ਰਾਜ ਸਭਾ ਲਈ ਬਾਹਰਲੇ ਵਿਅਕਤੀ ਨਾਮਜ਼ਦ ਕਰ ‘ਆਪ’ ਨੇ ਪੰਜਾਬ ਤੇ ਪੰਜਾਬੀਅਤ ਨੂੰ ਮਾਰੀ ਵੱਡੀ ਸੱਟ : ਅਕਾਲੀ ਦਲ

Monday, Mar 21, 2022 - 09:35 PM (IST)

ਰਾਜ ਸਭਾ ਲਈ ਬਾਹਰਲੇ ਵਿਅਕਤੀ ਨਾਮਜ਼ਦ ਕਰ ‘ਆਪ’ ਨੇ ਪੰਜਾਬ ਤੇ ਪੰਜਾਬੀਅਤ ਨੂੰ ਮਾਰੀ ਵੱਡੀ ਸੱਟ : ਅਕਾਲੀ ਦਲ

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਬਾਹਰਲੇ ਵਿਅਕਤੀ ਨਾਮਜ਼ਦ ਕਰ ਕੇ ਪੰਜਾਬ ਤੇ ਪੰਜਾਬੀਅਤ ਨੂੰ ਪਹਿਲੀ ਵੱਡੀ ਸੱਟ ਮਾਰੀ ਹੈ। ਉਸ ਨੇ ਅਜਿਹਾ ਕਰਦਿਆਂ ਸੂਬੇ ਦੇ ਲੋਕਾਂ ਨਾਲ ਧੋਖਾ ਕੀਤਾ ਹੈ, ਜਦਕਿ ਲੋਕਾਂ ਨੇ ਵਿਆਪਕ ਹਾਂ-ਪੱਖੀ ਬਦਲਾਅ ਲਿਆਉਣ ਲਈ ਇਸ ਦੀ ਗੱਲ ’ਤੇ ਵਿਸ਼ਵਾਸ ਕੀਤਾ ਤੇ ਪਾਰਟੀ ਨੂੰ ਇਹ ਬਦਲਾਅ ਲਿਆਉਣ ਵਾਸਤੇ ਵੱਡਾ ਫ਼ਤਵਾ ਦਿੱਤਾ। ਇਥੇ ਜਾਰੀ ਕੀਤੇ ਇਕ ਬਿਆਨ ’ਚ ਅਕਾਲੀ ਦਲ ਦੇ ਵਿਧਾਨਕਾਰ ਦਲ ਦੇ ਨੇਤਾ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ‘ਇਸੇ ਬਦਲਾਅ ਦੀ ਗੱਲ ਆਮ ਆਦਮੀ ਪਾਰਟੀ ਕਰ ਰਹੀ ਸੀ? ਪੰਜਾਬ ਪੱਖੀ ਤੇ ਪੰਜਾਬੀਅਤ ਪੱਖੀ ਬਦਲਾਅ ਲਿਆਉਣ ਤੋਂ ਕੋਹਾਂ ਦੂਰ ਆਮ ਆਦਮੀ ਪਾਰਟੀ ਨੇ ਰਾਜ ਸਭਾ ਟਿਕਟਾਂ ਵਾਪਰੀਆਂ ਨੂੰ ਦੇ ਕੇ ਪੰਜਾਬੀਆਂ ਨਾਲ ਵੱਡਾ ਧੋਖਾ ਕੀਤਾ। ਇਹੀ ਧੋਖਾ ਇਸ ਨੇ ਪਹਿਲਾਂ ਦਿੱਲੀ ’ਚ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਨੇ ਆਪਣੀਆ ਟਿਕਟਾਂ ਨਾਲ ਪਿੱਛੇ ਕਮਰੇ ਵਿਚ ਬਹਿ ਕੇ ਰਣਨੀਤੀ ਘੜਨ ਵਾਲਿਆਂ ਨੂੰ ਇਨਾਮਾਂ ਨਾਲ ਨਿਵਾਜਿਆ ਹੈ। ਅਜਿਹਾ ਕਰਦਿਆਂ ਇਸ ਨੇ ਉਨ੍ਹਾਂ ਹਜ਼ਾਰਾਂ ਪਾਰਟੀ ਵਰਕਰਾਂ ਨੂੰ ਅਣਡਿੱਠ ਕੀਤਾ ਹੈ, ਜਿਨ੍ਹਾਂ ਦਾ ਹੱਕ ਬਣਦਾ ਸੀ ਤੇ ਨਾਲ ਹੀ ਉਹ ਪੰਜਾਬੀ ਅਣਗੌਲੇ ਕੀਤੇ ਹਨ, ਜਿਨ੍ਹਾਂ ਦਾ ਇਸ ਮਾਣ ’ਤੇ ਹੱਕ ਬਣਦਾ ਸੀ।

ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ, ਕਿਹਾ-ਕਈ ਵਾਰ ਝੂਠਾ ਪ੍ਰਚਾਰ ਲੋਕਾਂ ’ਤੇ ਕਰ ਜਾਂਦੈ ਅਸਰ

ਉਨ੍ਹਾਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੂੰ ਰਾਜ ਸਭਾ ’ਚ ਭੇਜਣ ਲਈ ਕੋਈ ਪੰਥਕ ਪ੍ਰਤੀਨਿਧ ਨਹੀਂ ਲੱਭਿਆ। ਉਨ੍ਹਾਂ ਕਿਹਾ ਕਿ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੇ ਇਕ ਵੀ ਔਰਤ ਨੂੰ ਨਾਮਜ਼ਦ ਨਹੀਂ ਕੀਤਾ ਤੇ ਇਹ ਭੁੱਲ ਗਈ ਕਿ ਪਵਿੱਤਰ ਸਦਨ ਵਾਸਤੇ ਔਰਤਾਂ ਨੂੰ ਬਰਾਬਰ ਹੱਕ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਅਤ ਦੇ ਕਿਸੇ ਵੀ ਮੁੱਦਈ ਜਾਂ ਕਿਸੇ ਵੀ ਪ੍ਰਮੁੱਖ ਸਮਾਜਿਕ ਵਰਕਰ ਜਾਂ ਫਿਰ ਪੰਜਾਬ ਦੇ ਹੱਕਾਂ ਲਈ ਲੜਨ ਵਾਸਤੇ ਕਿਸੇ ਵੀ ਵਿਅਕਤੀ ਨੂੰ ਨਾਮਜ਼ਦ ਨਾ ਕਰਨ ਨਾਲ ਇਸ ਫ਼ੈਸਲੇ ਤੋਂ ਭਾਈ-ਭਤੀਜਾਵਾਦ ਦੀ ਬਦਬੂ ਆ ਰਹੀ ਹੈ ਤੇ ਇਹ ਸੂਬੇ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਅਣਡਿੱਠ ਕਰਨਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਪਹਿਲਾਂ ਇਹ ਖਦਸ਼ੇ ਪ੍ਰਗਟਾਏ ਗਏ ਕਿ ਆਮ ਆਦਮੀ ਪਾਰਟੀ ਨੂੰ ਦਿੱਲੀ ਤੋਂ ਰਿਮੋਟ ਕੰਟਰੋਲ ਨਾਲ ਚਲਾਇਆ ਜਾਵੇਗਾ ਤੇ ਹੁਣ ਹੌਲੀ-ਹੌਲੀ ਇਹ ਖ਼ਦਸ਼ੇ ਸੱਚੇ ਵੀ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅੰਦਰੂਨੀ ਲੋਕਤੰਤਰ ਅਨੁਸਾਰ ਚੱਲਣ ਦੇ ਵੱਡੇ-ਵੱਡੇ ਐਲਾਨ ਕਰਦੀ ਹੈ। ਮੈਂ ਇਹ ਨਹੀਂ ਮੰਨਦਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਇਸ ਸੂਚੀ ’ਤੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਜਵਾਬ ਦੇਣਾ ਚਾਹੀਦਾ ਹੈ ਤੇ ਇਹ ਦੱਸਣਾ ਚਾਹੀਦਾ ਹੈ ਕਿ ਕੀ ਸੂਚੀ ਬਾਰੇ ਪੰਜਾਬ ਇਕਾਈ ਤੇ ਇਸਦੇ ਕੋ-ਕਨਵੀਨਰ ਭਗਵੰਤ ਮਾਨ ਨਾਲ ਚਰਚਾ ਕੀਤੀ ਗਈ ਸੀ, ਜੇਕਰ ਨਹੀਂ ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਨੂੰ ਇਹ ਜਵਾਬ ਦੇਣ ਕਿ ਉਨ੍ਹਾਂ ਨੇ ਦਖਲ ਦੇ ਕੇ ਇਸ ਦਾ ਵਿਰੋਧ ਕਿਉਂ ਨਹੀਂ ਕੀਤਾ ਤੇ ਇਹ ਯਕੀਨੀ ਕਿਉਂ ਨਹੀਂ ਬਣਾਇਆ ਕਿ ਸਾਰੀਆਂ ਨਾਮਜ਼ਦਗੀਆਂ ਪੰਜਾਬੀਆਂ ਦੀਆਂ ਆਸਾਂ ਦਾ ਝਲਕਾਰਾ ਹੋਣ।

ਇਆਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਵੀ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪਾਰਟੀ ਨੂੰ ਰਾਜ ਸਭਾ ਲਈ ਨਾਮਜ਼ਦ ਕਰਨ ਵਾਸਤੇ ਇਕ ਵੀ ‘ਆਮ ਆਦਮੀ’ ਨਹੀਂ ਲੱਭਿਆ ਅਤੇ ਇਸ ਨੇ ਸਿਰਫ ‘ਖਾਸ ਆਦਮੀ’ ਦੀ ਚੋਣ ਹੀ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਦਾ ਪਹਿਲਾਂ ਹੀ ਪਤਾ ਲੱਗ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਆਪਣੇ ਵਰਕਰਾਂ ਅਤੇ ਇਸ ਨੂੰ ਮਿਲੇ ਫ਼ਤਵੇ ਦਾ ਅਪਮਾਨ ਕਰ ਸਕਦੀ ਹੈ ਤਾਂ ਫਿਰ ਦਰਿਆਈ ਪਾਣੀਆਂ ਵਰਗੇ ਪੰਜਾਬ ਦੇ ਪ੍ਰਮੁੱਖ ਮੁੱਦੇ ਇਸ ਲਈ ਅਹਿਮ ਕਿਵੇਂ ਹੋ ਸਕਦੇ ਹਨ ? ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਨੇ ਸਪੱਸ਼ਟ ਕਿਹਾ ਕਿ ਅਕਾਲੀ ਦਲ ਆਮ ਆਦਮੀ ਪਾਰਟੀ ਦੀ ਕਿਸੇ ਵੀ ਪੰਜਾਬ ਪੱਖੀ ਪਹਿਲਕਦਮੀ ਦੀ ਹਮਾਇਤ ਕਰੇਗਾ। ਅਸੀਂ ਵਿਹਲੇ ਨਹੀਂ ਬੈਠਾਂਗੇ ਅਤੇ ਕਿਸੇ ਵੀ ਕੀਮਤ ’ਤੇ ਸੂਬੇ ਦੇ ਹਿੱਤ ਖੋਹੇ ਜਾਂਦੇ ਨਹੀਂ ਵੇਖਾਂਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਅਤੇ ਪੰਜਾਬੀਆਂ ਦਾ ਸਨਮਾਨ ਕਰਨਾ ਸਿੱਖੇ। ਇਸ ਨੂੰ ਕਿਸੇ ਵੀ ਕੀਮਤ ’ਤੇ ਮਿਲੇ ਫਤਵੇ ਤੋਂ ਮੁਨਾਫਾ ਕਮਾਉਣ ਲਈ ਕੰਮ ਨਹੀਂ ਕਰਨਾ ਚਾਹੀਦਾ। 


author

Manoj

Content Editor

Related News