ਅੱਤਵਾਦ ਪੀੜਤ ਦੇ ਘਰ ''ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼

02/02/2020 11:24:21 AM

ਨੌਸ਼ਹਿਰਾ ਪੰਨੂੰਆਂ (ਬਲਦੇਵ) : ਸਾਡੀਆਂ ਸਰਕਾਰਾਂ ਵਲੋਂ ਬੇਸ਼ੱਕ ਬੇਟੀ ਬਚਾਓ ਦੇ ਬਥੇਰੇ ਨਾਅਰੇ ਲਾਏ ਜਾਂਦੇ ਹਨ, ਉਨ੍ਹਾਂ ਨੂੰ ਇਨਸਾਫ ਦੇਣ ਲਈ ਵੀ ਬੜੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਇਸ ਤੋਂ ਕੋਹਾਂ ਦੂਰ ਹੈ। ਜੋ ਕਹਾਣੀ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ, ਸੁਣਕੇ ਤੁਸੀਂ ਵੀ ਤੌਬਾ-ਤੌਬਾ ਕਰੋਗੇ। ਪਿੰਡ ਸਰਹਾਲੀ ਮੰਡ ਜ਼ਿਲਾ ਤਰਨਤਾਰਨ 'ਚ ਹੱਸਦੇ ਵੱਸਦੇ ਪਰਿਵਾਰ ਦੇ ਤਿੰਨ ਮੈਂਬਰ ਦੋ ਬੇਟੇ ਇਕ ਪਿਤਾ ਨੂੰ ਅੱਤਵਾਦ ਦੌਰਾਨ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਜਦੋਂ ਕਿ ਪਰਿਵਾਰ 'ਚ ਸਿਰਫ ਦੋ ਬੇਟੀਆਂ ਹੀ ਬਚੀਆਂ ਸਨ। ਜਿਨ੍ਹਾਂ 'ਚੋਂ ਸਰਬਰਿੰਦਰ ਕੌਰ ਪੁੱਤਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਸੰਤਾਪ ਤੋਂ ਬਾਅਦ ਉਹ ਅੰਮ੍ਰਿਤਸਰ ਰਹਿਣ ਲੱਗ ਗਏ। ਦੂਜੀ ਭੈਣ ਜਲੰਧਰ ਰਹਿਣ ਲੱਗ ਪਈ ਪਰ ਪਿੰਡ 'ਚ 3 ਕਨਾਲ ਦੇ ਕਰੀਬ ਜਗ੍ਹਾ, ਜਿਸ 'ਚ ਉਨ੍ਹਾਂ ਦੇ ਭਰਾਵਾਂ ਅਤੇ ਪਿਤਾ ਦਾ ਸੰਸਕਾਰ ਕੀਤਾ ਗਿਆ, ਖਾਲੀ ਪਈ ਹੈ, ਜਿਸ 'ਚ ਉਨ੍ਹਾਂ ਦੀ ਸਹਿਮਤੀ ਨਾਲ ਪੁਲਸ ਚੌਕੀ ਵੀ ਆਰਜ਼ੀ ਤੌਰ 'ਤੇ ਰਹੀ ਪਰ ਬਾਅਦ 'ਚ ਪੁਲਸ ਵਲੋਂ ਚੌਕੀ ਚੁੱਕ ਲਈ ਅਤੇ ਜਗ੍ਹਾ ਉਨ੍ਹਾਂ ਨੂੰ ਦੇ ਦਿੱਤੀ। ਉਨ੍ਹਾਂ ਦੀ ਜਗ੍ਹਾ ਖਾਲੀ ਵੇਖ ਪ੍ਰਤਾਪ ਸਿੰਘ ਪੁੱਤਰ ਅਰਜਨ ਸਿੰਘ (ਪਿਛਲਾ ਪਿੰਡ ਸਖੀਰਾ) ਜੋ ਹੁਣ ਪੁਲਸ 'ਚ ਹੈੱਡ ਕਾਂਸਟੇਬਲ ਬੈਲਟ ਨੰ. 962 ਤਰਨਤਾਰਨ ਵਿਖੇ ਡਿਊਟੀ ਕਰਦਾ ਹੈ, ਵਲੋਂ ਆਪਣੇ ਘਰ 'ਚ ਗੇਟ ਲਾ ਕੇ ਉਨ੍ਹਾਂ ਦੀ ਕੰਧ ਢਾਹ ਦਿੱਤੀ ਅਤੇ ਆਵਾਜਾਈ ਲਈ ਰਸਤਾ ਬਣਾ ਕੇ ਇੱਟਾਂ ਲਾ ਰਿਹਾ ਸੀ।

ਸਰਬਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਰੋਕ ਦਿੱਤਾ ਪਰ ਦੂਜੀ ਧਿਰ ਵਲੋਂ ਗੱਲਬਾਤ ਕਰਨ ਦੀ ਬਜਾਏ ਪੱਤਰਕਾਰਾਂ ਅਤੇ ਉਨ੍ਹਾਂ ਦੀ ਵੀਡੀਓ ਬਣਾ ਰਹੇ ਸਨ। ਅੱਤਵਾਦ ਪੀੜਤ ਭੈਣਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਸਰਕਾਰ ਵਲੋਂ ਦਿੱਤਾ ਗਿਆ ਅੱਤਵਾਦ ਪੀੜਤ ਦਾ ਕਾਰਡ ਹੈ। ਪੀੜਤ ਨੇ ਦੱਸਿਆ ਕਿ ਪੁਲਸ 'ਚ ਹੋਣ ਕਾਰਣ ਪ੍ਰਤਾਪ ਸਿੰਘ ਵਲੋਂ ਬਾਰ-ਬਾਰ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਵੀ ਉਨ੍ਹਾਂ ਵਲੋਂ ਐੱਸ. ਐੱਸ. ਪੀ. ਤਰਨਤਾਰਨ ਨੂੰ 17-08017 ਨੂੰ ਪ੍ਰਤਾਪ ਸਿੰਘ ਦੇ ਖਿਲਾਫ ਦਰਖਾਸਤ ਦਿੱਤੀ ਗਈ ਸੀ, ਜਿਸ 'ਚ ਪ੍ਰਤਾਪ ਸਿੰਘ ਵਲੋਂ ਗੇਟ ਬੰਦ ਕਰ ਲਿਆ ਸੀ ਪਰ ਹਟਾਇਆ ਨਹੀਂ। ਸਾਨੂੰ ਔਰਤਾਂ ਨੂੰ ਬਾਰ-ਬਾਰ ਪੁਲਸ ਦੇ ਚੱਕਰ ਕੱਟਣੇ ਪੈ ਰਹੇ ਹਨ। ਇਸ ਸਬੰਧੀ ਜਦੋਂ ਸਾਬਕਾ ਸਰਪੰਚ ਹਰਜਿੰਦਰ ਸਿੰਘ ਸ਼ਾਹ ਅਤੇ ਹੋਰ ਮੋਹਤਬਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਪੁਲਸ 'ਚ ਹੋਣ ਕਾਰਣ ਧੱਕਾ ਕਰ ਰਿਹਾ ਹੈ। ਜਦ ਕਿ ਸਾਰੇ ਸਬੂਤ ਗਵਾਹ ਸਰਬਰਿੰਦਰ ਦੇ ਹੱਕ 'ਚ ਗਵਾਹੀ ਦੇਣ ਲਈ ਤਿਆਰ ਹਨ। ਇਸ ਤਿੰਨ ਕਨਾਲ ਜਗ੍ਹਾ 'ਚੋਂ 11 ਮਰਲੇ ਦੇ ਕਰੀਬ ਜਗ੍ਹਾ ਸੇਵਾ ਸਿੰਘ ਪੁੱਤਰ ਗੁਰਦਿੱਤ ਸਿੰਘ ਵਲੋਂ ਮੁੱਲ ਲਈ ਗਈ ਹੈ, ਜੋ ਸਰਬਰਿੰਦਰ ਕੌਰ ਅਤੇ ਉਸਦੀ ਭੈਣ ਵਲੋਂ ਵੇਚੀ ਗਈ। ਬਾਕੀ ਜਗ੍ਹਾ ਉਨ੍ਹਾਂ ਦੇ ਕੋਲ ਹੈ ਪਰ ਇੱਥੇ ਨਾ ਰਹਿਣ ਕਾਰਣ ਪ੍ਰਤਾਪ ਸਿੰਘ ਵਲੋਂ ਜਬਰੀ ਰਸਤਾ ਬਣਾ ਕੇ ਜਗ੍ਹਾ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਸਬੰਧੀ ਚੌਕੀ ਇੰਚਾਰਜ ਸਲਵਿੰਦਰ ਸਿੰਘ ਤੋਂ ਪਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਸ਼ਿਕਾਇਤ ਆਵੇਗੀ ਤਾਂ ਮੌਕਾ ਵੇਖ ਕੇ ਕਾਰਵਾਈ ਕੀਤੀ ਜਾਵੇਗੀ। ਪੀੜਤਾਂ ਨੂੰ ਇਨਸਾਫ ਦਿਵਾਇਆ ਜਾਵੇਗਾ।

ਕੀ ਕਹਿੰਦਾ ਪ੍ਰਤਾਪ ਸਿੰਘ
ਦੂਜੀ ਧਿਰ ਪ੍ਰਤਾਪ ਸਿੰਘ ਪੁੱਤਰ ਅਰਜਨ ਸਿੰਘ ਨਾਲ ਜਦੋਂ ਗੱਲ ਕਰਨੀ ਚਾਹੀ ਤਾਂ ਪ੍ਰਤਾਪ ਸਿੰਘ ਦਾ ਫੋਨ ਬੰਦ ਆ ਰਿਹਾ ਸੀ। ਜਦੋਂ ਕਿ ਪਰਿਵਾਰ ਵਲੋਂ ਕੋਈ ਗੱਲ ਨਹੀਂ ਕੀਤੀ ਅਤੇ ਵੀਡੀਓ ਬਣਾਉਣੀ ਜਾਰੀ ਰੱਖੀ। ਘਰ 'ਚ ਸਿਰਫ ਔਰਤਾਂ ਹੀ ਸਨ। ਦੇਖਦੇ ਹਾਂ ਕਿ ਪਰਿਵਾਰ ਨੂੰ ਇਨਸਾਫ ਮਿਲਦਾ ਕਿ ਨਹੀਂ।


Baljeet Kaur

Content Editor

Related News