ਪੰਜਾਬ ਦੇ ਖੇਤਾਂ 'ਚ ਹੁਣ Drone ਉਡਾਉਣਗੀਆਂ ਔਰਤਾਂ, ਪੜ੍ਹੋ ਕੀ ਹੈ ਪੂਰੀ ਖ਼ਬਰ

Thursday, Jan 18, 2024 - 01:05 PM (IST)

ਪੰਜਾਬ ਦੇ ਖੇਤਾਂ 'ਚ ਹੁਣ Drone ਉਡਾਉਣਗੀਆਂ ਔਰਤਾਂ, ਪੜ੍ਹੋ ਕੀ ਹੈ ਪੂਰੀ ਖ਼ਬਰ

ਚੰਡੀਗੜ੍ਹ (ਹਰੀਸ਼ਚੰਦਰ) : ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਮਹਿਲਾ ਸਸ਼ਕਤੀਕਰਣ ਯੋਜਨਾ ਅਧੀਨ ਕੇਂਦਰ ਸਰਕਾਰ ਵਲੋਂ ਪੰਜਾਬ ਦੀਆਂ 110 ਔਰਤਾਂ, ਜਿਨ੍ਹਾਂ ਨੂੰ ਡਰੋਨ ਅਤੇ ਇਸ ਨੂੰ ਚਲਾਉਣ ਦੀ ਸਿਖਲਾਈ ਦਿੱਤੀ ਗਈ ਹੈ, ਵਿਚੋਂ ਕੁਝ ਲਾਭਪਾਤਰੀ ਔਰਤਾਂ ਨਾਲ ਮੁਲਾਕਾਤ ਕੀਤੀ ਗਈ। ਬਿਕਰਮਜੀਤ ਸਿੰਘ ਨੇ ਉਨ੍ਹਾਂ ਨੂੰ ਮਿਲੀ ਸਿਖਲਾਈ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕੀਤੀ ਚੀਮਾ ਨੇ ਇਸ ਸੰਬੰਧੀ ਜਾਰੀ ਬਿਆਨ ਵਿਚ ਭਾਜਪਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦਾ ਟੀਚਾ ਔਰਤਾਂ ਦਾ ਸਸ਼ਕਤੀਕਰਨ ਅਤੇ ਕਿਸਾਨਾਂ ਨੂੰ ਵਿਸ਼ਵ ਪੱਧਰੀ ਤਕਨੀਕ ਨਾਲ ਲੈਸ ਕਰਕੇ ਉਨ੍ਹਾਂ ਨੂੰ ਗਲੋਬਲ ਮੁਕਾਬਲੇ ਲਈ ਤਿਆਰ ਕਰਕੇ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਸੁਧਾਰ ਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ।

ਇਹ ਵੀ ਪੜ੍ਹੋ : ਦੋਸਤ ਘਰ ਗਏ ਮੁੰਡੇ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ, 2 ਵਾਰ ਰਿਫਿਊਜ਼ ਹੋ ਚੁੱਕਾ ਸੀ ਕੈਨੇਡਾ ਦਾ ਵੀਜ਼ਾ    

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਇਸ ਸ਼ਲਾਘਾਯੋਗ ਉਪਰਾਲੇ ਸਦਕਾ ਔਰਤਾਂ ਬਹੁਤ ਖੁਸ਼ ਹਨ, ਜਿਹੜੀਆਂ ਔਰਤਾਂ ਪਹਿਲਾਂ ਘਰੋਂ ਬਾਹਰ ਨਹੀਂ ਨਿਕਲਦੀਆਂ ਸਨ, ਅੱਜ ਉਹ ਡਰੋਨ ਪਾਇਲਟ ਦੀਦੀ ਵਜੋਂ ਜਾਣੀਆਂ ਜਾਣਗੀਆਂ। ਚੀਮਾ ਨੇ ਦੱਸਿਆ ਕਿ ਸਿਖਲਾਈ ਪ੍ਰਾਪਤ ਔਰਤਾਂ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਕਦਮ ਨਾਲ ਔਰਤਾਂ ਹੁਣ ਸਮਾਜ ਵਿਚ ਆਪਣਾ ਸਿਰ ਉਚਾ ਚੁੱਕ ਕੇ ਚੱਲਣਗੀਆਂ ਅਤੇ ਆਤਮ ਨਿਰਭਰ ਬਨਣਗੀਆਂ । ਬਿਕਰਮਜੀਤ ਸਿੰਘ ਚੀਮਾ ਨੇ ਕਿਹਾ ਕਿ ਬਹੁਤ ਜਲਦੀ ਹੀ ਪੰਜਾਬ ਵਿਚ ਔਰਤਾਂ ਖੇਤਾਂ ਵਿਚ ਡਰੋਨ ਉਡਾਉਂਦੀਆਂ ਨਜ਼ਰ ਆਉਣਗੀਆਂ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਮੇਅਰ ਚੋਣ ਅਗਲੇ ਹੁਕਮਾਂ ਤੱਕ ਮੁਲਤਵੀ, AAP 'ਤੇ ਕਾਂਗਰਸ ਵੱਲੋਂ ਜੰਮ ਕੇ ਹੰਗਾਮਾ   

ਇਨ੍ਹਾਂ ਔਰਤਾਂ ਨੂੰ ਡਰੋਨ ਦੀਦੀ ਵਜੋਂ ਜਾਣਿਆ ਜਾਵੇਗਾ ਅਤੇ ਇਹ ਡਰੋਨ ਰਾਹੀਂ ਖੇਤਾਂ ਵਿਚ ਨੈਨੋ ਯੂਰੀਆ ਅਤੇ ਨੈਨੋ ਡੀ. ਏ. ਪੀ. ਦਾ ਛਿੜਕਾਅ ਕਰਨਗੀਆਂ। ਇਫਕੋ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਵਲੋਂ 110 ਔਰਤਾਂ ਕਿਸਾਨਾਂ ਨੂੰ ਡਰੋਨ ਕਿੱਟ ਅਤੇ 15 ਦਿਨਾਂ ਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਹ 110 ਔਰਤਾਂ ਡਰੋਨ ਚਲਾਉਣ ਦੀ ਸਿਖਲਾਈ ਦੇ ਕੇ ਡਰੋਨ ਪਾਇਲਟ ਬਣਾਇਆ ਗਿਆ ਹੈ। ਇਨ੍ਹਾਂ ਔਰਤਾਂ ਨੂੰ ਕੇਂਦਰ ਸਰਕਾਰ ਵਲੋਂ ਲਗਭਗ 12 ਲੱਖ ਰੁਪਏ ਦੀ ਕੀਮਤ ਦਾ ਡਰੋਨ ਯੂਨਿਟ ਅਤੇ ਇਫਕੋ ਵਲੋਂ ਖੇਤਾਂ ਤੱਕ ਲਿਜਾਣ ਲਈ ਲਗਭਗ 5 ਲੱਖ ਰੁਪਏ ਦਾ ਇਕ ਇਲੈਕਟ੍ਰਿਕ ਵਾਹਨ 26 ਜਨਵਰੀ ਨੂੰ ਦਿੱਤਾ ਜਾਵੇਗਾ ਅਤੇ ਇਹ ਔਰਤਾਂ ਇਸ ਦੀ ਵਰਤੋਂ ਆਪਣੇ ਖੇਤਾਂ ਵਿਚ ਅਤੇ ਹੋਰ ਕਿਸਾਨਾਂ ਦੇ ਖੇਤਾਂ ਵਿਚ ਪੈਸੇ ਲੈ ਕੇ ਛਿੜਕਾਅ ਕਰਨ ਲਈ ਕਰਨਗੀਆਂ।

ਇਨ੍ਹਾਂ ਡਰੋਨਾਂ ਰਾਹੀਂ ਇਕ ਦਿਨ ਵਿਚ ਕਰੀਬ 20 ਤੋਂ 25 ਏਕੜ ਰਕਬੇ ਵਿਚ ਛਿੜਕਾਅ ਕੀਤਾ ਜਾ ਸਕਦਾ ਹੈ। ਚੀਮਾ ਨੇ ਕਿਹਾ ਕਿ ਇਫਕੋ ਵਲੋਂ ਕਿਸਾਨ ਐਪ ਰਾਹੀਂ ਹੋਰ ਕਿਸਾਨ ਆਪਣੇ ਖੇਤਾਂ ਵਿਚ ਸਪਰੇਅ ਦੀ ਮੰਗ ਨੂੰ ਭੇਜਣਗੇ, ਜਿਸ ਤੋਂ ਬਾਅਦ ਇਹ ਸੁਨੇਹਾ ਉਨ੍ਹਾਂ ਦੇ ਇਲਾਕੇ ਦੇ ਨਜ਼ਦੀਕੀ ਡਰੋਨ ਪਾਇਲਟ ਦੀਦੀ ਨੂੰ ਪ੍ਰਸਾਰਿਤ ਕਰ ਦਿੱਤਾ ਜਾਵੇਗਾ ਅਤੇ ਉਹ ਡਰੋਨ ਪਾਇਲਟ ਦੀਦੀ ਕਿਸਾਨ ਨਾਲ ਸੰਪਰਕ ਕਰਕੇ ਉਸ ਤੋਂ ਫ਼ੀਸ ਲੈ ਕੇ ਉਸਦੀ ਇੱਛਾ ਅਨੁਸਾਰ ਕਿਸਾਨ ਦੇ ਖੇਤਾਂ ਵਿਚ ਸਪਰੇਅ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੀ ਕਹਿਣੀ ਤੇ ਕਥਨੀ ਵਿਚ ਕੋਈ ਫ਼ਰਕ ਨਹੀਂ ਹੈ ਅਤੇ ਮਹਿਲਾ ਸ਼ਕਤੀਕਰਨ ਦੇ ਨਾਮ ’ਤੇ ਕੇਂਦਰ ਦੀ ਮੋਦੀ ਸਰਕਾਰ ਨੇ ਇਕ ਵਾਰ ਫਿਰ ਇਹ ਗੱਲ ਨੂੰ ਸੱਚ ਸਾਬਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬੀਆ ਦੀ ਸੱਚੀ ਹਮਦਰਦ ਸਰਕਾਰ ਹੈ।  

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News