ਦਿੱਲੀ-ਅੰਮ੍ਰਿਤਸਰ ਕਟੜਾ ਐਕਸਪ੍ਰੈੱਸ ਹਾਈਵੇਅ ਤੇ ਰਿੰਗ ਰੋਡ ਅਧੀਨ ਆਉਣ ਵਾਲੇ ਪਿੰਡਾਂ ਦੇ ਨਹੀਂ ਵਧਾਏ ਕੁਲੈਕਟਰ ਰੇਟ

Sunday, Aug 27, 2023 - 11:43 AM (IST)

ਦਿੱਲੀ-ਅੰਮ੍ਰਿਤਸਰ ਕਟੜਾ ਐਕਸਪ੍ਰੈੱਸ ਹਾਈਵੇਅ ਤੇ ਰਿੰਗ ਰੋਡ ਅਧੀਨ ਆਉਣ ਵਾਲੇ ਪਿੰਡਾਂ ਦੇ ਨਹੀਂ ਵਧਾਏ ਕੁਲੈਕਟਰ ਰੇਟ

ਜਲੰਧਰ (ਚੋਪੜਾ)-ਡਿਪਟੀ ਕਮਿਸ਼ਨਰ ਵੱਲੋਂ ਬੀਤੀ ਰਾਤ ਕੱਲ੍ਹ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਜ਼ਮੀਨਾਂ ਦੇ ਕੁਲੈਕਟਰ ਰੇਟ ਨੂੰ ਲੈ ਕੇ ਨਵੀਂ ਰੇਟ ਲਿਸਟ ਨੂੰ ਅਪਰੂਵਲ ਦੇ ਦਿੱਤੀ ਗਈ ਹੈ ਪਰ ਸਾਲ 2023-24 ਦੇ ਨਵੇਂ ਕੁਲੈਕਟਰ ਰੇਟਸ ਨੂੰ ਫਾਈਨਲ ਕਰਨ ਦੌਰਾਨ ਦਿੱਲੀ-ਜੰਮੂ ਕਟੜਾ ਹਾਈਵੇਅ ਅਤੇ ਰਿੰਗ ਰੋਡ ਅਧੀਨ ਆਉਣ ਵਾਲੇ 19 ਪਿੰਡਾਂ ਦੇ ਕੁਲੈਕਟਰ ਰੇਟਾਂ ਨੂੰ ਦੂਰ ਹੀ ਰੱਖਿਆ ਗਿਆ ਹੈ, ਸਬ ਰਜਿਸਟਰਾਰ-2 ਅਧੀਨ ਆਉਂਦੇ ਇਨ੍ਹਾਂ ਪਿੰਡਾਂ ਨਾਲ ਸਬੰਧਤ ਜ਼ਮੀਨਾਂ ਦੇ ਕੁਲੈਕਟਰ ਰੇਟਾਂ ’ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਇਸ ਦੇ ਇਲਾਵਾ ਜ਼ਿਲ੍ਹੇ ’ਚ ਜਿੱਥੇ ਵੀ ਨੈਸ਼ਨਲ ਹਾਈਵੇਅ ਦੇ ਪ੍ਰਾਜੈਕਟ ਸ਼ੁਰੂ ਹੋ ਰਹੇ ਹਨ ਅਤੇ ਇਨ੍ਹਾਂ ਹਾਈਵੇਅ ਦੇ ਲੰਘਣ ਨਾਲ ਸਬੰਧਤ ਪਿੰਡਾਂ ’ਚ ਸਾਲ 2022-2023 ਦੇ ਕੁਲੈਕਟਰ ਰੇਟਾਂ ਨੂੰ ਮੁੜ ਲਾਗੂ ਕੀਤਾ ਗਿਆ।

ਸਬ ਰਜਿਸਟਰਾਰ-2 ਦੇ ਅਧਿਕਾਰ ਖੇਤਰ ’ਚ ਦਿੱਲੀ-ਜੰਮੂ ਕਟੜਾ ਹਾਈਵੇਅ ਅਤੇ ਰਿੰਗ ਰੋਡ ਨਾਲ ਸਬੰਧਤ ਇਨ੍ਹਾਂ 19 ਪਿੰਡਾਂ ’ਚ ਪੋਵਾਰ, ਸਦਾ ਚੱਕ, ਲੱਲੀਆਂ ਕਲਾਂ, ਕੁਰਾਲੀ, ਸਿੰਘ, ਚੱਕ ਰਾਮਪੁਰ ਲੱਲੀਆਂ, ਲੱਲੀਆਂ ਖੁਰਦ, ਤਲਵਾੜਾ, ਫਿਰੋਜ਼, ਚਮਿਆਰਾ, ਮੰਡ, ਗਾਜ਼ੀਪੁਰ, ਬਸਤੀ ਇਬ੍ਰਾਹਿਮ ਖਾਨ, ਸਹਿਝਾਂਗੀ, ਗਿੱਲ, ਜੰਡੂਸਿੰਘਾ, ਧੋਗੜੀ 1-2, ਮਦਾਰ, ਰਾਏਪੁਰ ਰਸੂਲਪੁਰ ਸ਼ਾਮਲ ਹਨ, ਜਿਨ੍ਹਾਂ ਦੀਆਂ ਜ਼ਮੀਨਾਂ ਦੇ ਕੁਲੈਕਟਰ ਰੇਟਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਓਧਰ ਸਬ ਰਜਿਸਟਰਾਰ-2 ਅਧੀਨ ਆਉਂਦੇ ਵਧੇਰੇ ਇਲਾਕਿਆਂ ’ਚ ਕੁਲੈਕਟਰ ਰੇਟ ’ਚ 10 ਫੀਸਦੀ ਤੱਕ ਵਧਾਏ ਗਏ ਹਨ ਪਰ ਕਈ ਇਲਾਕੇ ਅਜਿਹੇ ਹਨ ਜਿੱਥੇ 10 ਤੋਂ ਲੈ ਕੇ 90 ਫੀਸਦੀ ਤਕ ਕੁਲੈਕਟਰ ਰੇਟ ਵਧਾਏ ਗਏ ਹਨ। ਪਰ ਵੈਸਟ ਵਿਧਾਨ ਸਭਾ ਹਲਕੇ ਨਾਲ ਸਬੰਧਤ ਬਸਤੀ ਸ਼ੇਖ ’ਤੇ ਖ਼ੂਬ ਨਜ਼ਰ-ਏ-ਇਨਾਇਤ ਕੀਤੀ ਗਈ ਹੈ। ਬਸਤੀ ਸ਼ੇਖ ਇਲਾਕੇ ’ਚ 2022-23 ’ਚ ਐਗਰੀਕਲਚਰ ਰੇਟ 12 ਲੱਖ ਰੁਪਏ ਏਕੜ ਸੀ, ਉਥੇ ਦੀਆਂ ਜ਼ਮੀਨਾਂ ’ਤੇ ਕੋਈ ਵਾਧਾ ਨਾ ਕਰਦੇ ਹੋਏ ਨਵੇਂ ਕੁਲੈਕਟਰ ਰੇਟ ਵੀ 12 ਲੱਖ ਰੁਪਏ ਹੀ ਰੱਖਿਆ ਗਿਆ ਹੈ ਜਦਕਿ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਨੂੰ 1.20 ਲੱਖ ਰੁਪਏ ਮਰਲਾ ਤੋਂ ਸਿਰਫ਼ 4 ਫ਼ੀਸਦੀ ਵਧਾਉਂਦੇ ਹੋਏ 1.25 ਲੱਖ ਰੁਪਏ ਮਰਲਾ ਕੀਤਾ ਗਿਆ ਹੈ ਅਤੇ ਕਮਰਸ਼ੀਅਲ ਪ੍ਰਾਪਰਟੀ ਦੇ ਰੇਟ 2.70 ਲੱਖ ਰੁਪਏ ਤੋਂ ਵਧਾ ਕੇ 3 ਲੱਖ ਰੁਪਏ ਮਰਲਾ ਰੱਖੇ ਗਏ ਹਨ। ਇਸੇ ਤਰ੍ਹਾਂ ਮੰਗੂ ਬਸਤੀ ’ਚ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਦੇ ਕੁਲੈਕਟਰ ਰੇਟ 1 ਲੱਖ ਤੋਂ 1.25 ਲੱਖ ਅਤੇ ਕਮਰਸ਼ੀਅਲ ਪ੍ਰਾਪਰਟੀ ਦੇ 2.75 ਲੱਖ ਤੋਂ 3 ਲੱਖ ਰੁਪਏ ਕੀਤੇ ਗਏ ਹਨ। ਅਵਤਾਰ ਨਗਰ ’ਚ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਦੇ ਕੁਲੈਕਟਰ ਰੇਟ 2.70 ਲੱਖ ਰੁਪਏ ਮਰਲਾ ਤੋਂ 7 ਫ਼ੀਸਦੀ ਵਧਾ ਕੇ 2.90 ਰੁਪਏ ਕੀਤੇ ਹਨ ਜਦਕਿ ਕਮਰਸ਼ੀਅਲ ਰੇਟ ’ਚ 0 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਫਰਾਰ ਕੈਦੀ ਦਾ ਪਿੱਛਾ ਕਰਦੀ ਪੁਲਸ ਗੱਡੀ 'ਚ ਬੈਠੇ ਦੂਜੇ ਕੈਦੀ ਨੂੰ ਭੁੱਲੀ, ਉਹ ਵੀ ਹੋਇਆ ਫਰਾਰ

ਭਾਰਗੋ ਕੈਂਪ ’ਚ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਨੂੰ 1 ਲੱਖ ਰੁਪਏ ਤੋਂ ਵਧਾ ਕੇ 1.05 ਲੱਖ ਰੁਪਏ ਅਤੇ ਕਮਰਸ਼ੀਅਲ ਪ੍ਰਾਪਰਟੀ ਨੂੰ 1.15 ਲੱਖ ਰੁਪਏ ਤੋਂ 1.40 ਲੱਖ ਰੁਪਏ ਕੀਤਾ ਗਿਆ ਹੈ। ਬੂਟਾ ਮੰਡੀ ਖੇਤਰ ’ਚ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਨੂੰ 1.50 ਲੱਖ ਰੁਪਏ ਤੋਂ 1.60 ਲੱਖ ਰੁਪਏ ਅਤੇ ਕਮਰਸ਼ੀਅਲ ਪ੍ਰਾਪਰਟੀ ਦੇ ਨਵੇਂ ਕੁਲੈਕਟਰ ਰੇਟ 6 ਲੱਖ ਰੁਪਏ ਤੋਂ ਵਧਾ ਕੇ 6.50 ਲੱਖ ਰੁਪਏ ਕਰ ਦਿੱਤੇ ਗਏ ਹਨ। ਨਵੇਂ ਕੁਲੈਕਟਰ ਰੇਟਾਂ ’ਚ ਅਜਿਹੀਆਂ ਨਾਬਰਾਬਰੀਆਂ ਵੇਖਣ ਨੂੰ ਮਿਲ ਰਹੀਆਂ ਹਨ ਕਿ ਕਿਸੇ ਇਲਾਕੇ ’ਚ ਪ੍ਰਾਪਰਟੀ ਰੇਟ 0 ਫੀਸਦੀ ਵਧੇ ਹਨ ਅਤੇ ਕਈ ਇਲਾਕਿਆਂ ’ਚ ਨਵੇਂ ਕੁਲੈਕਟਰ ਰੇਟ 4 ਫ਼ੀਸਦੀ ਤੋਂ ਲੈ ਕੇ ਬੇਤਹਾਸ਼ਾ ਵਧਾ ਦਿੱਤੇ ਗਏ ਹਨ। ਜ਼ਿਲ੍ਹੇ ’ਚ ਨਵੇਂ ਕੁਲੈਕਟਰ ਰੇਟ ਲਾਗੂ ਹੋਣ ਦੀ ਸਭ ਤੋਂ ਵੱਡੀ ਮਾਰ ਗਰੀਬ ਵਰਗ ’ਤੇ ਪਵੇਗੀ, ਇਸ ਵਰਗ ਲਈ ਆਪਣਾ ਘਰ ਬਣਾਉਣਾ ਮਹਿੰਗਾ ਹੋ ਜਾਵੇਗਾ। ਨਵੇਂ ਕੁਲੈਕਟਰ ਰੇਟ ’ਚ ਸਲੱਮ ਏਰੀਆ ਸਮੇਤ ਸ਼ਹਿਰ ਦੇ ਬਾਹਰੀ ਖੇਤਰਾਂ ’ਚ ਖੁੰਬਾਂ ਵਾਂਗ ਪੈਦਾ ਹੋਈਆਂ ਨਾਜਾਇਜ਼ ਕਾਲੋਨੀਆਂ ’ਚ ਛੋਟੇ-ਛੋਟੇ ਪਲਾਟ ਲੈ ਕੇ ਆਸ਼ਿਆਨੇ ਬਣਾਉਣ ਵਾਲੇ ਲੋਕਾਂ ਨੂੰ ਹੁਣ ਰਜਿਸਟਰੀ ਕਰਾਉਣ ਦੌਰਾਨ 10 ਫ਼ੀਸਦੀ ਅਤੇ ਇਸ ਤੋਂ ਵੱਧ ਵਧੇ ਕੁਲੈਕਟਰ ਰੇਟ ’ਤੇ ਹੀ ਈ-ਅਸ਼ਟਾਮ ਖਰੀਦਣਾ ਅਤੇ ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਮਕਸੂਦਾਂ, ਲੰਮਾ ਪਿੰਡ, ਹੁਸ਼ਿਆਰਪੁਰ ਰੋਡ, ਸਲੇਮਪੁਰ, ਸਲੇਮਪੁਰ ਮੁਸਲਮਾਨਾਂ, ਇੰਡਸਟ੍ਰੀਅਲ ਏਰੀਆ, ਰੰਧਾਵਾ ਮਸੰਦਾਂ, ਬਸਤੀਆਂ ਸਮੇਤ ਕਈ ਅਜਿਹੇ ਇਲਾਕੇ ਹਨ ਜਿੱਥੇ ਕੱਟੀਆਂ ਗਈਆਂ ਨਾਜਾਇਜ਼ ਕਾਲੋਨੀਆਂ ’ਚ ਕਾਰੋਬਾਰ ਕਰਨ ਵਾਲੇ ਪ੍ਰਾਪਰਟੀ ਕਾਰੋਬਾਰੀ ਪਹਿਲਾਂ ਹੀ ਐੱਨ. ਓ. ਸੀ. ਜਾਰੀ ਨਾ ਹੋਣ ਕਾਰਨ ਪ੍ਰੇਸ਼ਾਨ ਚੱਲ ਰਹੇ ਹਨ। ਇਨ੍ਹਾਂ ਨਾਜਾਇਜ਼ ਕਾਲੋਨੀਆਂ ’ਚ ਪਲਾਂਟਾਂ ਦੀ ਖ਼ਰੀਦੋ-ਫਰੋਖਤ ਨੂੰ ਲੈ ਕੇ ਪਹਿਲਾਂ ਹੀ ਬ੍ਰੇਕ ਲੱਗ ਚੁੱਕੀ ਹੈ ਅਤੇ ਹੁਣ ਵਧੇ ਹੋਏ ਕੁਲੈਕਟਰ ਰੇਟਾਂ ਨਾਲ ਉਨ੍ਹਾਂ ਨੂੰ ਦੋਹਰੀ ਮਾਰ ਪਵੇਗੀ।

ਐਲਡਿਕੋ ਗ੍ਰੀਨਜ਼ ’ਚ 60 ਤੋਂ ਲੈ ਕੇ 90 ਫੀਸਦੀ ਤਕ ਵਧੇ ਕੁਲੈਕਟਰ ਰੇਟ
ਜ਼ਿਲ੍ਹੇ ’ਚ ਨਵੇਂ ਕੁਲੈਕਟਰ ਰੇਟਾਂ ਦੀ ਅਪਰੂਵਲ ਦੌਰਾਨ ਨਕੋਦਰ ਰੋਡ ’ਤੇ ਐਲਡਿਕੋ ਗ੍ਰੀਨਜ਼ ਪ੍ਰਾਜੈਕਟ ’ਚ ਕੁਲੈਕਟਰ ਰੇਟਾਂ ਦੀ ਸਭ ਤੋਂ ਜ਼ਿਆਦਾ ਲਗਭਗ 60 ਫੀਸਦੀ ਤੋਂ ਲੈ ਕੇ 90 ਫੀਸਦੀ ਤਕ ਦੀ ਰੱਦੋਬਦਲ ਕੀਤੀ ਗਈ ਹੈ। ਇਸ ਪ੍ਰਾਜੈਕਟ ’ਚ ਸਾਲ 2022-23 ’ਚ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਰੇਟ 3.50 ਲੱਖ ਰੁਪਏ ਪ੍ਰਤੀ ਮਰਲਾ ਸੀ, ਉਸ ਨੂੰ ਹੁਣ ਵਧਾ ਕੇ 5.50 ਲੱਖ ਰੁਪਏ ਪ੍ਰਤੀ ਮਰਲਾ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇਸ ਪ੍ਰਾਜੈਕਟ ’ਚ ਕਮਰਸ਼ੀਅਲ ਪ੍ਰਾਪਰਟੀ ਦਾ ਕੁਲੈਕਟਰ ਰੇਟ 5.50 ਲੱਖ ਰੁਪਏ ਪ੍ਰਤੀ ਮਰਲਾ ਸੀ ਜਿਸ ਨੂੰ ਨਵੇਂ ਕੁਲੈਕਟਰ ਰੇਟ ’ਚ 8 ਲੱਖ ਰੁਪਏ ਪ੍ਰਤੀ ਮਰਲਾ ਕਰ ਦਿੱਤਾ ਗਿਆ ਹੈ। ਹੁਣ ਇਸ ਪ੍ਰਾਜੈਕਟ ’ਚ ਪ੍ਰਾਪਰਟੀ ਦੀ ਰਜਿਸਟਰੀ ਕਰਾਉਣ ਵਾਲਿਆਂ ਨੂੰ ਨਵੇਂ ਰੇਟਾਂ ’ਤੇ ਹੀ ਈ-ਅਸ਼ਟਾਮ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸ ਨੂੰ ਅਦਾ ਕਰਨਾ ਹੋਵੇਗਾ।

ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ: ਕੈਨੇਡਾ 'ਚ ਟਰਾਲੇ ਨਾਲ ਹਾਦਸਾ ਹੋਣ ਮਗਰੋਂ ਕਾਰ ਨੂੰ ਲੱਗੀ ਅੱਗ, ਜਿਊਂਦਾ ਸੜਿਆ ਬੇਗੋਵਾਲ ਦਾ ਨੌਜਵਾਨ

PunjabKesari

ਜਲੰਧਰ ਹਾਈਟਸ ’ਚ 10 ਤੋਂ 13 ਫ਼ੀਸਦੀ ਵਧੇ ਕੁਲੈਕਟਰ ਰੇਟ
ਫੋਲੜੀਵਾਲ ਅਧੀਨ ਆਉਂਦੀ 66 ਫੁੱਟੀ ਰੋਡ ’ਚ ਸਭ ਤੋਂ ਵੱਧ ਹਾਟ ਜਲੰਧਰ ਹਾਈਟਸ ਪ੍ਰਾਜੈਕਟ ਨੂੰ ਨਵੇਂ ਕੁਲੈਕਟਰ ਰੇਟ ’ਚ ਚੰਗੀ ਰਾਹਤ ਮਿਲੀ ਹੈ। ਇਸ ਪ੍ਰਾਜੈਕਟ ਦੇ ਕੁਲੈਕਟਰ ਰੇਟਾਂ ਨੂੰ 10 ਤੋਂ ਲੈ ਕੇ 13 ਫੀਸਦੀ ਤਕ ਵਧਾਇਆ ਗਿਆ ਹੈ। ਜਲੰਧਰ ਹਾਈਟਸ-1 ਅਤੇ 2 ਦੇ ਫਲੈਟ ’ਚ ਗ੍ਰਾਊਂਡ ਫਲੋਰ ਦੀ ਪ੍ਰਾਪਰਟੀ ਦਾ ਰੇਟ 1800 ਰੁਪਏ ਪ੍ਰਤੀ ਗਜ਼ ਨਿਰਧਾਰਿਤ ਸੀ, ਉਸ ਨੂੰ ਹੁਣ 2000 ਰੁਪਏ ਪ੍ਰਤੀ ਗਜ਼ ਕਰ ਦਿੱਤਾ ਗਿਆ ਹੈ ਜਦਕਿ ਫਸਟ ਫਲੋਰ ਦਾ ਜੋ ਰੇਟ 1600 ਰੁਪਏ ਪ੍ਰਤੀ ਗਜ਼ ਹੈ, ਉਸ ਨੂੰ ਹੁਣ ਵਧਾ ਕੇ 1800 ਰੁਪਏ ਪ੍ਰਤੀ ਗਜ਼ ਕਰ ਦਿੱਤਾ ਗਿਆ ਹੈ। ਇਸ ਤੋਂ ਉਪਰ ਦੀ ਮੰਜ਼ਿਲ ਦੇ ਫਲੈਟ ਦੇ ਵੀ ਵੱਖ-ਵੱਖ ਰੇਟ ਰੱਖੇ ਗਏ ਹਨ। ਹਾਲਾਂਕਿ ਜਲੰਧਰ ਹਾਈਟਸ ’ਚ ਅਜੇ ਤੱਕ ਕਮਰਸ਼ੀਅਲ ਪ੍ਰਾਪਰਟੀ ਦੇ ਕੁਲੈਕਟਰ ਰੇਟ ਨਿਰਧਾਰਿਤ ਨਹੀਂ ਕੀਤੇ ਗਏ ਪਰ ਨਵੇਂ ਕੁਲੈਕਟਰ ਰੇਟ ਰਿਵਾਈਜ਼ ਕਰਨ ਦੌਰਾਨ ਇਸ ਪ੍ਰਾਜੈਕਟ ’ਚ ਕਮਰਸ਼ੀਅਲ ਪ੍ਰਾਪਰਟੀ ਦਾ ਨਵਾਂ ਕੋਡ ਐੱਨ. ਜੀ. ਡੀ. ਆਰ. ਐੱਸ. ਸਾਫਟਵੇਅਰ ’ਚ ਅਪਡੇਟ ਕਰਦੇ ਹੋਏ ਕਮਰਸ਼ੀਅਲ ਪ੍ਰਾਪਰਟੀ ਦਾ ਕੁਲੈਕਟਰ ਰੇਟ ਸਿਰਫ 2.50 ਲੱਖ ਰੁਪਏ ਪ੍ਰਤੀ ਮਰਲਾ ਨਿਰਧਾਰਿਤ ਕਰ ਦਿੱਤਾ ਗਿਆ ਹੈ।

ਨਵੇਂ ਕੁਲੈਕਟਰ ਰੇਟ ਤੈਅ ਕਰਦੇ ਸਮੇਂ ‘ਆਪ’ ਦੇ ਪ੍ਰਤੀਨਿਧੀਆਂ ਨੂੰ ਵੀ ਭਰੋਸੇ ’ਚ ਨਹੀਂ ਲਿਆ ਗਿਆ
ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਪਿੱਛੋਂ ਲੋਕਾਂ ਨੂੰ ਆਸ ਸੀ ਕਿ ਹੁਣ ਬਦਲਾਅ ਦੀ ਸਿਆਸਤ ਦਾ ਵਾਅਦਾ ਕਰਨ ਵਾਲੀ ਸਰਕਾਰ ਉਨ੍ਹਾਂ ਨੂੰ ਅਫਸਰਸ਼ਾਹੀ ਤੋਂ ਰਾਹਤ ਦਿਵਾਏਗੀ ਪਰ ਸਰਕਾਰ ਦੇ 2 ਸਾਲ ਦੇ ਸ਼ਾਸਨਕਾਲ ’ਚ ਅਜਿਹਾ ਦੂਜੀ ਵਾਰ ਹੋਇਆ ਹੈ ਕਿ ਜ਼ਿਲੇ ’ਚ ਪ੍ਰਾਪਰਟੀ ਦੇ ਕੁਲੈਕਟਰ ਰੇਟ ਰਿਵਾਈਜ਼ ਕੀਤੇ ਗਏ ਹਨ ਪਰ ਦੋਨੋਂ ਵਾਰ ਆਮ ਆਦਮੀ ਪਾਰਟੀ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਭਰੋਸੇ ’ਚ ਨਹੀਂ ਲਿਆ ਗਿਆ। ਪੁਸ਼ਟ ਸੂਤਰਾਂ ਦੀ ਮੰਨੀਏ ਤਾਂ ਅਧਿਕਾਰੀਆਂ ਨੇ ਨਵੇਂ ਕੁਲੈਕਟਰ ਰੇਟ ਦੀਆਂ ਲਿਸਟਾਂ ਬਣਾਉਂਦੇ ਸਮੇਂ ਚੁਣੇ ਹੋਏ ਪ੍ਰਤੀਨਿਧੀਆਂ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ। ਆਪਣੀ ਮਰਜ਼ੀ ਨਾਲ ਕੁਲੈਕਟਰ ਰੇਟ ਤੈਅ ਕਰ ਕੇ ਨਵੀਆਂ ਲਿਸਟਾਂ ਅਪਰੂਵਲ ਲਈ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਭੇਜ ਦਿੱਤੀਆਂ ਸਨ। ਹਾਲਾਂਕਿ ਅਧਿਕਾਰੀਆਂ ਦਾ ਦਾਅਵਾ ਹੈ ਕਿ ਸਾਲ 2023-24 ਦੇ ਕੁਲੈਕਟਰ ਰੇਟ ਨੂੰ ਸੋਧਣ ਲਈ ਵਸੀਕਾ ਨਵੀਸ, ਨੰਬਰਦਾਰ ਅਤੇ ਹੋਰ ਪਤਵੰਤੇ ਵਿਅਕਤੀਆਂ ਨਾਲ ਬੈਠਕ ਕਰ ਕੇ ਤਜਵੀਜ਼ਤ ਕੁਲੈਕਟਰ ਰੇਟ ਤਿਆਰ ਹੋਏ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਸ਼ਰੇਆਮ ਦੋ ਸਕੇ ਭਰਾਵਾਂ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ

ਪੰਜਾਬ ’ਚ ਕਿੰਨੇ ਫੀਸਦੀ ਵਸੂਲ ਹੁੰਦੀ ਹੈ ਈ-ਅਸ਼ਟਾਮ ਡਿਊਟੀ ਤੇ ਰਜਿਸਟ੍ਰੇਸ਼ਨ ਫੀਸ
ਪੰਜਾਬ ਸਰਕਾਰ ਹਰੇਕ ਲੈਵਲ ਦੀ ਪ੍ਰਾਪਰਟੀ ਦੀ ਰਜਿਸਟਰੀ ਦੌਰਾਨ ਮਰਦ ਖਰੀਦਦਾਰ ਤੋਂ 6 ਫੀਸਦੀ ਈ-ਅਸ਼ਟਾਮ ਡਿਊਟੀ ਵਸੂਲਦੀ ਹੈ ਜਦਕਿ ਔਰਤਾਂ ਦੇ ਨਾਂ ’ਤੇ ਘਰ ਅਤੇ ਪ੍ਰਾਪਰਟੀ ਦੀ ਖਰੀਦ ਨੂੰ ਵੱਧ ਹੁਲਾਰਾ ਦੇਣ ਲਈ ਈ-ਅਸ਼ਟਾਮ ਡਿਊਟੀ ’ਚ 2 ਫੀਸਦੀ ਦੀ ਰਿਆਇਤ ਦੇ ਕੇ ਇਸ ਨੂੰ 4 ਫੀਸਦੀ ਨਿਰਧਾਰਿਤ ਕੀਤਾ ਹੈ। ਜੇ ਕਿਸੇ ਪ੍ਰਾਪਰਟੀ ਦੀ ਖਰੀਦਦਾਰੀ ਮਹਿਲਾ ਅਤੇ ਮਰਦ ਦੋਵਾਂ ਦੇ ਜੁਆਇੰਟ ਨਾਂ ’ਤੇ ਹੋ ਰਹੀ ਹੈ ਤਾਂ ਈ-ਅਸ਼ਟਾਮ ਰਜਿਸਟ੍ਰੇਸ਼ਨ ਫੀਸ 5 ਫੀਸਦੀ ਵਸੂਲ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਅਸ਼ਟਾਮ ਡਿਊਟੀ ਦੀ ਗਿਣਤੀ ਕੁਲੈਕਟਰ ਰੇਟ ਜਾਂ ਖਰੀਦਦਾਰ ਵੱਲੋਂ ਉਸ ਤੋਂ ਵੱਧ ਐਲਾਨੀ ਕੀਮਤ ਦੇ ਆਧਾਰ ’ਤੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਹਰੇਕ ਖ਼ਰੀਦਦਾਰ ਤੋਂ 3 ਤਰ੍ਹਾਂ ਦੀ ਫੀਸ ਵਸੂਲ ਕੀਤੀ ਜਾਂਦੀ ਹੈ ਜਿਸ ’ਚ 1 ਫ਼ੀਸਦੀ ਰਜਿਸਟ੍ਰੇਸ਼ਨ ਫੀਸ ਪੰਜਾਬ ਇਨਫ੍ਰਾਸਟ੍ਰੱਕਚਰ ਡਿਵੈਲਪਮੈਂਟ ਬੋਰਡ ਫੀਸ ਅਤੇ 0.25 ਫ਼ੀਸਦੀ ਫੀਸ ਸਪੈਸ਼ਲ ਪੰਜਾਬ ਇਨਫ੍ਰਾਸਟ੍ਰੱਕਚਰ ਡਿਵੈਲਪਮੈਂਟ ਬੋਰਡ ਦੀ ਹੁੰਦੀ ਹੈ। ਵਰਨਣਯੋਗ ਹੈ ਕਿ ਈ-ਅਸ਼ਟਾਮ ਫੀਸ ਅਤੇ ਰਜਿਸਟ੍ਰੇਸ਼ਨ ਫੀਸ ਵੱਖ-ਵੱਖ ਸੂਬਿਆਂ ’ਚ ਵੱਖ-ਵੱਖ ਹੈ।

ਰੈਵੀਨਿਊ ਨੂੰ ਵਧਾਉਣ ਅਤੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਦੇ ਮਕਸਦ ਨਾਲ ਵਧਾਏ ਕੁਲੈਕਟਰ ਰੇਟ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਰੈਵੀਨਿਊ ਨੂੰ ਵਧਾਉਣ ਅਤੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਦੇ ਮਕਸਦ ਨਾਲ ਜ਼ਿਲਾ ਜਲੰਧਰ ’ਚ ਸਾਲ 2023-24 ਲਈ ਨਵੇਂ ਕੁਲੈਕਟਰ ਰੇਟ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲਾ ਜਲੰਧਰ ’ਚ ਆਉਣ ਵਾਲੀ ਭੂਮੀ ਤੇ ਜਾਇਦਾਦਾਂ ਦੀ ਘੱਟੋ-ਘੱਟ ਕੀਮਤ, ਪੰਜਾਬ ਅਸ਼ਟਾਮ (ਅੰਡਰ ਵੈਲਿਊ ਇੰਸਟਰੂਮੈਂਟਸ ਦਾ ਲੈਣ-ਦੇਣ) ਨਿਯਮ, 1983 ਦੇ ਨਿਯਮ 3-ਏ ਦੇ ਅਧੀਨ ਜ਼ਿਲਾ ਕੁਲੈਕਟਰ ਵੱਲੋਂ ਪ੍ਰਦਾਨ ਅਧਿਕਾਰਾਂ ਮੁਤਾਬਕ ਕਿਸੇ ਵੀ ਜਾਇਦਾਦ ਦਾ ਟ੍ਰਾਂਸਫਰ ਖੇਤਰ ਅਤੇ ਸ਼੍ਰੇਣੀ ਦੇ ਅਨੁਸਾਰ ਤੇ ਸ਼ਾਸਨ ਦੇ ਹੁਕਮ ਅਨੁਸਾਰ ਅਸ਼ਟਾਮ ਫੀਸ ਲਾਉਣ ਦੇ ਮਕਸਦ ਨਾਲ ਇਸ ਦਾ ਨਿਰਧਾਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਦਰਾਂ ਵੱਖ-ਵੱਖ ਸਬੰਧਤ ਧਿਰਾਂ ਦੇ ਨਾਲ ਵਿਚਾਰ-ਵਟਾਂਦਰੇ ਦੇ ਬਾਅਦ ਰੈਵੀਨਿਊ ਅਧਿਕਾਰੀਆਂ ਵੱਲੋਂ ਕੀਤੀਆਂ ਗਈਆਂ ਸਿਫ਼ਾਰਿਸ਼ਾਂ ਦੇ ਆਧਾਰ ’ਤੇ ਤੈਅ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਰੈਵੀਨਿਊ ਅਧਿਕਾਰੀਆਂ ਨਾਲ ਲੋਕਾਂ ਨੂੰ ਪ੍ਰਾਪਰਟੀ ਰਜਿਸਟ੍ਰੇਸ਼ਨ ਦੀਆਂ ਨਵੀਆਂ ਦਰਾਂ ਬਾਰੇ ਸੂਚਿਤ ਕਰਨ ਲਈ ਬੈਨਰ ਤੇ ਬੋਰਡ ਲਗਾਉਣ ਨੂੰ ਵੀ ਕਿਹਾ ਹੈ।

ਇਹ ਵੀ ਪੜ੍ਹੋ-  ਜਲੰਧਰ: ਆਨਲਾਈਨ ਨੂਡਲਜ਼ ਮੰਗਵਾ ਕੇ ਖਾਣ ਵਾਲੇ ਹੋ ਜਾਣ ਸਾਵਧਾਨ, ਹੁਣ ਨਿਕਲਿਆ ਮਰਿਆ ਹੋਇਆ ਚੂਹਾ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News