ਮੇਰੇ ਘਰ ’ਚੋਂ ਸਿਰਫ 37 ਲੱਖ ਰੁਪਏ ਬਰਾਮਦ ਹੋਏ, ਕੋਈ ਗੈਰ-ਕਾਨੂੰਨੀ ਦਸਤਾਵੇਜ਼ ਨਹੀਂ ਮਿਲੇ : ਵਿਧਾਇਕ ਇਆਲੀ
Monday, Nov 29, 2021 - 01:05 AM (IST)
ਲੁਧਿਆਣਾ(ਸੇਠੀ)- ਇਨਕਮ ਟੈਕਸ ਵਿਭਾਗ ਵੱਲੋਂ ਬੀਤੇ ਦਿਨੀਂ ਮਹਾਨਗਰ ’ਚ ਰੀਅਲ ਅਸਟੇਟ ਕਾਰੋਬਾਰੀਆਂ ਦੇ 40 ਵੱਖ-ਵੱਖ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਸਬੰਧੀ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਦਾਅਵਾ ਕੀਤਾ ਹੈ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਘਰੋਂ ਕੋਈ ਗੈਰ-ਕਾਨੂੰਨੀ ਦਸਤਾਵੇਜ਼ ਬਰਾਮਦ ਨਹੀਂ ਹੋਇਆ।
ਉਨ੍ਹਾਂ ਦੱਸਿਆ ਕਿ ਵਿਭਾਗ ਨੇ ਉਸ ਦੇ ਘਰੋਂ 37 ਲੱਖ ਰੁਪਏ ਬਰਾਮਦ ਕੀਤੇ ਹਨ, ਜੋ ਉਸ ਨੇ ਖੇਤੀ ਕੰਮਾਂ ਲਈ ਰੱਖੇ ਸਨ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਵੱਡੇ ਪੱਧਰ ’ਤੇ ਖੇਤੀਬਾੜੀ ਦਾ ਕੰਮ ਹੈ ਅਤੇ ਇਹ 37 ਲੱਖ ਰੁਪਏ ਕੈਸ਼ ਇਨ ਹੈਂਡ ਹਨ, ਜੋ ਕਾਗਜ਼ੀ ਦਸਤਾਵੇਜ਼ਾਂ ਵਿਚ ਡਿਕਲੇਅਰ ਹਨ। ਇਨ੍ਹਾਂ ਦੇ ਦਸਤਾਵੇਜ਼ ਉਨ੍ਹਾਂ ਦੇ ਕੋਲ ਹਨ।
ਇਹ ਵੀ ਪੜ੍ਹੋ- GNA ਯੂਨੀਵਰਸਿਟੀ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਕਰ ਰਹੀ ਸ਼ਾਨਦਾਰ ਕੰਮ : CM ਚੰਨੀ
ਇਸ ਤੋਂ ਇਲਾਵਾ ਵਿਭਾਗ ਵੱਲੋਂ ਉਨ੍ਹਾਂ ਦੇ ਘਰੋਂ ਬਰਾਮਦ ਕੀਤਾ ਗਿਆ ਸੋਨਾ ਉਨ੍ਹਾਂ ਨੂੰ ਵਾਪਸ ਕਰ ਦਿੱਤਾ ਗਿਆ ਹੈ। ਵਿਭਾਗ ਨੇ ਉਨ੍ਹਾਂ ਨੂੰ ਰਸੀਦ ਵਜੋਂ ਵਾਪਸ ਕੀਤੇ ਸੋਨੇ ਦੇ ਦਸਤਾਵੇਜ਼ ਵੀ ਦਿੱਤੇ ਹਨ। ਇਆਲੀ ਅਨੁਸਾਰ ਛਾਪੇਮਾਰੀ ਦੌਰਾਨ ਨਾ ਤਾਂ ਉਨ੍ਹਾਂ ਦਾ ਕੋਈ ਬੈਂਕ ਖਾਤਾ ਸੀਜ਼ ਹੋਇਆ ਹੈ ਅਤੇ ਨਾ ਹੀ ਕੋਈ ਗੈਰ-ਕਾਨੂੰਨੀ ਦਸਤਾਵੇਜ਼ ਮਿਲੇ ਹਨ। ਵਿਭਾਗ ਉਨ੍ਹਾਂ ਤੋਂ ਜਿਸ ਕਿਸੇ ਵੀ ਦਸਤਾਵੇਜ਼ਾਂ ਬਾਰੇ ਪੁੱਛੇਗਾ, ਉਹ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਉਹ ਇਸ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹਨ ਅਤੇ ਸਰਕਾਰ ਨੂੰ ਹਮੇਸ਼ਾ ਈਮਾਨਦਾਰੀ ਨਾਲ ਆਮਦਨ ਟੈਕਸ ਅਦਾ ਕਰਦੇ ਹਨ। ਆਮਦਨ ਕਰ ਵਿਭਾਗ ਦੀ ਇਹ ਛਾਪੇਮਾਰੀ ਸਿਆਸੀ ਸਾਜ਼ਿਸ਼ ਤੋਂ ਵੱਧ ਹੋਰ ਕੁਝ ਨਹੀਂ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?