ਅਮਿਤ ਸ਼ਾਹ ਨੇ ਕੀਤੀ ਮਾਨ ਸਰਕਾਰ ਦੀ ਤਾਰੀਫ਼, ਕਿਹਾ- ਪੰਜਾਬ ’ਚ ਕੋਈ ਖਾਲਿਸਤਾਨੀ ਲਹਿਰ ਨਹੀਂ
Sunday, Apr 23, 2023 - 08:25 AM (IST)
ਨਵੀਂ ਦਿੱਲੀ (ਏਜੰਸੀ)- ਖਾਲਿਸਤਾਨੀ ਕੱਟੜਪੰਥੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋ ਪਹਿਲਾਂ ਸ਼ਨੀਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ’ਚ ਕੋਈ ਖਾਲਿਸਤਾਨ ਲਹਿਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਜੋ ਵੀ ਸਥਿਤੀ ਹੈ, ਉਸ ’ਤੇ ਕੇਂਦਰ ਤਿੱਖੀ ਨਜ਼ਰ ਰੱਖ ਰਿਹਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਧੀਆ ਕੰਮ ਕੀਤਾ ਹੈ ਅਤੇ ਕੇਂਦਰ ਨੇ ਉਸ ਦਾ ਪੂਰਾ ਸਹਿਯੋਗ ਕੀਤਾ ਹੈ। ਅਮਿਤ ਸ਼ਾਹ ਬੈਂਗਲੁਰੂ ’ਚ ਇਕ ਮੀਡੀਆ ਕਾਂਕਲੇਵ ’ਚ ਬੋਲ ਰਹੇ ਸਨ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਅਤੇ ਲੰਮੇਂ ਸਮੇਂ ਤੋਂ ਰੂਪੋਸ਼ ਹੋਣ ਬਾਰੇ ਪੁੱਛੇ ਜਾਣ ’ਤੇ ਕੇਂਦਰੀ ਮੰਤਰੀ ਨੇ ਕਿਹਾ,‘‘ਕਦੇ-ਕਦੇ ਅਜਿਹਾ ਹੁੰਦਾ ਹੈ। ਪਹਿਲਾਂ ਉਹ ਖੁਲ੍ਹੇਆਮ ਘੁੰਮਦਾ ਸੀ ਪਰ ਹੁਣ ਉਹ ਆਪਣੀਆਂ ਗਤੀਵਿਧੀਆਂ ਨੂੰ ਜਾਰੀ ਨਹੀਂ ਰੱਖ ਪਾ ਰਿਹਾ ਹੈ।’’
ਕੇਂਦਰੀ ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਪੀ.ਐੱਮ. ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਭਾਰਤੀ ਹਾਈ ਕਮਿਸ਼ਨਾਂ ’ਤੇ ਕਿਸੇ ਵੀ ਹਮਲੇ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਭਾਰਤੀ ਕਾਨੂੰਨਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਮਿਤ ਸ਼ਾਹ ਪਿਛਲੇ ਮਹੀਨੇ ਲੰਡਨ ’ਚ ਭਾਰਤੀ ਹਾਈ ਕਮਿਸ਼ਨ ਅਤੇ ਯੂ.ਕੇ. ਅਤੇ ਸੈਨ ਫਰਾਂਸਿਸਕੋ ’ਚ ਵਣਜ ਦੂਤਘਰ ’ਤੇ ਹੋਏ ਹਮਲੇ ਦਾ ਜ਼ਿਕਰ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਇਸ ਸਾਲ 19 ਮਾਰਚ ਨੂੰ ਖਾਲਿਸਤਾਨ ਦੇ ਝੰਡੇ ਫੜ ਕੇ ਪ੍ਰਦਰਸ਼ਨਕਾਰੀਆਂ ਨੇ ਲੰਡਨ ’ਚ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ’ਚੋਂ ਇਕ ਦੂਤਘਰ ਦੀ ਬਾਲਕਨੀ ’ਤੇ ਚੜ੍ਹ ਗਿਆ ਅਤੇ ਭਾਰਤੀ ਰਾਸ਼ਟਰੀ ਝੰਡੇ ਨੂੰ ਹੇਠਾਂ ਖਿੱਚ ਲਿਆ ਸੀ।
ਸਤਿਅਪਾਲ ਜਦੋਂ ਸੱਤਾ ’ਚ ਸਨ, ਉਦੋਂ ਉਨ੍ਹਾਂ ਦੀ ਅੰਤਰ-ਆਤਮਾ ਕਿਉਂ ਨਹੀਂ ਜਾਗੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਅਪਾਲ ਮਲਿਕ ਦੇ ਪੁਲਵਾਮਾ ਹਮਲੇ ਨੂੰ ਲੈ ਕੇ ਕੀਤੇ ਖੁਲਾਸਿਆਂ ਨੂੰ ਲੈ ਕੇ ਪਲਟਵਾਰ ਕੀਤਾ ਹੈ। ਕੇਂਦਰੀ ਮੰਤਰੀ ਨੇ ਸਾਬਕਾ ਗਵਰਨਰ ਦੀ ਭਰੋਸੇਯੋਗਤਾ ’ਤੇ ਵੀ ਸਵਾਲ ਖੜ੍ਹੇ ਕੀਤੇ। ਸ਼ਾਹ ਨੇ ਕਿਹਾ ਕਿ ਸਤਿਅਪਾਲ ਮਲਿਕ ਨੂੰ ਇਹ ਗੱਲਾਂ ਗਵਰਨਰ ਅਹੁਦੇ ’ਤੇ ਰਹਿੰਦੇ ਕਿਉਂ ਨਹੀਂ ਯਾਦ ਆਈਆਂ। ਹੁਣ ਜਦੋਂ ਉਹ ਸੱਤਾ ਤੋਂ ਬਾਹਰ ਹਨ ਤਾਂ ਉਨ੍ਹਾਂ ਦੀ ਅੰਤਰ-ਆਤਮਾ ਜਾਗ ਗਈ ਹੈ। ਸ਼ਾਹ ਨੇ ਕਿਹਾ ਕਿ ਅੰਤਰ-ਆਤਮਾ ਉਸ ਸਮੇਂ ਕਿਉਂ ਨਹੀਂ ਜਾਗਦੀ ਹੈ ਜਦੋਂ ਲੋਕ ਸੱਤਾ ’ਚ ਹੁੰਦੇ ਹਨ। ਸਤਿਅਪਾਲ ਮਲਿਕ ਦੇ ਸਨਸਨੀਖੇਜ਼ ਖੁਲਾਸਿਆਂ ਅਤੇ ਸਰਕਾਰ ਦੀ ਆਲੋਚਨਾ ਤੋਂ ਬਾਅਦ ਉਨ੍ਹਾਂ ਨੂੰ ਸੀ. ਬੀ. ਆਈ. ਨੋਟਿਸ ਭੇਜਣ ਨਾਲ ਜੁੜੇ ਸਵਾਲ ਨੂੰ ਲੈ ਕੇ ਅਮਿਤ ਸ਼ਾਹ ਨੇ ਕਿਹਾ ਕਿ ਅਜਿਹਾ ਨਹੀਂ ਹੈ, ਮੇਰੀ ਜੋ ਜਾਣਕਾਰੀ ਹੈ ਉਸ ਦੇ ਅਨੁਸਾਰ ਉਨ੍ਹਾਂ ਨੂੰ ਸੀ.ਬੀ.ਆਈ. ਨੇ ਤੀਜੀ ਵਾਰ ਬੁਲਾਇਆ ਹੈ। ਉਸ ਨੇ ਇਕ ਮਾਮਲੇ ਦੀ ਜਾਂਚ ਦੇ ਸਿਲਸਿਲੇ ’ਚ ਉਨ੍ਹਾਂ ਨੂੰ ਬੁਲਾਇਆ ਹੈ। ਸਾਡੇ ਖਿਲਾਫ ਬੋਲਣ ’ਤੇ ਉਨ੍ਹਾਂ ਨੂੰ ਨਹੀਂ ਬੁਲਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ, ਜਿਸ ਨੂੰ ਲੁਕਾਉਣਾ ਪਵੇ।