ਪੰਜਾਬ ਦੇ ਵਿਧਾਇਕਾਂ ਤਕ ਨੂੰ ਜਾਰੀ ਨਹੀਂ ਹੋਏ ਕਰਫਿਊ ਪਾਸ

Thursday, Mar 26, 2020 - 02:10 PM (IST)

ਪੰਜਾਬ ਦੇ ਵਿਧਾਇਕਾਂ ਤਕ ਨੂੰ ਜਾਰੀ ਨਹੀਂ ਹੋਏ ਕਰਫਿਊ ਪਾਸ

ਜਲੰਧਰ (ਖੁਰਾਣਾ)- ਇਕ ਪਾਸੇ ਜਿਥੇ ਪੂਰੇ ਦੇਸ਼ ’ਚ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਣ ਲਾਕਡਾਊਨ ਦੇ ਹੁਕਮ ਹਨ, ਉਥੇ ਹੀ ਪੰਜਾਬ ਸਰਕਾਰ ਨੇ ਪੂਰੇ ਸੂਬੇ ’ਚ ਕਰਫਿਊ ਲਾਗੂ ਕੀਤਾ ਹੋਇਆ ਹੈ। ਐਤਵਾਰ ਨੂੰ ਲੱਗੇ ਜਨਤਾ ਕਰਫਿਊ ਅਤੇ ਸੋਮਵਾਰ ਤੋਂ ਸ਼ੁਰੂ ਹੋਏ ਪੁਲਸ ਕਰਫਿਊ ਕਾਰਣ ਸੂਬੇ ਦੇ ਲੱਖਾਂ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਪ੍ਰਸ਼ਾਸਨਿਕ ਪੱਧਰ ’ਤੇ ਕੀਤੇ ਜਾ ਰਹੇ ਪ੍ਰਬੰਧ ਲੋਕਾਂ ਲਈ ਨਾਕਾਫੀ ਸਿੱਧ ਹੇ ਰਹੇ ਹਨ। ਅਜਿਹੀ ਹਾਲਤ ’ਚ ਪੰਜਾਬ ਦਾ ਸਾਰਾ ਕੰਟਰੋਲ ਅਫਸਰਸ਼ਾਹੀ ਅਤੇ ਡਿਪਟੀ ਕਮਿਸ਼ਨਰਾਂ ਤਕ ਦੇ ਹੱਥਾਂ ’ਚ ਆ ਚੁੱਕਾ ਹੈ। ਹਾਲਾਤ ਇਥੋਂ ਤਕ ਪਹੁੰਚ ਗਏ ਹਨ ਕਿ ਪੰਜਾਬ ਦੇ ਵਿਧਾਇਕਾਂ ਤਕ ਨੂੰ ਕਰਫਿਊ ਪਾਸ ਜਾਰੀ ਨਹੀਂ ਹੋਏ, ਜਿਸ ਕਾਰਣ ਉਹ ਨਾ ਆਪਣੇ ਖੇਤਰਾਂ ਤਕ ਪਹੁੰਚ ਸਕਦੇ ਹਨ ਅਤੇ ਨਾ ਹੀ ਆਪਣੇ-ਆਪਣੇ ਹਲਕਿਆਂ ਦੀ ਸਾਰ ਲੈ ਸਕਦੇ ਹਨ। ਅਜਿਹੀ ਸਥਿਤੀ ਦੇ ਮੱਦੇਨਜ਼ਰ ਅੱਜ ਚੰਡੀਗੜ੍ਹ ਦੇ ਐੱਮ. ਐੱਲ. ਏ. ਹੋਸਟਲ ਤੇ ਫਲੈਟਾਂ ’ਚ ਸੂਬੇ ਦੇ 15 ਦੇ ਕਰੀਬ ਕਾਂਗਰਸੀ ਵਿਧਾਇਕਾਂ ਦੀ ਇਕ ਬੈਠਕ ਹੋਈ, ਜਿਸ ਵਿਚ ਅਫਸਰਸ਼ਾਹੀ ਦੀ ਭੂਮਿਕਾ ’ਤੇ ਸਖਤ ਰੋਸ ਪ੍ਰਗਟ ਕੀਤਾ ਗਿਆ। ਬੈਠਕ ਦੌਰਾਨ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਵਿਧਾਇਕ ਫਤਿਹਜੰਗ ਬਾਜਵਾ, ਵਿਧਾਇਕ ਸੁਖਪਾਲ ਭੁੱਲਰ, ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ ਆਦਿ ਤੋਂ ਇਲਾਵਾ ਹੋਰ ਵਿਧਾਇਕ ਵੀ ਹਾਜ਼ਰ ਸਨ। ਬੈਠਕ ਦੌਰਾਨ ਮਾਮਲਾ ਉਠਿਆ ਕਿ ਬੀਤੇ ਦਿਨੀਂ ਜਗਰਾਓਂ ਪੁਲਸ ਨੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਗੰਨਮੈਨਾਂ ਨੂੰ ਰੋਕ ਲਿਆ ਅਤੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਹੁਣ ਵਿਧਾਇਕਾਂ ਨੂੰ ਲੱਗ ਰਿਹਾ ਹੈ ਕਿ ਜੇ ਉਹ ਕਰਫਿਊ ਦੌਰਾਨ ਬਿਨਾਂ ਪਾਸ ਦੇ ਸੜਕਾਂ ’ਤੇ ਨਿਕਲਦੇ ਹਨ ਜਾਂ ਆਪਣੇ ਹਲਕੇ ਵੱਲ ਜਾਂਦੇ ਹਨ ਤਾਂ ਰਸਤੇ ਵਿਚ ਕਿਤੇ ਉਨ੍ਹਾਂ ਨੂੰ ਪੁਲਸ ਦੇ ਹੱਥੋਂ ਬੇਇੱਜ਼ਤ ਨਾ ਹੋਣਾ ਪਵੇ।
‘ਕਾਂਗਰਸ ਕਾ ਹਾਥ ਗਰੀਬੋਂ ਕੇ ਸਾਥ’ ਕਿਵੇਂ ਪਹੁੰਚੇਗਾ
ਕਾਂਗਰਸੀ ਵਿਧਾਇਕਾਂ ਦੀ ਇਸ ਬੈਠਕ ਦੌਰਾਨ ਇਕ ਕਾਂਗਰਸੀ ਵਿਧਾਇਕ ਨੇ ਤਾਂ ਇਥੋਂ ਤਕ ਕਹਿ ਦਿੱਤਾ ਹੈ ਕਿ ਸਾਡੀ ਪਾਰਟੀ ਦਾ ਮੁੱਖ ਸਲੋਗਨ ਹੀ ਇਹ ਹੈ ਕਿ ‘ਕਾਂਗਰਸ ਕਾ ਹਾਥ ਗਰੀਬੋਂ ਕੇ ਸਾਥ’ ਪਰ ਜੇ ਕਾਂਗਰਸ ਦੇ ਵਿਧਾਇਕ ਅਤੇ ਮੰਤਰੀ ਤਕ ਆਪਣੇ-ਆਪਣੇ ਹਲਕੇ ਦੀ ਸਾਰ ਨਹੀਂ ਲੈ ਸਕਣਗੇ ਤਾਂ ਉਨ੍ਹਾਂ ਹਲਕਿਆਂ ਦੇ ਗਰੀਬ ਕਿੱਥੇ ਜਾਣਗੇ। ਵਿਧਾਇਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਈ ਮੰਤਰੀ ਵੀ ਚੰਡੀਗੜ੍ਹ ’ਚ ਅਟਕੇ ਹੋਏ ਹਨ ਅਤੇ ਉਹ ਵੀ ਆਪਣੇ-ਆਪਣੇ ਵਿਧਾਨ ਸਭਾ ਖੇਤਰਾਂ ਵੱਲ ਨਹੀਂ ਜਾ ਸਕਦੇ। ਇਸ ਦੌਰਾਨ ਅਮਰਿੰਦਰ ਸਰਕਾਰ ’ਤੇ ਅਫਸਰਸ਼ਾਹੀ ਦੇ ਹਾਵੀ ਹੋਣ ’ਤੇ ਸਖਤ ਰੋਸ ਦੇਖਣ ਨੂੰ ਮਿਲਿਆ।

 

http://file:///C:/Users/deepakjbweb/Downloads/2020032556.pdf


author

Gurdeep Singh

Content Editor

Related News