‘ਨਹੀਂ ਆ ਰਹੀ ਪਾਣੀ ਦੀ ਸਪਲਾਈ, ਪਿਆਸੇ ਲੋਕਾਂ ਦੀ ਜਾਨ ਮੁੱਠੀ ’ਚ ਆਈ’

07/10/2020 4:24:22 PM

ਬਾਘਾ ਪੁਰਾਣਾ (ਚੱਟਾਨੀ) : ਇਕ ਪਾਸੇ ਹਾੜ੍ਹ ਮਹੀਨਾ ਲੋਕਾਂ ਦੇ ਹਾੜ੍ਹੇ ਕਢਵਾ ਰਿਹਾ ਹੈ, ਜਦੋਂ ਕਿ ਦੂਜੇ ਪਾਸੇ ਪਾਣੀ ਦੀ ਲਗਾਤਾਰ ਸਪਲਾਈ ਵੱਲ ਪ੍ਰਸ਼ਾਸਨ ਦੀ ਕਥਿਤ ਬੇਧਿਆਨੀ ਹਾੜ੍ਹ ਮਹੀਨੇ ਦੀ ਬਲਦੀ ਅੱਗ ਉਪਰ ਹੋਰ ਤੇਲ ਪਾ ਰਹੀ ਹੈ। ਅਜਿਹੀ ਸਥਿਤੀ 'ਚ ਲੋਕ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸਦੇ ਫਿਰ ਰਹੇ ਹਨ। ਇੱਥੋਂ ਦੇ ਵਾਰਡ ਨੰਬਰ-4 ਅਤੇ 5 ਦੇ ਬਸ਼ਿੰਦਿਆਂ ਦੀ ਹਾਲਤ ਅਜਿਹੀ ਤਰਸਯੋਗ ਹੈ ਕਿ ਉਹ ਮੱਛੀ ਮੋਟਰਾਂ ਵਾਲੇ ਘਰਾਂ 'ਚੋਂ ਪਾਣੀ ਢੋਅ ਕੇ ਥੱਕ ਗਏ ਹਨ। ਭਾਵੇਂ ਵੱਡੇ ਘਰਾਂ 'ਚ ਲੱਗੀਆਂ ਵੱਡੀਆਂ ਮੋਟਰਾਂ ਵਾਲਿਆਂ ਨੂੰ ਕੋਈ ਫਰਕ ਨਹੀਂ ਪੈ ਰਿਹਾ, ਪਰ ਸ਼ਾਮ ਸਵੇਰੇ ਬਾਲਟੀਆਂ ਚੁੱਕੀ ਘਰਾਂ ਦੇ ਬੂਹੇ ਖੜਕਾਉਂਦੀਆਂ ਔਰਤਾਂ ਨੂੰ ਵੇਖ ਕੇ ਘਰਾਂ ਦੇ ਮਾਲਕਾਂ ਦੇ ਮੱਥੇ ਤਿਊੜੀਆਂ ਜ਼ਰੂਰ ਪੈ ਜਾਂਦੀਆਂ ਹਨ। ਅਜਿਹੇ ਮੁਸ਼ਕਲਾਂ ਭਰੇ ਦੌਰ ’ਚ ਗੁਰਦੁਆਰਿਆਂ ਵਿਚਲੀਆਂ ਪਾਣੀ ਦੀਆਂ ਟੈਂਕੀਆਂ ਪਿਆਸੇ ਲੋਕਾਂ ਲਈ ਵੱਡਾ ਸਹਾਰਾ ਸਾਬਿਤ ਹੋ ਰਹੀਆਂ ਹਨ।
ਦੋਹਾਂ ਵਾਰਡਾਂ ਦੇ ਲੋਕਾਂ ਦੀ ਬਾਂਹ ਫੜ੍ਹਦੇ ਆਗੂ ਹਰਪ੍ਰੀਤ ਸਿੰਘ, ਗੁਰਦਿੱਤ ਭੱਟੀ, ਅਰਜਨ ਭੱਟੀ, ਸੁਖਪ੍ਰੀਤ ਸਿੰਘ, ਰਾਜ ਕੁਮਾਰ ਰਾਜਾ ਹੁਰਾਂ ਨੇ ਕਿਹਾ ਕਿ ਵਾਰਡ ਦੇ ਲੋਕ ਹਮੇਸ਼ਾ ਹੀ ਮੁਸ਼ਕਲਾਂ 'ਚ ਘਿਰੇ ਰਹਿੰਦੇ ਹਨ। ਕਦੇ ਗੰਦੇ ਪਾਣੀ ਦੀ ਨਿਕਾਸੀ, ਕਦੇ ਸਵੱਛ ਪਾਣੀ ਦੀ ਸਪਲਾਈ ਉਨ੍ਹਾਂ ਮੂਹਰੇ ਮੂੰਹ ਅੱਡੀ ਖੜ੍ਹੀਆਂ ਰਹਿੰਦੀਆਂ ਹਨ। ਭਾਵੇਂ ਉਨ੍ਹਾਂ ਦੇ ਵਾਰਡਾਂ ਦੇ ਕੌਂਸਲਰ ਸਮੇਂ-ਸਮੇਂ ’ਤੇ ਉਨ੍ਹਾਂ ਦੀਆਂ ਮੁਸ਼ਕਲਾਂ ਤਾਂ ਸੁਣਦੇ ਹਨ, ਪਰ ਮੁਸ਼ਕਲਾਂ ਦੇ ਹੱਲ ਲਈ ਜਾਂ ਤਾਂ ਉਹ ਤਰੱਦਦ ਨਹੀਂ ਕਰਦੇ ਜਾ ਫਿਰ ਪ੍ਰਸ਼ਾਸਨ ਮੂਹਰੇ ਉਨ੍ਹਾਂ ਦੀ ਕੋਈ ਪੇਸ਼ ਨਹੀਂ ਜਾਂਦੀ।
ਵਾਰਡ ਵਾਸੀਆਂ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਸਪਲਾਈ ਤੋਂ ਵਾਂਝੇ ਹਨ, ਜਿਨ੍ਹਾਂ ਘਰਾਂ 'ਚ ਨੌਜਵਾਨ ਲੜਕੇ ਹਨ ਉਹ ਤਾਂ ਕੋਈ ਹੀਲਾ-ਵਸੀਲਾ ਕਰਕੇ ਪਾਣੀ ਦੀ ਥੁੜ ਦੀ ਪੂਰਤੀ ਕਰ ਰਹੇ ਹਨ, ਪਰ ਜਿਨ੍ਹਾਂ ਘਰਾਂ 'ਚ ਬਜ਼ੁਰਗ ਜਾਂ ਘਰਾਂ ਦੀਆਂ ਸੁਆਣੀਆਂ ਹੀ ਹਨ, ਉਨ੍ਹਾਂ ਲਈ ਡਾਹਢੀ ਮੁਸ਼ਕਲ ਹੈ। ਵਾਰਡ ਦੇ ਲੋਕਾਂ ਦੀ ਸੇਵਾ ਲਈ ਗਠਿਤ ਕਲੱਬ ਵੀ ਹੰਭਲਾ ਮਾਰ ਕੇ ਸੇਵਾ ਕਰਦੀ ਦੇਖੀ ਗਈ। ਲੋਕਾਂ ਅਤੇ ਕਲੱਬ ਦੇ ਮੈਂਬਰਾਂ ਨੇ ਨਗਰ ਕੌਂਸਲ ਅਤੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਘੱਟੋ ਘੱਟ ਅੱਗ ਵਰਾਉਂਦੀ ਦਿਨ੍ਹਾਂ 'ਚ ਪਾਣੀ ਦੀ ਸਪਲਾਈ ਨੂੰ ਨਿਰੰਤਰ ਬਹਾਲ ਰੱਖਿਆ ਜਾਵੇ ਤਾਂ ਜੋ ਲੋਕ ਪਿਆਸੇ ਨਾ ਰਹਿਣ।
 


Babita

Content Editor

Related News