ਸਵਾਈਨ ਫਲੂ ਤੋਂ ਘਬਰਾਉਣ ਦੀ ਲੋੜ ਨਹੀਂ : ਸਿਵਲ ਸਰਜਨ
Friday, Jan 05, 2024 - 03:49 PM (IST)
ਸੰਗਰੂਰ (ਸਿੰਗਲਾ) : ਸਵਾਈਨ ਫ਼ਲੂ ਤੋਂ ਬਚਣ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਸਬੰਧੀ ਸਿਹਤ ਸੰਸਥਾਵਾਂ ਅੰਦਰ ਢੁੱਕਵੇਂ ਪ੍ਰਬੰਧ ਰੱਖਣ ਲਈ ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਭਾਵੇਂ ਸਵਾਈਨ ਫਲੂ ਦਾ ਕੋਈ ਵੀ ਕੇਸ ਰਿਪੋਰਟ ਨਹੀਂ ਹੋਇਆ ਪਰ ਫਿਰ ਵੀ ਇਸ ਤੋਂ ਬਚਣ ਲਈ ਹਰ ਸਿਹਤ ਸੰਸਥਾ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਅਤੇ ਵਿਭਾਗ ਦੇ ਫੀਲਡ ਸਟਾਫ਼ ਤੇ ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ ਆਮ ਲੋਕਾਂ ਨੂੰ ਸਵਾਈਨ ਫਲੂ ਤੋਂ ਬਚਾਅ ਲਈ ਜਾਣਕਾਰੀ ਦਿੱਤੀ ਜਾਵੇ।
ਆਪੋ ਆਪਣੀਆਂ ਸਿਹਤ ਸੰਸਥਾਵਾਂ ਉੱਪਰ ਫਲੂ ਕਾਰਨਰ ਸਥਾਪਿਤ ਕੀਤੇ ਜਾਣ ਅਤੇ ਜੇਕਰ ਕੋਈ ਸਵਾਈਨ ਫਲੂ ਦਾ ਕੇਸ ਆਉਂਦਾ ਹੈ ਤਾਂ ਉਸਦੇ ਇਲਾਜ ਲਈ ਅਗਾਊ ਢੁੱਕਵੇ ਪ੍ਰਬੰਧ ਕਰਕੇ ਰੱਖੇ ਜਾਣ। ਕੇਸਾਂ ਦੇ ਇਲਾਜ ਲਈ ਵਰਤੋਂ ਵਿੱਚ ਆਉਣ ਵਾਲੀਆਂ ਲੋੜੀਂਦੀਆਂ ਦਵਾਈਆਂ ਦਾ ਸਟਾਕ ਸੰਸਥਾ ਤੇ ਰੱਖਣਾ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਜਿਸ ਸੰਸਥਾ ਵਿੱਚ ਦਵਾਈਆਂ ਉਪਲੱਬਧ ਨਹੀਂ ਹਨ, ਉਨ੍ਹਾਂ ਵੱਲੋਂ ਜ਼ਿਲ੍ਹਾ ਪੱਧਰ ਤੋਂ ਦਵਾਈਆਂ ਲੈ ਲਈਆਂ ਜਾਣ ਕਿਉਂਕਿ ਦਵਾਈਆਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖ਼ਾਰ, ਖਾਂਸੀ ਅਤੇ ਜ਼ੁਕਾਮ ਛਿੱਕਾਂ ਆਉਣੀਆਂ ਜਾਂ ਨੱਕ ਵਗਣਾ ਗਲੇ ਵਿੱਚ ਦਰਦ, ਸਾਹ ਲੈਣ ਵਿੱਚ ਤਕਲੀਫ, ਦਸਤ ਲੱਗਣਾ ,ਸਰੀਰ ਟੁੱਟਦਾ ਮਹਿਸੂਸ ਹੋਣਾ ਲੱਛਣ ਹੋਣ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਨਾਲ਼ ਸੰਪਰਕ ਕਰਨਾ ਚਾਹੀਦਾ ਹੈ।