ਟਾਰਗੈੱਟ ਪੂਰੇ ਨਹੀਂ ਤਾਂ ਤਨਖਾਹ ਬੰਦ!
Friday, Mar 09, 2018 - 08:04 AM (IST)
ਪਟਿਆਲਾ (ਬਲਜਿੰਦਰ) - ਵਿੱਤੀ ਵਰ੍ਹੇ ਦੇ ਆਖਰੀ ਮਹੀਨੇ ਵਿਚ ਨਗਰ ਦੀਆਂ ਸਮੁੱਚੀਆਂ ਬ੍ਰਾਂਚਾਂ 'ਤੇ ਟਾਰਗੈੱਟ ਪੂਰਾ ਕਰਨ ਦਾ ਨਿਗਮ ਕਮਿਸ਼ਨਰ ਵੱਲੋਂ ਦਬਾਅ ਵਧਾ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਵਾਟਰ ਸਪਲਾਈ ਤੇ ਸੀਵਰੇਜ ਬ੍ਰਾਂਚ ਦੇ ਅਧਿਕਾਰੀਆਂ ਨੂੰ ਤਾਂ ਸਾਫ ਤੌਰ 'ਤੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਜੇਕਰ ਟਾਰਗੈੱਟ ਪੁਰੇ ਨਾ ਹੋਏ ਤਾਂ ਤਨਖਾਹਾਂ ਬੰਦ ਕਰ ਦਿੱਤੀਆਂ ਜਾਣਗੀਆਂ। ਇੰਨਾ ਹੀ ਨਹੀਂ, 31 ਮਾਰਚ ਤੱਕ ਬ੍ਰਾਂਚ ਦੇ ਸਮੁੱਚੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਛੁੱਟੀਆਂ 'ਤੇ ਰੋਕ ਲਾ ਦਿੱਤੀ ਗਈ ਹੈ।
ਐਮਰਜੈਂਸੀ ਦੀ ਸੂਰਤ ਵਿਚ ਖੁਦ ਨਿਗਮ ਕਮਿਸ਼ਨਰ ਛੁੱਟੀ ਦੇਣਗੇ। ਇਥੇ ਇਹ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 16 ਅਕਤੂਬਰ ਤੋਂ ਪਹਿਲਾਂ ਦੇ ਬਕਾਇਆ 'ਤੇ ਵਿਆਜ ਮੁਆਫ ਕੀਤਾ ਗਿਆ ਸੀ ਅਤੇ ਇਹ ਛੂਟ 31 ਮਾਰਚ ਤੱਕ ਹੈ। ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਇਸ ਛੂਟ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਨਗਰ ਨਿਗਮ ਵੱਲੋਂ ਡਿਫਾਲਟਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਹਰਕਤ 'ਚ ਆਈ ਨਿਗਮ ਟੀਮ ਨੇ 6 ਕੁਨੈਕਸ਼ਨ ਕੱਟੇ
ਨਗਰ ਨਿਗਮ ਦੇ ਨਿਰਦੇਸ਼ਾਂ ਤੋਂ ਬਾਅਦ ਨਗਰ ਨਿਗਮ ਦੀ ਟੀਮ ਹਰਕਤ ਵਿਚ ਆਈ ਅਤੇ ਇੰਸਪੈਕਟਰ ਰਜਿੰਦਰ ਸਿੰਘ, ਗੋਲਡੀ ਕਲਿਆਣ ਦੀ ਅਗਵਾਈ ਹੇਠ ਗਈ ਟੀਮ ਨੇ ਅੱਜ ਕੁਲ 6 ਕੁਨੈਕਸ਼ਨ ਕੱਟ ਦਿੱਤੇ। ਇਨ੍ਹਾਂ ਵਿਚ 4 ਰਿਹਾਇਸ਼ੀ ਅਤੇ 2 ਕਮਰਸ਼ੀਅਲ ਸਨ। ਟੀਮ ਨੂੰ ਮੌਕੇ 'ਤੇ ਵੱਖ-ਵੱਖ ਥਾਵਾਂ ਤੋਂ 96 ਹਜ਼ਾਰ ਦੀ ਨਕਦ ਰਿਕਵਰੀ ਹੋਈ। ਇੰਨਾ ਹੀ ਨਹੀਂ ਇਕ ਪਾਰਟੀ ਵੱਲੋਂ 5 ਲੱਖ ਦਾ ਚੈੱਕ ਵੀ ਦਿੱਤਾ ਗਿਆ। ਵਾਟਰ ਸਪਲਾਈ ਅਤੇ ਸੀਵਰੇਜ ਬ੍ਰਾਂਚ ਵੱਲੋਂ ਹੁਣ ਇਹ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ। ਬ੍ਰਾਂਚ ਵੱਲੋਂ ਹੁਣ ਤੱਕ ਇਸ ਸਾਲ 'ਚ 1 ਕਰੋੜ 30 ਲੱਖ ਰੁਪਏ ਦੀ ਪੁਰਾਣੀ ਰਿਕਵਰੀ ਕੀਤੀ ਜਾ ਚੁੱਕੀ ਹੈ ਅਤੇ ਅਜੇ ਵਿੱਤੀ ਵਰ੍ਹੇ ਦਾ ਮਹੀਨਾ ਬਾਕੀ ਹੈ ਕਿਉਂਕਿ ਮਾਰਚ ਮਹੀਨੇ ਵਿਚ ਆਮ ਤੌਰ 'ਤੇ ਸਭ ਤੋਂ ਜ਼ਿਆਦਾ ਰਿਕਵਰੀ ਹੁੰਦੀ ਹੈ।
