ਬੇਅਦਬੀ ਦੇ ਮਾਮਲਿਆਂ ’ਚ ਡੇਰਾ ਮੁਖੀ ਜਾਂ ਕਿਸੇ ਹੋਰ ਨੂੰ ਨਹੀਂ ਦਿੱਤੀ ਗਈ ਕੋਈ ਕਲੀਨ ਚਿੱਟ : ਪੰਜਾਬ ਪੁਲਸ
Wednesday, Sep 29, 2021 - 09:59 PM (IST)
ਚੰਡੀਗੜ੍ਹ(ਰਮਨਜੀਤ)- ਪੰਜਾਬ ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਸਿਰਸਾ ਸਥਿਤ ਡੇਰੇ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਕਲੀਨ ਚਿੱਟ ਦੇਣ ਸਬੰਧੀ ਸਾਰੇ ਦੋਸ਼ ਕੋਰਾ ਝੂਠ ਅਤੇ ਬੇਬੁਨਿਆਦ ਹਨ। ਪੰਜਾਬ ਪੁਲਸ ਦਾ ਇਹ ਸਪੱਸ਼ਟੀਕਰਨ ਉਸ ਸਮੇਂ ਆਇਆ ਹੈ, ਜਦੋਂ ਡੀ.ਜੀ.ਪੀ. ਦੇ ਤੌਰ ’ਤੇ ਆਈ.ਪੀ.ਐੱਸ. ਸਹੋਤਾ ਦੀ ਨਿਯੁਕਤੀ ਨੂੰ ਲੈ ਕੇ ਰਾਜਨੀਤਕ ਭੂਚਾਲ ਆ ਚੁੱਕਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਸਹੋਤਾ ਦਾ ਨਾਂ ਲਏ ਬਿਨਾਂ ਇਹ ਕਿਹਾ ਗਿਆ ਹੈ ਕਿ ਉਨ੍ਹਾਂ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਜਿੰਮੇਵਾਰੀ ਦਿੱਤੀ ਗਈ ਹੈ, ਜਿਨ੍ਹਾਂ ਨੇ ਮਾਮਲੇ ਵਿਚ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਅਤੇ ਛੋਟੇ-ਛੋਟੇ ਲੜਕਿਆਂ ’ਤੇ ਤਸ਼ਦੱਦ ਕੀਤਾ ਸੀ।
ਇਹ ਵੀ ਪੜ੍ਹੋ- ਗੁਲਾਬੀ ਸੁੰਡੀ ਕਾਰਨ ਨਰਮੇ ਦੇ ਖਰਾਬੇ ਤੋਂ ਦੁਖੀ ਕਿਸਾਨ ਨੇ ਲਿਆ ਫਾਹਾ, ਮੌਤ
ਪੰਜਾਬ ਪੁਲਸ ਵਲੋਂ ਇਹ ਬਿਆਨ ਉਸ ਸਮੇਂ ’ਤੇ ਜਾਰੀ ਕੀਤਾ ਗਿਆ ਹੈ ਜਦੋਂ ਆਈ.ਪੀ.ਐੱਸ. ਅਧਿਕਾਰੀ ਇਕਬਾਲਪ੍ਰੀਤ ਸਿੰਘ ਸਹੋਤਾ, ਜਿਨ੍ਹਾਂ ਨੂੰ ਡੀ.ਜੀ.ਪੀ. ਪੰਜਾਬ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ, ਵਲੋਂ 2015 ਵਿਚ ਬਰਗਾੜੀ ਬੇਅਦਬੀ ਮਾਮਲਿਆਂ ਦੀ ਜਾਂਚ ਵਿਚ ਐੱਸ. ਆਈ. ਟੀ. ਵਲੋਂ ਗੁਰਮੀਤ ਰਾਮ ਰਹੀਮ ਨੂੰ ਕਲੀਨ ਚਿੱਟ ਦੇਣ ਦੀਆਂ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਹਨ। ਜ਼ਿਕਰਯੋਗ ਹੈ ਕਿ 12 ਅਕਤੂਬਰ 2015 ਨੂੰ ਪਿੰਡ ਬਰਗਾੜੀ ਵਿਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿੱਲਰੇ ਹੋਏ ਮਿਲੇ ਸਨ ਅਤੇ ਪੁਲਸ ਥਾਣਾ ਬਾਜਾਖਾਨਾ ਵਿਚ ਆਈ.ਪੀ.ਸੀ. ਦੀ ਧਾਰਾ 295, 120-ਬੀ ਅਨੁਸਾਰ ਐੱਫ.ਆਈ.ਆਰ. ਨੰਬਰ 128 ਤਰੀਕ 12 ਅਕਤੂਬਰ 2015 ਨੂੰ ਦਰਜ ਕੀਤੀ ਗਈ ਸੀ। ਪਿੰਡ ਬਰਗਾੜੀ ਵਿਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਲਈ ਇਕਬਾਲਪ੍ਰੀਤ ਸਿੰਘ ਸਹੋਤਾ, ਜੋ ਉਸ ਸਮੇਂ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ (ਬੀ.ਓ.ਆਈ.) ਸਨ, ਦੀ ਅਗਵਾਈ ਵਿਚ ਇੱਕ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਗੁਰਲਾਲ ਹੱਤਿਆ ਕਾਂਡ : ਫ਼ਰੀਦਕੋਟ ਪੁਲਸ ਨੇ ਦਿੱਲੀ ਤੋਂ ਇਕ ਸ਼ੂਟਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਹਾਸਲ ਕੀਤਾ ਰਿਮਾਂਡ
ਬੁਲਾਰੇ ਨੇ ਸਪੱਸ਼ਟ ਕੀਤਾ ਕਿ ਐੱਸ.ਆਈ.ਟੀ. ਨੇ ਸਿਰਫ 20 ਦਿਨਾਂ (14 ਅਕਤੂਬਰ 2015 ਤੋਂ 2 ਨਵੰਬਰ 2015) ਤੱਕ ਕੰਮ ਕੀਤਾ ਸੀ, ਜਿਸ ਤੋਂ ਬਾਅਦ ਕੇਸ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਸੌਂਪ ਦਿੱਤਾ ਗਿਆ ਸੀ। ਬੁਲਾਰੇ ਮੁਤਾਬਕ ਕਿ ਪੂਰੀ ਜਾਂਚ ਸੀ.ਬੀ.ਆਈ. ਵਲੋਂ ਕੀਤੀ ਗਈ ਸੀ ਨਾ ਕਿ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਾਲੀ ਐੱਸ. ਆਈ. ਟੀ. ਵਲੋਂ। ਗੁਰਮੀਤ ਰਾਮ ਰਹੀਮ ਜਾਂ ਕਿਸੇ ਹੋਰ ਵਿਅਕਤੀ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ ਗਈ।