ਜ਼ਿਲ੍ਹਾ ਮਾਲ ਅਧਿਕਾਰੀ ਲੁਧਿਆਣਾ ਨੂੰ 25 ਹਜ਼ਾਰ ਜੁਰਮਾਨੇ ਦਾ ਨੋਟਿਸ

Monday, Sep 13, 2021 - 02:01 PM (IST)

ਚੰਡੀਗੜ੍ਹ (ਸ਼ਰਮਾ) : ਸੂਚਨਾ ਦਾ ਅਧਿਕਾਰ ਐਕਟ ਦੇ ਪ੍ਰਾਵਧਾਨਾਂ ਨੂੰ ਹਲਕੇ ਨਾਲ ਲੈਣ ਦੇ ਚੱਲਦਿਆਂ ਰਾਜ ਸੂਚਨਾ ਕਮਿਸ਼ਨ ਨੇ ਲੁਧਿਆਣਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਅਧੀਨ ਜ਼ਿਲ੍ਹਾ ਮਾਲ ਅਧਿਕਾਰੀ ਅਤੇ ਸੂਚਨਾ ਅਧਿਕਾਰੀ ਜੋਗਿੰਦਰ ਸਿੰਘ ਨੂੰ 25 ਹਜ਼ਾਰ ਜੁਰਮਾਨੇ ਦਾ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਅਤੇ ਮਾਮਲੇ ਦੀ ਸੁਣਵਾਈ ਦੀ ਅਗਲੀ ਤਾਰੀਖ਼ 'ਤੇ ਨਿੱਜੀ ਤੌਰ 'ਤੇ ਮੌਜੂਦ ਹੋਣ ਦੇ ਨਿਰਦੇਸ਼ ਦਿੱਤੇ ਹਨ, ਨਹੀਂ ਤਾਂ ਮਾਮਲੇ ’ਤੇ ਇਕ ਪੱਖੀ ਫ਼ੈਸਲਾ ਸੁਣਾਇਆ ਜਾ ਸਕਦਾ ਹੈ। ਇਹੀ ਨਹੀਂ ਕਮਿਸ਼ਨ ਨੇ ਮਾਮਲੇ ’ਤੇ ਆਵੇਦਨ ਕਰਤਾ ਨੂੰ ਮੁਆਵਜ਼ਾ ਦਿੱਤੇ ਜਾਣ ਦਾ ਵੀ ਜ਼ਿਕਰ ਕੀਤਾ ਹੈ, ਜਿਸ ਦਾ ਭੁਗਤਾਨ ਆਖ਼ਰ ਪਬਲਿਕ ਅਥਾਰਟੀ ਜਾਂ ਸੂਚਨਾ ਅਧਿਕਾਰੀ ਨੂੰ ਕਰਨਾ ਪੈ ਸਕਦਾ ਹੈ।

ਰਾਜ ਸੂਚਨਾ ਕਮਿਸ਼ਨ ਦੇ ਮੁੱਖ ਸੂਚਨਾ ਕਮਿਸ਼ਨਰ ਸੁਰੇਸ਼ ਅਰੋੜਾ ਨੇ ਇਹ ਹੁਕਮ ਲੁਧਿਆਣਾ ਨਿਵਾਸੀ ਕਮਲੇਸ਼ ਕੁਮਾਰੀ ਵਲੋਂ ਦਰਜ ਅਪੀਲ ਦੀ ਸੁਣਵਾਈ ਤੋਂ ਬਾਅਦ ਜਾਰੀ ਕੀਤੇ। ਹੁਕਮਾਂ ਅਨੁਸਾਰ ਨਾ ਤਾਂ ਜ਼ਿਲ੍ਹਾ ਮਾਮਲਾ ਅਧਿਕਾਰੀ ਅਤੇ ਸੂਚਨਾ ਅਧਿਕਾਰੀ ਵਲੋਂ ਕਮਲੇਸ਼ ਕੁਮਾਰੀ ਵਲੋਂ ਮੰਗੀ ਗਈ ਜਾਣਕਾਰੀ ਪ੍ਰਦਾਨ ਕੀਤੀ ਗਈ ਅਤੇ ਨਾ ਹੀ ਪਹਿਲਾਂ ਐਪੀਲੀਏਟ ਅਥਾਰਟੀ ਨੇ ਉਸ ਵਲੋਂ ਦਰਜ ਅਪੀਲ ’ਤੇ ਕੋਈ ਫ਼ੈਸਲਾ ਲਿਆ ਹੈ। ਇਸ ਤੋਂ ਬਾਅਦ ਉਸ ਨੂੰ ਕਮਿਸ਼ਨ ਦਾ ਦਰਵਾਜਾ ਖੜਕਾਉਣਾ ਪਿਆ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਤੇ ਸੂਚਨਾ ਅਧਿਕਾਰੀ ਵਲੋਂ ਐਕਟ ਦੇ ਪ੍ਰਾਵਧਾਨਾਂ ਨੂੰ ਹਲਕੇ ਨਾਲ ਲੈਣ ਦੇ ਚੱਲਦੇ ਮੁੱਖ ਸੂਚਨਾ ਕਮਿਸ਼ਨਰ ਵਲੋਂ ਉਕਤ ਹੁਕਮ ਜਾਰੀ ਕੀਤੇ ਗਏ। ਮਾਮਲੇ ’ਤੇ ਅਗਲੀ ਸੁਣਵਾਈ 4 ਅਕਤੂਬਰ ਨੂੰ ਤੈਅ ਕੀਤੀ ਗਈ ਹੈ।


Babita

Content Editor

Related News