ਟ੍ਰੈਫਿਕ ਪੁਲਸ ਦੀਆਂ ਨਜ਼ਰਾਂ ਤੋਂ ਓਹਲੇ ਨੇ ਹਾਦਸਿਆਂ ਦਾ ਕਾਰਨ ਬਣਦੇ ਓਵਰਲੋਡ ਵਾਹਨ
Saturday, Mar 24, 2018 - 08:33 AM (IST)

ਬਾਘਾਪੁਰਾਣਾ (ਚਟਾਨੀ) - ਗੰਭੀਰ ਹਾਦਸਿਆਂ ਦਾ ਕਾਰਨ ਬਣਦੇ ਆ ਰਹੇ ਓਵਰਲੋਡ ਵਾਹਨਾਂ ਨੂੰ ਵੇਖ ਕੇ ਅੱਖਾਂ ਮੀਚਣ ਵਾਲੀ ਟ੍ਰੈਫਿਕ ਪੁਲਸ ਦੇ ਨਿਸ਼ਾਨੇ ਉਪਰ ਹੁਣ ਸਿਰਫ ਦੋਪਹੀਆ ਵਾਹਨ ਜਾਂ ਕਾਰਾਂ ਹੀ ਰਹਿ ਗਈਆਂ ਹਨ। ਖਾਨਾਪੂਰਤੀ ਕਰਨ ਲਈ ਕਦੇ-ਕਦਾਈਂ ਚੌਕ 'ਚ ਕੀਤੀ ਜਾਣ ਵਾਲੀ ਵਿਸ਼ੇਸ਼ ਨਾਕਾਬੰਦੀ ਮੌਕੇ ਟ੍ਰੈਫਿਕ ਪੁਲਸ ਦੇ ਅੜਿੱਕੇ ਕਦੇ ਵੀ ਤੂੜੀ ਲੱਦੀ ਟਰਾਲੀ, ਟਰੱਕ ਜਾਂ ਤੁੰਨ ਕੇ ਲੱਦੀਆਂ ਸਵਾਰੀਆਂ ਵਾਲੇ ਵਾਹਨ ਨਹੀਂ ਆਏ, ਸਗੋਂ ਹੈਲਮੇਟ ਰਹਿਤ ਸਕੂਟਰ-ਮੋਟਰਸਾਈਕਲ ਹੀ ਬਲੀ ਦਾ ਬੱਕਰਾ ਬਣਦੇ ਹਨ।
ਟ੍ਰੈਫਿਕ ਨਿਯਮਾਂ ਦੀਆਂ ਚਿੱਟੇ ਦਿਨ ਧੱਜੀਆਂ ਉਡਾਉਂਦੇ ਜਾਂਦੇ ਸੈਂਕੜੇ ਵਾਹਨ ਸਥਾਨਕ ਚੌਕ 'ਚੋਂ ਕਤਾਰਾਂ ਬੰਨ੍ਹੀ ਲੰਘ ਜਾਂਦੇ ਹਨ, ਪਰ ਅਜਿਹੇ ਵਾਹਨਾਂ ਨੂੰ ਅੱਖੀਂ ਵੇਖ ਕੇ ਪੁਲਸ ਮੂੰਹ ਫੇਰ ਲੈਂਦੀ ਹੈ ਕਿਉਂਕਿ ਉਸ ਨੂੰ ਅਜਿਹੇ ਵਾਹਨਾਂ ਦੇ ਮਾਲਕਾਂ/ਚਾਲਕਾਂ ਵੱਲੋਂ ਐਂਟਰੀ ਫੀਸਾਂ ਦੇ ਨਾਂ ਉਪਰ ਮਹੀਨਾਬੱਧੀ ਰਕਮ ਨਿਰੰਤਰ ਪੁੱਜਦੀ ਕੀਤੀ ਜਾਂਦੀ ਹੈ। ਭਾਰ ਢੋਹਣ ਵਾਲੇ ਟੈਂਪੂ ਚਾਲਕਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਐਂਟਰੀ ਫੀਸਾਂ ਵਾਲੀ ਗੱਲ ਦੀ ਤੱਥਾਂ ਸਹਿਤ ਪੁਸ਼ਟੀ ਵੀ ਪ੍ਰੈੱਸ ਕੋਲ ਕੀਤੀ। ਤੂੜੀ ਵਾਂਗ ਲੱਦੀਆਂ ਸਵਾਰੀਆਂ ਵਾਲੇ ਵਾਹਨਾਂ ਦੇ ਲਗਾਤਾਰ ਹਾਦਸਾਗ੍ਰਸਤ ਹੋਣ ਕਾਰਨ ਅੱਜ ਤੋਂ ਪੰਜ ਵਰ੍ਹੇ ਪਹਿਲਾਂ ਇਕ ਹਾਦਸੇ 'ਚ 20 ਦੇ ਕਰੀਬ ਗਈਆਂ ਮਨੁੱਖੀ ਜਾਨਾਂ ਦਾ ਮਾਣਯੋਗ ਹਾਈਕੋਰਟ ਨੇ ਗੰਭੀਰ ਨੋਟਿਸ ਲੈਂਦਿਆਂ ਸਖਤੀ ਦੇ ਹੁਕਮ ਵੀ ਦਿੱਤੇ ਸਨ, ਪਰ ਅਜਿਹੇ ਵਾਹਨਾਂ ਖਿਲਾਫ ਸਖਤੀ ਵਾਲੀ ਕੋਈ ਵੀ ਗੱਲ ਦਿਖਾਈ ਨਹੀਂ ਦਿੰਦੀ। ਟੈਂਪੂਆਂ ਅਤੇ ਟਰੱਕਾਂ 'ਚ ਸਵਾਰੀਆਂ ਲੱਦਣ ਦਾ ਰੁਝਾਨ ਬਾਦਸਤੂਰ ਜਾਰੀ ਹੈ, ਜੋ ਟ੍ਰੈਫਿਕ ਪੁਲਸ ਦੀ ਸਹਿਮਤੀ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ। ਪ੍ਰੈੱਸ਼ਰ ਹਾਰਨ, ਉੱਚੀ ਆਵਾਜ਼ ਵਾਲੇ ਸਪੀਕਰ, ਰਿਫਲੈਕਟਰ ਰਹਿਤ ਵਾਹਨ ਚੌਕਾਂ ਵਿਚਲੀਆਂ ਟ੍ਰੈਫਿਕ ਪੁਲਸ ਦੀਆਂ ਟੀਮਾਂ ਦੇ ਅੜਿੱਕੇ ਆਉਂਦੇ ਤਾਂ ਸੁਣੇ ਹਨ ਪਰ ਵੱਡੇ ਹਾਦਸਿਆਂ ਦਾ ਕਾਰਨ ਬਣਨ ਵਾਲੇ ਵਾਹਨ ਬੇਝਿਜਕ ਹੋ ਕੇ ਸੜਕਾਂ 'ਤੇ ਦੌੜ ਰਹੇ ਹਨ। ਲੋਕਾਂ ਨੇ ਪੁਲਸ ਦੇ ਟ੍ਰੈਫਿਕ ਵਿੰਗ ਦੇ ਜ਼ਿਲਾ ਇੰਚਾਰਜ ਨੂੰ ਅਜਿਹੀਆਂ ਬੇਨਿਯਮੀਆਂ ਬਾਰੇ ਸਵਾਲ ਕਰਦਿਆਂ ਪੁੱਛਿਆ ਹੈ ਕਿ ਆਖਿਰ ਇਸ ਭ੍ਰਿਸ਼ਟ ਵਰਤਾਰੇ ਨੂੰ ਕਦੋਂ ਅਤੇ ਕਿਵੇਂ ਠੱਲ੍ਹ ਪਵੇਗੀ।
ਟ੍ਰੈਫਿਕ ਵਿੰਗ ਦੇ ਜ਼ਿਲਾ ਇੰਚਾਰਜ ਦਾ ਪੱਖ
ਟ੍ਰੈਫਿਕ ਵਿੰਗ ਦੇ ਜ਼ਿਲਾ ਮੋਗਾ ਦੇ ਇੰਚਾਰਜ ਰਾਮ ਸਿੰਘ ਨੇ ਕਿਹਾ ਕਿ ਟ੍ਰੈਫਿਕ ਪੁਲਸ ਦੀਆਂ ਟੀਮਾਂ ਆਪਣਾ ਕਾਰਜ ਪੂਰਨ ਤਨਦੇਹੀ ਨਾਲ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੇਨਿਯਮੀਆਂ ਵਾਲੇ ਕਿਸੇ ਵਾਹਨ ਨੂੰ ਬਖਸ਼ਿਆ ਨਹੀਂ ਜਾ ਰਿਹਾ। ਵਿੰਗ ਦੇ ਇੰਚਾਰਜ ਨੇ ਦੱਸਿਆ ਕਿ ਇਸ ਸਬੰਧੀ ਕਾਰਵਾਈ ਨੂੰ ਹੋਰ ਸਖਤ ਕੀਤੇ ਜਾਣ ਦੇ ਆਦੇਸ਼ ਹਰੇਕ ਟੀਮ ਨੂੰ ਦਿੱਤੇ ਜਾ ਰਹੇ ਹਨ।