ਹੁਣ ਗੜ੍ਹਸ਼ੰਕਰ ''ਚ ਬਾਬਾ ਬਾਲਕ ਨਾਥ ਮੰਦਿਰ ’ਚ ਹੋਈ ਬੇਅਦਬੀ, ਨਿਮਿਸ਼ਾ ਮਹਿਤਾ ਨੇ ਸਰਕਾਰ ਤੋਂ ਕੀਤੀ ਇਹ ਮੰਗ
Thursday, Mar 17, 2022 - 04:32 PM (IST)
ਗੜ੍ਹਸ਼ੰਕਰ-ਪਿੰਡ ਬਡੇਸਰੋਂ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਬਾਬਾ ਬਾਲਕ ਨਾਥ ਜੀ ਦੇ ਮੰਦਿਰ ’ਚੋਂ ਬਾਬਾ ਬਾਲਕ ਨਾਥ ਜੀ ਦੀ ਮੂਰਤੀ ਚੋਰੀ ਕਰਨ ਤੇ ਬਾਬਾ ਵਿਸ਼ਵਕਰਮਾ ਤੇ ਗੁਰੂ ਰਵਿਦਾਸ ਜੀ ਦੇ ਸਰੂੁਪਾਂ ਦੀ ਬੇਅਦਬੀ ਕਰਨ ਦੀ ਘਟਨਾ ਵਾਪਰੀ ਹੈ। ਇਸ ਦੌਰਾਨ ਭਾਜਪਾ ਆਗੂ ਨਿਮਿਸ਼ਾ ਮਹਿਤਾ ਸਾਥੀਆਂ ਸਮੇਤ ਘਟਨਾ ਵਾਲੀ ਥਾਂ ਪਿੰਡ ਬਡੇਸਰੋਂ ਪਹੁੰਚੀ ਅਤੇ ਮੌਕੇ ਦਾ ਜਾਇਜ਼ਾ ਲਿਆ। ਨਿਮਿਸ਼ਾ ਮਹਿਤਾ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਕ੍ਰਿਪਾ ਕਰਕੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਕੇ ਅੰਦਰ ਕੀਤਾ ਜਾਵੇ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ’ਤੇ ਕੋਈ ਸਿਆਸਤ ਨਹੀਂ ਕਰਨਾ ਚਾਹੁੰਦੇ ਤੇ ਨਾ ਹੀ ਕਰਨੀ ਹੈ। ਉਨ੍ਹਾਂ ਕਿਹਾ ਕਿ ਜਿਸ ਬੰਦੇ ਨੇ ਵੀ ਬੇਅਦਬੀ ਕਰਨ ਵਾਲੇ ਨੂੰ ਦੇਖਿਆ ਹੈ, ਉਸ ਤੋਂ ਦੋਸ਼ੀ ਦਾ ਸਕੈੱਚ ਤਿਆਰ ਕਰਵਾਇਆ ਜਾਵੇ। ਇਸ ਤੋਂ ਪਹਿਲਾਂ ਟਾਂਡਾ ਉੜਮੁੜ ’ਚ ਗਾਵਾਂ ਦੇ ਸਿਰ ਵੱਢੇ ਗਏ। ਭਾਜਪਾ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ 89 ਵਿਧਾਇਕ ਪਹਿਲੀ ਵਾਰ ਚੜ੍ਹੇ ਵਿਧਾਨ ਸਭਾ ਦੀਆਂ ਪੌੜੀਆਂ
ਇਹ ਹਲਕੇ ’ਚ ਹਿੰਦੂ ਮੰਦਰਾਂ ’ਚ ਵਾਪਰੀ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਪਿੰਡ ਪਦਰਾਣੇ ’ਚ ਭਗਵਾਨ ਸ਼ਿਵ ਦੀ ਮੂਰਤੀ ਖੰਡਿਤ ਕੀਤੀ ਗਈ ਤੇ ਹੁਣ ਇਥੇ ਬਾਬਾ ਬਾਲਕ ਨਾਥ ਮੰਦਿਰ ’ਚ ਇਹ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਇਹ ਕਾਂਡ ਹਿੰਦੂ ਮੰਦਿਰਾਂ ’ਚ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਅੱਜ ਦੀ ਇਸ ਘਟਨਾ ਨਾਲ ਵੀ ਸ਼ਰਧਾਲੂੁਆਂ ਦੇ ਹਿਰਦੇ ਵਲੂੰਧਰੇ ਗਏ ਹਨ ਤੇ ਉਹ ਬਹੁਤ ਦੁਖੀ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਨਾਂ ’ਚ ਗੁੱਸਾ ਬਹੁਤ ਹੈ ਪਰ ਉਨ੍ਹਾਂ ਨੇ ਇਲਾਕੇ ’ਚ ਸ਼ਾਂਤੀ ਰੱਖਣੀ ਹੈ ਕਿਉਂਕਿ ਅਜਿਹਾ ਲੱਗ ਰਿਹਾ ਹੈ ਕਿ ਸ਼ਰਾਰਤੀ ਅਨਸਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਸੂਬੇ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਪੁਲਸ ਪ੍ਰਸ਼ਾਸਨ ਖਾਸ ਤੌਰ ’ਤੇ ਐੱਸ. ਐੱਸ. ਪੀ. ਨੂੰ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਸਕੈੱਚ ਤਿਆਰ ਕਰਵਾ ਕੇ ਮੀਡੀਆ ਤੇ ਜਨਤਕ ਤੌਰ ’ਤੇ ਜਾਰੀ ਕੀਤੇ ਜਾਣ ਤਾਂ ਕਿ ਹਿੰਦੂ ਮੰਦਰਾਂ ’ਚ ਲੜੀਵਾਰ ਹੋ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਪਰਦਾਫਾਸ਼ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਚੂੜ ਸਿੰਘ ਨੰਬਰਦਾਰ, ਰਜਿੰਦਰ ਪੰਚ, ਅਸ਼ਵਨੀ ਰਾਣਾ, ਸੰਜੀਵ ਗੁਪਤਾ, ਵਿੱਕੀ ਗੁਪਤਾ, ਅਮਨਦੀਪ ਸਿੰਘ ਬੈਂਸ, ਪ੍ਰੇਮ ਫ਼ੌਜੀ, ਪ੍ਰੇਮ ਰਾਣਾ ਤੇ ਵਿੱਕੀ ਫ਼ੌਜੀ ਹਾਜ਼ਰ ਸਨ।