ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ ਅੱਡਾ ਖੁੱਡਾ

Wednesday, Jul 05, 2017 - 03:44 PM (IST)

ਟਾਂਡਾ(ਜਸਵਿੰਦਰ)— ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਪੈਂਦੇ ਅੱਡਾ ਖੁੱਡਾ ਵਿਖੇ ਬੱਸ ਸਟਾਪ 'ਤੇ ਕੋਈ ਵੀ ਬੁਨਿਆਦੀ ਸਹੂਲਤ ਮੁਹੱਈਆ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਅੱਡਾ ਖੁੱਡਾ ਵਿਖੇ ਬੱਸ ਦੀ ਉਡੀਕ ਕਰਨ ਵਾਲੀਆਂ ਸਵਾਰੀਆਂ ਨੂੰ ਗਰਮੀਆਂ ਤੇ ਸਰਦੀਆਂ 'ਚ ਖੁੱਲ੍ਹੇ ਆਸਮਾਨ ਹੇਠ ਖੜ੍ਹੇ ਹੋਣ ਲਈ ਮਜਬੂਰ ਹੋਣਾ ਪੈਂਦਾ ਹੈ। 
ਦਰਜਨਾਂ ਪਿੰਡਾਂ ਨੂੰ ਲੱਗਣ ਵਾਲੇ ਇਸ ਅੱਡੇ ਉੱਪਰ ਸਿਰ ਢਕਣ ਲਈ ਸ਼ੈੱਡ ਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਅੱਡੇ 'ਤੇ ਬੱਸਾਂ ਵਾਲੇ ਵੀ ਆਪਣੀ ਮਨਮਰਜ਼ੀ ਕਰਦੇ ਹਨ। ਦਿਲ ਕਰੇ ਤਾਂ ਬੱਸ ਰੋਕ ਕੇ ਸਵਾਰੀਆਂ ਚੜ੍ਹਾ ਲੈਂਦੇ ਹਨ, ਨਹੀਂ ਤਾਂ ਕਈ-ਕਈ ਘੰਟੇ ਉਨ੍ਹਾਂ ਨੂੰ ਉਥੇ ਖੜ੍ਹ ਕੇ ਬੱਸਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਇਸ ਮਸ਼ਹੂਰ ਅੱਡੇ 'ਤੇ ਆਉਣ-ਜਾਣ ਵਾਲੀਆਂ ਸਵਾਰੀਆਂ ਲਈ ਸ਼ੈੱਡ ਦਾ ਇੰਤਜ਼ਾਮ ਕੀਤਾ ਜਾਵੇ। ਪ੍ਰਾਈਵੇਟ ਤੇ ਸਰਕਾਰੀ ਬੱਸਾਂ ਦੇ ਚਾਲਕਾਂ ਨੂੰ ਇਸ ਅੱਡੇ 'ਤੇ ਬੱਸਾਂ ਰੋਕਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਨਾਲ-ਨਾਲ ਸਵਾਰੀਆਂ ਦੇ ਪੀਣ ਲਈ ਪਾਣੀ ਦਾ ਵੀ ਇੰਤਜ਼ਾਮ ਕੀਤਾ ਜਾਵੇ।


Related News