ਹੁਣ ਮੁਸ਼ਕਲ ਘੜੀ 'ਚ 100 ਦੀ ਥਾਂ ਡਾਇਲ ਕਰੋ '112', ਕੈਪਟਨ ਵਲੋਂ ਸੇਵਾ ਲਾਂਚ
Tuesday, Feb 19, 2019 - 05:00 PM (IST)
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਮੁਸ਼ਕਲ ਘੜੀ 'ਚ '112 ਨੰਬਰ' ਡਾਇਲ ਕਰਨ ਲਈ ਕਿਹਾ ਗਿਆ ਹੈ। ਕੈਪਟਨ ਨੇ ਮੰਗਲਵਾਰ ਨੂੰ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ 'ਡਾਇਲ 112' ਨੂੰ ਲਾਂਚ ਕੀਤਾ। ਮੁੱਖ ਮੰਤਰੀ ਨੇ ਇਸ ਨਵੇਂ ਨੰਬਰ 'ਡਾਇਲ 112' ਨੂੰ ਲਾਂਚ ਕਰਦਿਆਂ ਭਰੋਸਾ ਦਿੱਤਾ ਗਿਆ ਕਿ ਇਹ ਨੰਬਰ ਲੋਕਾਂ ਦੀ ਸਹੂਲਤ ਮੁਤਾਬਕ ਸੂਬੇ 'ਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਲਾਭਕਾਰੀ ਸਾਬਤ ਹੋਵੇਗਾ।
ਦੱਸ ਦੇਈਏ ਕਿ ਸੂਬੇ ਦੀ ਪੁਲਸ ਕਾਰਜ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਇਹ ਇਕ ਅਜਿਹਾ ਨੰਬਰ ਹੋਵੇਗਾ, ਜਿਸ ਨੂੰ ਡਾਇਲ ਕਰਦਿਆਂ ਕਿਸੇ ਵੀ ਵਿਅਕਤੀ ਵਲੋਂ ਮੁਸ਼ਕਲ ਦੇ ਹਾਲਾਤ 'ਚ ਤੁਰੰਤ ਮਦਦ ਮੰਗੀ ਜਾ ਸਕੇਗੀ। ਇਹ ਨੰਬਰ ਪੰਜਾਬ ਹੈਲਪ ਲਾਈਨ ਨੰਬਰ '100' ਨੂੰ ਅਗਲੇ 2 ਮਹੀਨਿਆਂ 'ਚ ਬਦਲ ਦੇਵੇਗਾ।