ਜਾਖੜ ਨਾਲ ਨਹੀਂ ਕੋਈ ਭੇਦਭਾਵ, ਮੀਡੀਆ ਨੇ ਛੋਟੀ ਜਿਹੀ ਗੱਲ ਨੂੰ ਵੱਡੀ ਬਣਾ ਦਿੱਤਾ : ਕੈਪਟਨ

Tuesday, Apr 17, 2018 - 07:52 AM (IST)

ਜਾਖੜ ਨਾਲ ਨਹੀਂ ਕੋਈ ਭੇਦਭਾਵ, ਮੀਡੀਆ ਨੇ ਛੋਟੀ ਜਿਹੀ ਗੱਲ ਨੂੰ ਵੱਡੀ ਬਣਾ ਦਿੱਤਾ : ਕੈਪਟਨ

ਜਲੰਧਰ/ ਮੋਹਾਲੀ  (ਚੋਪੜਾ, ਨਿਆਮੀਆਂ)  - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਭੇਦਭਾਵ ਦੀਆਂ ਮੀਡੀਆ ਵਿਚ ਆ ਰਹੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਅਤੇ ਜਾਖੜ ਵਿਚਕਾਰ ਕੋਈ ਸਮੱਸਿਆ ਨਹੀਂ ਸੀ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਕ ਬਿਆਨ ਜਾਰੀ ਕਰਨ ਦੌਰਾਨ ਕਿਹਾ ਕਿ ਇਕ ਛੋਟੀ ਜਿਹੀ ਘਟਨਾ ਨੂੰ ਮੀਡੀਆ ਨੇ ਬਤੰਗੜ ਬਣਾ ਦਿੱਤਾ, ਜਦਕਿ ਜਾਖੜ ਨੂੰ ਕਿਤੇ ਜਾਣਾ ਪਿਆ, ਇਸੇ ਕਾਰਨ ਉਹ ਉਨ੍ਹਾਂ ਨਾਲ ਬੈਠਕ ਕੀਤੇ ਬਿਨਾਂ ਹੀ ਵਾਪਸ ਚਲੇ ਗਏ ਸਨ।
ਕੈਪਟਨ ਨੇ ਦੱਸਿਆ ਕਿ ਸੁਪਰੀਮ ਕੋਰਟ ਵਿਚ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਚੱਲ ਰਹੇ ਰੋਡ ਰੇਜ ਦੇ ਮਾਮਲੇ ਵਿਚ ਉਨ੍ਹਾਂ ਨੂੰ ਅਸਤੀਫਾ ਦੇਣ ਦੀ ਜ਼ਰੂਰਤ ਨਹੀਂ ਹੈ।  ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਫਗਵਾੜਾ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੇ ਕੰਟਰੋਲ ਵਿਚ ਹੈ। ਉਨ੍ਹਾਂ ਕਿਹਾ ਕਿ ਅੰਬੇਡਕਰ ਜਯੰਤੀ 'ਤੇ ਹੋਈ ਹਿੰਸਾ ਦੇ ਕੁਝ ਮੁਲਜ਼ਮ ਹਿਰਾਸਤ ਵਿਚ ਸਨ, ਜਦਕਿ ਹੋਰਾਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ। ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ ਵਿਚ ਗੈਂਗਸਟਰਾਂ ਨੂੰ ਕਿਸੇ ਵੀ ਹਾਲਤ ਵਿਚ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਪੰਜਾਬ ਪੁਲਸ ਗੈਂਗਸਟਰਾਂ ਨਾਲ ਨਿਪਟਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਕਿਸੇ ਨੂੰ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨ ਦੀ ਆਗਿਆ ਕਿਸੇ ਵੀ ਹਾਲਤ ਵਿਚ ਨਹੀਂ ਦਿੱਤੀ ਜਾਵੇਗੀ।


Related News