ਨਿਜ਼ਾਮੂਦੀਨ ਤੋਂ ਪਰਤਣ ਵਾਲਿਆਂ ਦਾ ਲੱਭ ਕੇ ਕੀਤਾ ਜਾਵੇਗਾ ਟੈਸਟ : ਕੈਪਟਨ

04/02/2020 11:27:23 PM

ਚੰਡੀਗੜ੍ਹ,(ਅਸ਼ਵਨੀ) : ਨਿਜ਼ਾਮੂਦੀਨ ਘਟਨਾ ਦੀ ਰੌਸ਼ਨੀ 'ਚ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸਖਤ ਕਦਮ ਚੁੱਕਦਿਆਂ ਧਾਰਮਿਕ ਸਮਾਗਮਾਂ ਸਣੇ ਸੂਬੇ 'ਚ ਹਰ ਤਰ੍ਹਾਂ ਦੇ ਇਕੱਠ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਾਰੇ ਇਕੱਠਾਂ 'ਤੇ ਪਾਬੰਦੀ ਲਗਾਏਗੀ, ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਵੇ। ਅੱਗੇ ਆਉਣ ਵਾਲੇ ਵਿਸਾਖੀ ਦੇ ਤਿਓਹਾਰ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਗੱਲ ਕਰਨਗੇ, ਜਦਕਿ ਮੁੱਖ ਸਕੱਤਰ ਨੂੰ ਇਹ ਮਾਮਲਾ ਸ਼੍ਰੋਮਣੀ ਕਮੇਟੀ ਨਾਲ ਵਿਚਾਰਨ ਦੇ ਨਿਰਦੇਸ਼ ਦਿੱਤੇ ਗਏ। ਮੁੱਖ ਮੰਤਰੀ ਨੇ ਉਨ੍ਹਾਂ ਸਾਰਿਆਂ ਨੂੰ 21 ਦਿਨਾਂ ਦੇ ਏਕਾਂਤਵਾਸ 'ਤੇ ਭੇਜਣ ਦੇ ਹੁਕਮ ਦਿੱਤੇ ਹਨ, ਜਿਹੜੇ ਇਸ ਸਾਲ ਜਨਵਰੀ ਮਹੀਨੇ ਤੋਂ ਨਿਜ਼ਾਮੂਦੀਨ (ਦਿੱਲੀ) ਤੋਂ ਪਰਤੇ ਹਨ ਅਤੇ ਪੁਲਸ ਤੇ ਸਿਵਲ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਨਿਜ਼ਾਮੂਦੀਨ ਤੋਂ ਪਰਤਣ ਵਾਲਿਆਂ ਨੂੰ ਲੱਭਣ ਲਈ ਮੁਸਤੈਦੀ ਨਾਲ ਮੁਹਿੰਮ ਵਿੱਢੀ ਜਾਵੇ। ਉਨ੍ਹਾਂ ਪੁਲਸ ਤੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਵਿਸ਼ੇਸ਼ ਟੀਮਾਂ ਬਣਾ ਕੇ ਨਿਜ਼ਾਮੂਦੀਨ ਤੋਂ ਪੰਜਾਬ ਆਉਣ ਵਾਲਿਆਂ ਨੂੰ ਲੱਭ ਕੇ ਉਨ੍ਹਾਂ ਦਾ ਫਾਲੋਅੱਪ ਰੱਖਣ। ਕੈਪਟਨ ਸਿਵਲ ਪ੍ਰਸ਼ਾਸਨ ਤੇ ਪੁਲਸ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਨਾਲ ਲੈ ਕੇ ਵੀਡਿਓ ਕਾਨਫਰਸਿੰਗ ਰਾਹੀਂ ਡੀ. ਸੀਜ਼ ਨਾਲ ਮੌਜੂਦਾ ਸਥਿਤੀ ਦੀ ਸਮੀਖਿਆ ਕਰ ਰਹੇ ਸਨ।

ਡੀ. ਜੀ. ਪੀ. ਦਿਨਕਰ ਗੁਪਤਾ ਅਨੁਸਾਰ ਵੱਖ-ਵੱਖ ਸਮੇਂ 'ਤੇ ਪੰਜਾਬ 'ਚੋਂ 200 ਵਿਅਕਤੀ ਨਿਜ਼ਾਮੂਦੀਨ ਗਏ ਸਨ ਅਤੇ ਵਾਪਸ ਪਰਤੇ ਸਨ। ਇਸ ਤਰ੍ਹਾਂ 12 ਜ਼ਿਲਿਆਂ ਦੇ ਪ੍ਰਭਾਵਿਤ ਹੋਣ ਦਾ ਸੱਕ ਹੈ। ਉਨ੍ਹਾਂ ਨੂੰ ਲੱਭਣ ਤੋਂ ਇਲਾਵਾ ਹੋਰਨਾਂ ਸੂਬਿਆਂ ਦੇ ਵਿਅਕਤੀਆਂ ਨੂੰ ਵੀ ਲੱਭਿਆ ਜਾ ਰਿਹਾ ਹੈ, ਜਿਹੜੇ ਤਬਲੀਗੀ ਜਮਾਤ ਦੇ ਕੰਮ ਲਈ ਪੰਜਾਬ ਆਏ ਹਨ। ਸਿਹਤ ਵਿਭਾਗ ਨੂੰ ਵੀ ਇਸ ਬਾਰੇ ਦੱਸ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਾਲੇ ਤੱਕ ਕੋਰੋਨਾ ਪ੍ਰਭਾਵਿਤ ਅਜਿਹਾ ਕੋਈ ਕੇਸ ਸਾਹਮਣੇ ਨਹੀਂ ਆਇਆ। ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਅਨੁਰਾਗ ਅੱਗਰਵਾਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਵਿਭਾਗ ਨੂੰ ਹੁਣ ਤੱਕ ਅਜਿਹੇ ਵਿਅਕਤੀਆਂ 'ਚੋਂ 125 ਦੀ ਸੂਚੀ ਮਿਲੀ ਹੈ, ਜਿਨ੍ਹਾਂ 'ਚੋਂ 73 ਦਾ ਪਤਾ ਲਗਾਇਆ ਗਿਆ ਹੈ ਅਤੇ 25 ਕੇਸਾਂ ਦੇ ਨਮੂਨੇ ਇਕੱਤਰ ਕਰ ਲਏ ਗਏ ਹਨ, ਜਿਨ੍ਹਾਂ 'ਚੋਂ ਕੁਝ 19 ਮਾਰਚ ਨੂੰ ਮਾਨਸਾ ਆਏ ਸਨ। ਉਨ੍ਹਾਂ ਕਿਹਾ ਕਿ ਅਹਿਤਿਹਾਤ ਵਜੋਂ ਕਦਮ ਚੁੱਕਦਿਆਂ ਸਾਰਿਆਂ ਨੂੰ ਏਕਾਂਤਵਾਸ 'ਤੇ ਭੇਜ ਦਿੱਤਾ ਗਿਆ ਹੈ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਨਿਜ਼ਾਮੂਦੀਨ ਤੋਂ ਪਰਤੇ 31 ਵਿਅਕਤੀਆਂ ਨੂੰ ਏਕਾਂਤਵਾਸ 'ਚ ਰੱਖਿਆ ਗਿਆ ਹੈ, ਭਾਵੇਂ ਕਿ ਉਨ੍ਹਾਂ 'ਚ ਅਜੇ ਤੱਕ ਲੱਛਣ ਨਹੀਂ ਪਾਏ ਗਏ। ਪਟਿਆਲਾ 'ਚ ਵੀ 29 ਵਿਅਕਤੀਆਂ ਨੂੰ ਏਕਾਂਤਵਾਸ 'ਚ ਰੱਖਿਆ ਗਿਆ ਹੈ ਪਰ ਉਨ੍ਹਾਂ 'ਚ ਵੀ ਲੱਛਣ ਨਹੀਂ ਪਾਏ ਗਏ। ਸੰਗਰੂਰ ਦੇ ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਨਿਜ਼ਾਮੂਦੀਨ ਤੋਂ ਪਰਤੇ ਜਿਨ੍ਹਾਂ ਵਿਅਕਤੀਆਂ ਦੇ ਨਾਂ ਉਨ੍ਹਾਂ ਨੂੰ ਹਾਸਲ ਹੋਏ ਹਨ, ਉਨ੍ਹਾਂ ਸਾਰਿਆਂ ਨੂੰ ਲੱਭਿਆ ਜਾ ਚੁੱਕਿਆ ਹੈ ਅਤੇ ਉਨ੍ਹਾਂ ਦੇ ਨਮੂਨੇ ਲਏ ਗਏ ਹਨ ਅਤੇ ਬਹੁਤੇ ਮਾਮਲਿਆਂ 'ਚ ਵੱਖ ਰਹਿਣ ਦਾ ਸਮਾਂ ਮੁੱਕ ਗਿਆ ਹੈ।

ਡੀ. ਜੀ. ਪੀ. ਦਿਨਕਰ ਗੁਪਤਾ ਦੇ ਸੁਝਾਅ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ 'ਚ ਮੌਜੂਦ ਪਾਕਿਸਤਾਨੀ ਨਾਗਰਿਕਾਂ ਦੇ ਵੀ ਇਕਾਂਤਵਾਸ ਦੇ ਵੀ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਨਾਜ਼ੁਕ ਸਮੇਂ 'ਤੇ ਕਿਸੇ ਤਰ੍ਹਾਂ ਦੇ ਰਿਸਕ ਨੂੰ ਸੂਬਾ ਨਹੀਂ ਝੱਲ ਸਕਦਾ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਕਿਸਤਾਨ ਨੇ ਦਿੱਲੀ ਤੋਂ ਪਰਤੇ ਆਪਣੇ ਨਾਗਰਿਕਾਂ 'ਚੋਂ ਚਾਰ ਨੂੰ ਮੁਲਕ ਆਉਣ ਦੀ ਆਗਿਆ ਦਿੱਤੀ ਹੈ, ਜਿਨ੍ਹਾਂ 'ਚੋਂ ਤਿੰਨ ਪਾਜ਼ੀਟਿਵ ਹਨ। ਉਨ੍ਹਾਂ ਦੱਸਿਆ ਕਿ ਬੀ.ਐਸ.ਐਫ. ਅਤੇ ਇਮੀਗ੍ਰੇਸ਼ਨ ਸਟਾਫ ਜਿਨ੍ਹਾਂ ਨਾਲ ਉਨ੍ਹਾਂ ਦਾ ਵਾਹ ਪਿਆ ਸੀ, ਨੂੰ ਵੀ ਏਕਾਂਤਵਾਸ 'ਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਪਾਕਿਸਤਾਨੀ ਅਜੇ ਵੀ ਅੰਮ੍ਰਿਤਸਰ 'ਚ ਫਸੇ ਹੋਏ ਹਨ। ਡਿਪਟੀ ਕਮਿਸ਼ਨਰ ਮੁਤਾਬਕ ਜੰਮੂ-ਕਸ਼ਮੀਰ ਤੋਂ ਕੁਝ ਮੈਡੀਕਲ ਦੇ ਵਿਦਿਆਰਥੀ ਵੀ ਲਾਕਡਾਊਨ ਕਾਰਨ ਫਸੇ ਹੋਏ ਹਨ, ਭਾਵੇਂ ਕਿ ਉਨ੍ਹਾਂ ਨੇ ਏਕਾਂਤਵਾਸ ਦਾ ਸਮਾਂ ਵੀ ਮੁਕੰਮਲ ਕਰ ਲਿਆ ਹੈ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਹਜ਼ੂਰੀ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਜੀ ਜੋ ਅੱਜ ਚੱਲ ਵਸੇ, ਦੇ ਪਰਿਵਾਰ ਨੂੰ ਵੀ ਏਕਾਂਤਵਾਸ ਵਿੱਚ ਰੱਖਿਆ ਗਿਆ ਹੈ। ਭਾਈ ਨਿਰਮਲ ਸਿੰਘ ਜੀ ਨੇ ਮੋਗਾ ਵਿੱਚ ਇਕ ਵਿਆਹ ਸਮਾਗਮ 'ਚ ਸ਼ਿਰਕਤ ਕੀਤੀ ਸੀ ਅਤੇ ਜਿਹੜੇ ਵਿਅਕਤੀ ਇਸ ਸਮਾਗਮ 'ਚ ਉਨ੍ਹਾਂ ਦੇ ਸੰਪਰਕ 'ਚ ਆਏ ਸਨ, ਨੂੰ ਵੀ ਏਕਾਂਤਵਾਸ ਵਿੱਚ ਰੱਖਿਆ ਗਿਆ, ਭਾਵੇਂ ਕਿ ਉਨ੍ਹਾਂ 'ਚ ਲੱਛਣ ਨਹੀਂ ਪਾਏ ਗਏ। ਮੁੱਖ ਮੰਤਰੀ ਜੋ ਤੇਜ਼ੀ ਨਾਲ ਬਦਲ ਰਹੀ ਸਥਿਤੀ ਦੀ ਖੁਦ ਨਿਗਰਾਨੀ ਕਰ ਰਹੇ ਹਨ, ਨੇ ਇਸ ਅਣਕਿਆਸੇ ਸੰਕਟ ਦੇ ਘੱਟ ਤੋਂ ਘੱਟ ਅਸਰ ਦੀ ਲੋੜ 'ਤੇ ਜ਼ੋਰ ਦਿੰਦਿਆਂ ਸੀਨੀਅਰ ਅਧਿਕਾਰੀਆਂ ਨੂੰ ਆਪਣੇ ਯਤਨ ਹੋਰ ਤੇਜ਼ ਕਰਨ ਲਈ ਆਖਿਆ।

ਕੈਪਟਨ ਨੇ ਕਰਫਿਊ ਨੂੰ ਲਾਗੂ ਕਰਨ ਅਤੇ ਅਮਨ-ਕਾਨੂੰਨ ਦੀ ਵਿਵਸਥਾ ਦੀ ਪਾਲਣਾ ਦੇ ਨਾਲ-ਨਾਲ ਜ਼ਰੂਰੀ ਵਸਤਾਂ ਦੀ ਸਪਲਾਈ ਅਤੇ ਰਾਹਤ ਕਦਮਾਂ 'ਚ ਕਿਸੇ ਤਰ੍ਹਾਂ ਦੀ ਢਿੱਲ ਵਰਤਣ ਵਿਰੁੱਧ ਉਨ੍ਹਾਂ ਨੂੰ ਚੇਤਾਵਨੀ ਵੀ ਦਿੱਤੀ। ਡੀ.ਜੀ.ਪੀ. ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੂਬੇ ਭਰ 'ਚ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਕੰਟਰੋਲ ਵਿੱਚ ਹੈ ਪਰ ਕੁਝ ਹੋਰ ਸਮੇਂ ਲਈ ਕਰਫਿਊ ਪਾਬੰਦੀਆਂ ਜਾਰੀ ਰੱਖਣ ਦਾ ਸੁਝਾਅ ਦਿੱਤਾ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਮੀਟਿੰਗ 'ਚ ਦੱਸਿਆ ਕਿਹਾ ਬੈਂਕਾਂ ਵਿਖੇ ਭੀੜ ਹੋਣ ਨੂੰ ਰੋਕਣ ਲਈ ਬੈਂਕਾਂ ਨੂੰ ਫੋਨ 'ਤੇ ਅਪਾਇੰਟਮੈਂਟ ਦੇਣ ਅਤੇ ਏ.ਟੀ.ਐਮਜ਼ 'ਚ ਇੱਕ-ਦੂਜੇ ਤੋਂ ਦੂਰੀ ਵਾਲੇ ਨਿਸ਼ਾਨ ਲੱਗੇ ਹੋਣ ਨੂੰ ਯਕੀਨੀ ਬਣਾਉਣ ਲਈ ਕਿਹਾ।


Deepak Kumar

Content Editor

Related News