ਨਰੇਗਾ ਮੁਲਾਜ਼ਮਾਂ ਦੀ ਭੁੱਖ ਹਡ਼ਤਾਲ 11ਵੇਂ ਦਿਨ ਵੀ ਰਹੀ ਜਾਰੀ

Monday, Jul 16, 2018 - 06:35 AM (IST)

ਨਰੇਗਾ ਮੁਲਾਜ਼ਮਾਂ ਦੀ ਭੁੱਖ ਹਡ਼ਤਾਲ 11ਵੇਂ  ਦਿਨ ਵੀ ਰਹੀ ਜਾਰੀ

ਨਰੇਗਾ ਮੁਲਾਜ਼ਮਾਂ ਦੀ ਭੁੱਖ ਹਡ਼ਤਾਲ ਅੱਜ ਲਗਾਤਾਰ ਬਗੈਰ ਕਿਸੇ ਛੁੱਟੀ ਦੇ 11ਵੇਂ ਦਿਨ  ਵੀ  ਜਾਰੀ ਰਹੀ। ਇਸ ਮੌਕੇ ਨਰੇਗਾ ਯੂਨੀਅਨ ਤਰਨਤਾਰਨ ਦੇ ਜ਼ਿਲਾ ਪ੍ਰਧਾਨ ਬਲਜੀਤ ਸਿੰਘ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਭਾਵੇਂ ਵੱਖ-ਵੱਖ ਹਲਕਾ ਵਿਧਾਇਕਾਂ ਵੱਲੋਂ ਉਨ੍ਹਾਂ ਦੀਆਂ ਬਕਾਇਆ ਤਨਖਾਹਾਂ ਜਲਦੀ ਤੋਂ ਜਲਦੀ ਰਿਲੀਜ਼ ਕਰਵਾਉਣ ਲਈ ਕੋਸ਼ਿਸ਼ਾਂ ਜਾਰੀ ਹਨ ਪਰ ਜ਼ਿਲੇ ਦੇ ਜੁਝਾਰੂ ਸਾਥੀਆਂ ਵੱਲੋਂ ਭੁੱਖ ਹਡ਼ਤਾਲ ’ਤੇ ਬੈਠਣ ਤੋਂ ਪਹਿਲਾਂ ਇਹ ਪ੍ਰਣ ਕੀਤਾ ਗਿਆ ਸੀ ਕਿ ਜਿੰਨਾ ਚਿਰ ਬਕਾਇਆ ਤਨਖਾਹਾਂ ਰਿਲੀਜ਼ ਨਹੀਂ ਕੀਤੀਆਂ ਜਾਂਦੀਆਂ, ਓਨਾ ਚਿਰ  ਉਹ ਭੁੱਖ ਹਡ਼ਤਾਲ ਦਾ ਸੰਘਰਸ਼ ਜਾਰੀ ਰੱਖਣਗੇ।  
ਉਨ੍ਹਾਂ  ਦੱਸਿਆ  ਕਿ ਹੁਣ ਉਨ੍ਹਾਂ ਦੇ ਘਰਾਂ ਦੇ ਖਰਚੇ ਚੱਲਣੇ ਬਹੁਤ ਮੁਸ਼ਕਿਲ ਹੋ ਚੁੱਕੇ ਹਨ। ਨੌਬਤ   ਇਥੋਂ ਤੱਕ ਆ ਚੁੱਕੀ ਹੈ ਕਿ ਦੁਕਾਨਦਾਰ ਹੁਣ ਉਨ੍ਹਾਂ ਨੂੰ ਉਧਾਰ ’ਚ ਕੋਈ ਚੀਜ਼ ਦੇਣ ਲਈ ਤਿਆਰ ਨਹੀਂ।  ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਤਨਖਾਹਾਂ ਰਿਲੀਜ਼ ਕੀਤੀਅਾਂ ਜਾਣ ਤਾਂ ਕਿ ਉਹ ਆਪਣੀ ਆਰਥਕ ਹਾਲਤ ’ਚ ਸੁਧਾਰ ਕਰ ਕੇ ਆਪਣੇ ਪਰਿਵਾਰ ਤੇ ਸਮਾਜ ’ਚ ਦਿਨ-ਬ-ਦਿਨ ਸ਼ਰਮਿੰਦਗੀ ਦੇ ਆਲਮ ਤੋਂ ਉਹ ਬਾਹਰ ਆ ਸਕਣ। ਅੱਜ ਬਲਾਕ ਪੱਟੀ ਤੋਂ ਜੁਝਾਰੂ ਸਾਥੀ ਗੁਰਮਨਜੀਤ ਸਿੰਘ ਮਨਿਹਾਲਾ, ਬਲਦੇਵ ਸਿੰਘ ਸੁਗਾ, ਬਲਵਿੰਦਰ ਸਿੰਘ ਪੱਟੀ ਭੁੱਖ ਹਡ਼ਤਾਲ ’ਤੇ ਬੈਠੇ। ਇਸ ਮੌਕੇ ਸਾਰੇ ਜ਼ਿਲੇ ਤੋਂ ਤਰਨਤਾਰਨ ਨਰੇਗਾ ਯੂਨੀਅਨ ਦੇ ਵੱਡੀ ਗਿਣਤੀ ’ਚ ਮੁਲਾਜ਼ਮ ਹਾਜ਼ਰ ਸਨ।


Related News