇ 'ਚ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਉਥੇ ਹੀ ਡਿੱਗ ਗਿਆ ਅਤੇ ਮੁਲਜ਼ਮ ਜੋ ਮੋਟਰਸਾਈਕਲ 'ਤੇ ਸਵਾਰ ਸੀ, ਉੱਥੋਂ ਭੱਜ ਗਏ। 
ਇਸ ਮਾਮਲੇ ਦੀ ਜਾਂਚ ਸੀ. ਆਈ. ਏ. ਸਟਾਫ ਗੁਰਦਾਸਪੁਰ ਨੂੰ ਸੌਂਪੀ ਜਾਣ 'ਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਸੀ. ਆਈ. ਏ. ਸਟਾਫ ਨੇ ਗੋਲੀ ਚਲਾਉਣ ਵਾਲੇ ਨਰਿੰਦਰ ਸਿੰਘ ਵਾਸੀ ਕੋਟ ਖੁਰਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਦੇ ਨਾਲ ਮੋਟਰਸਾਈਕਲ ਮਾਲਕ ਹਰਪਾਲ ਸਿੰਘ ਵਾਸੀ ਦਿਆਲਪੁਰਾ ਨੂੰ ਵੀ ਬਾਅਦ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਨਰਿੰਦਰ ਸਿੰਘ ਨੇ ਪੁਲਸ ਦੇ ਸਾਹਮਣੇ ਸਵੀਕਾਰ ਕੀਤਾ ਸੀ ਕਿ ਉਸ ਦੇ ਅਤੇ ਕੁਲਵਿੰਦਰ ਸਿੰਘ ਦੀ ਪਤਨੀ ਸਤਵਿੰਦਰ ਕੌਰ ਨਾਲ ਪ੍ਰੇਮ ਸਬੰਧ ਸੀ ਪਰ ਸਤਵਿੰਦਰ ਨੇ ਉਸ ਨੂੰ ਛੱਡ ਕੇ ਅਮਰੀਕਾ ਤੋਂ ਆਏ ਕੁਲਵਿੰਦਰ ਨਾਲ ਵਿਆਹ ਕਰਵਾਉਣ ਦਾ ਫੈਸਲਾ ਲੈ ਲਿਆ ਤੇ ਉਸ ਨੇ ਕੁਲਵਿੰਦਰ ਨਾਲ ਨਵੰਬਰ 2018 ਨੂੰ ਵਿਆਹ ਕਰਵਾ ਲਿਆ।
ਇਸ ਗੱਲ ਦੀ ਰੰਜਿਸ਼ ਕਾਰਨ ਉਸ ਨੇ ਆਪਣੇ ਇਕ ਸਾਥੀ ਹਰਪਾਲ ਸਿੰਘ ਨਾਲ ਮਿਲ ਕੇ ਕੁਲਵਿੰਦਰ ਸਿੰਘ ਨੂੰ ਮਾਰਨ ਦੀ ਯੋਜਨਾ ਬਣਾਈ ਸੀ ਤਾਂ ਕਿ ਸਤਵਿੰਦਰ ਕੌਰ ਫਿਰ ਵਾਪਸ ਘਰ ਆ ਜਾਵੇ ਪਰ ਕੁਲਵਿੰਦਰ ਸਿੰਘ ਕੇਵਲ ਜ਼ਖ਼ਮੀ ਹੀ ਹੋਇਆ। ਪੁਲਸ ਨੇ ਜਾਂਚ ਪੜਤਾਲ ਵਿਚ ਇਹ ਵੀ ਪਾਇਆ ਸੀ ਕਿ ਜਿਸ ਦਿਨ ਕੁਲਵਿੰਦਰ ਸਿੰਘ ਨੂੰ ਗੋਲੀ ਮਾਰੀ ਗਈ ਸੀ, ਉਸ ਦਿਨ ਉਹ ਪਤਨੀ ਸਤਵਿੰਦਰ ਕੌਰ ਨਾਲ ਸਹੁਰਿਆਂ ਤੋਂ ਵਾਪਸ ਆਇਆ ਸੀ ਅਤੇ ਘਟਨਾ ਦੇ ਇਕ ਦਿਨ ਪਹਿਲਾਂ ਸਤਵਿੰਦਰ ਕੌਰ ਅਤੇ ਨਰਿੰਦਰ ਸਿੰਘ 'ਚ ਮੋਬਾਇਲ 'ਤੇ ਲੰਮੀ ਗੱਲ ਵੀ ਹੋਈ ਸੀ। ਇਸ ਸਬੰਧੀ ਜਦ ਸਤਵਿੰਦਰ ਕੌਰ ਨੂੰ ਪਤਾ ਲੱਗਾ ਕਿ ਉਸ ਦੀ ਸ਼ਮੂਲੀਅਤ ਵੀ ਕੇਸ ਵਿਚ ਹੋ ਰਹੀ ਹੈ ਤਾਂ ਉਹ ਫਰਾਰ ਹੋ ਗਈ ਪਰ ਪੁਲਸ ਦੇ ਦਬਾਅ ਕਾਰਨ ਸਤਵਿੰਦਰ ਕੌਰ ਦੇ ਪਿਤਾ ਸੁਖਜੀਤ ਸਿੰਘ ਨੇ ਉਸ ਨੂੰ ਪੁਲਸ ਦੇ ਸਾਹਮਣੇ ਆਤਮਸਮਰਪਣ ਕਰਵਾ ਦਿੱਤਾ। ਪੁਲਸ ਵੱਲੋਂ ਅਦਾਲਤ ਵਿਚ ਪੇਸ਼ ਕਰਨ 'ਤੇ ਅਦਾਲਤ ਨੇ ਉਸ ਨੂੰ ਜੇਲ ਭੇਜਣ ਦਾ ਆਦੇਸ਼ ਸੁਣਾਇਆ।


author

Gurminder Singh

Content Editor

Related News