CM ਮਾਨ ਦਾ ਵੱਡਾ ਬਿਆਨ, ਕਿਹਾ- ਕਿਸੇ ਵੀ ਪਾਰਟੀ ਦੇ ਨੇਤਾ ਨੇ ਲੋਕਾਂ ਦੀ ਨਹੀਂ ਫੜੀ ਬਾਂਹ ਤਾਂ ਹੀ ਬਿਠਾ ਦਿੱਤੇ ਘਰ
Wednesday, Oct 05, 2022 - 08:36 PM (IST)
ਮੋਹਾਲੀ (ਪਰਦੀਪ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਮਹਿੰਗਾਈ ਅਤੇ ਬੇਰੁਜ਼ਗਾਰੀ ਸਭ ਤੋਂ ਵੱਡੀ ਬੁਰਾਈ ਬਣ ਚੁੱਕੀ ਹੈ ਅਤੇ ਸਮਾਜ 'ਚੋਂ ਇਨ੍ਹਾਂ ਬੁਰਾਈਆਂ ਨੂੰ ਖ਼ਤਮ ਕਰਨ ਦੀ ਸਖ਼ਤ ਲੋੜ ਹੈ ਤਾਂ ਹੀ ਸਹੀ ਮਾਅਨਿਆਂ ਵਿੱਚ ਬੁਰਾਈ ਉੱਤੇ ਸੱਚਾਈ ਦੀ ਜਿੱਤ ਦਾ ਪ੍ਰਤੀਕ ਗੱਲ ਸਾਬਿਤ ਹੋ ਸਕਦੀ ਹੈ। ਮੁੱਖ ਮੰਤਰੀ ਅੱਜ 5 ਵਜੇ ਦੇ ਕਰੀਬ ਫੇਜ਼-8 ਮੋਹਾਲੀ ਵਿਖੇ ਸਥਿਤ ਦੁਸਹਿਰਾ ਕਮੇਟੀ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਪੁੱਜੇ ਸਨ। ਇਸ ਮੌਕੇ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਸੀ.ਐੱਮ. ਭਗਵੰਤ ਮਾਨ ਦਾ ਭਰਵਾਂ ਸਵਾਗਤ ਕੀਤਾ ਤੇ ਮੋਹਾਲੀ 'ਚ ਦੁਸਹਿਰਾ ਪ੍ਰੋਗਰਾਮ ਵੇਖਣ ਆਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਦੁਸਹਿਰੇ ਦਾ ਪ੍ਰੋਗਰਾਮ ਵੇਖਣ ਲਈ ਮੋਹਾਲੀ 'ਚ ਆਉਂਦੇ ਰਹੇ ਹਨ। ਉਨ੍ਹਾਂ ਸੁਸਾਇਟੀ ਦੇ ਮੈਂਬਰਾਂ ਨੂੰ ਅਗਲੇ ਹਫ਼ਤੇ ਮਿਲਣ ਲਈ ਸੱਦਾ ਦਿੱਤਾ ਤਾਂ ਕਿ ਦੁਸਹਿਰਾ ਮਨਾਉਣ ਸਬੰਧੀ ਥਾਂ ਬਾਰੇ ਬਾਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇ।
ਇਹ ਵੀ ਪੜ੍ਹੋ : ਨਾਬਾਲਗਾਂ ’ਚ ਵਧ ਰਿਹਾ ਅਪਰਾਧਪੁਣਾ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਹਿੰਦੀ ਹੈ, ਉਹ ਕਰਦੀ ਹੈ ਅਤੇ ਜੋ ਵਾਅਦੇ ਚੋਣਾਂ ਦੌਰਾਨ ਕੀਤੇ ਗਏ ਸਨ, ਉਨ੍ਹਾਂ ਨੂੰ ਇਕ-ਇਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਕਦੇ ਕਿਸੇ ਪਾਰਟੀ ਦੇ ਨੇਤਾ ਨੇ ਬਾਂਹ ਨਹੀਂ ਫੜੀ, ਜਿਸ ਕਰਕੇ ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਦੂਸਰੀ ਪਾਰਟੀ ਦੇ ਨੇਤਾਵਾਂ ਨੂੰ ਵਿਹਲੇ ਕਰਕੇ ਘਰ ਬਿਠਾ ਦਿੱਤਾ ਹੈ। ਇਹ ਦੁਸਹਿਰੇ ਦਾ ਤਿਉਹਾਰ ਸਭਨਾਂ ਦਾ ਸਾਂਝਾ ਤਿਉਹਾਰ ਹੈ, ਜਿਸ ਨੂੰ ਵੇਖਣ ਲਈ ਸਾਰਿਆਂ ਪਾਰਟੀਆਂ ਦੇ ਨੁਮਾਇੰਦੇ ਅਤੇ ਸਮਰਥਕ ਹਾਜ਼ਰ ਸਨ ਅਤੇ ਬਤੌਰ ਮੁੱਖ ਮੰਤਰੀ ਉਹ ਇੱਥੇ ਆਉਣ 'ਤੇ ਸਭ ਦਾ ਸਵਾਗਤ ਕਰਦੇ ਹਨ। ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਅਤੇ ਜਿਸ ਵੀ ਕਿਸੇ ਪਾਰਟੀ ਦੇ ਨੇਤਾ ਨੇ ਚੋਣਾਂ ਦੌਰਾਨ ਲੋਕਾਂ ਨਾਲ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਹਰ ਹੀਲੇ ਪੂਰਾ ਕੀਤਾ ਜਾਵੇਗਾ। ਇਸ ਮੌਕੇ ਮੋਹਾਲੀ ਕਾਰਪੋਰੇਸ਼ਨ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡੀ.ਆਈ.ਜੀ. ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਮੋਹਾਲੀ ਅਮਿਤ ਤਲਵਾੜ, ਡੀ.ਐੱਸ.ਪੀ. ਹਰਸਿਮਰਤ ਸਿੰਘ ਬੱਲ ਤੇ ਡੀ.ਐੱਸ.ਪੀ. ਮਨਜੀਤ ਸਿੰਘ ਵੀ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।