ਨਿਤੀਸ਼ ਕੁਮਾਰ ਤੇ ਸੁਖਬੀਰ ਬਾਦਲ ਇਨੈਲੋ ਦੇ ਮੰਚ 'ਤੇ ਹੋਣ ਇਕੱਠੇ, ਬਣਨਗੇ ਨਵੇਂ ਸਿਆਸੀ ਸਮੀਕਰਨ
Friday, Sep 09, 2022 - 04:04 PM (IST)
ਚੰਡੀਗੜ੍ਹ : ਭਾਜਪਾ ਛੱਡਣ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਣਨ ਦੀ ਤਿਆਰੀ ਕਰ ਰਹੇ ਹਨ। ਇਨ੍ਹੀਂ ਦਿਨੀਂ ਨਿਤੀਸ਼ ਕੁਮਾਰ ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨਾਲ ਮੀਟਿੰਗਾਂ ਕਰ ਰਹੇ ਹਨ ਪਰ ਉਨ੍ਹਾਂ ਦੀ ਅਜੇ ਤੱਕ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਸਿਆਸੀ ਪਾਰਟੀ ਦੇ ਮੁਖੀ ਸੁਖਬੀਰ ਬਾਦਲ ਨਾਲ ਮੁਲਾਕਾਤ ਨਹੀਂ ਹੋਈ ਸੀ। ਇਸ ਸੰਬੰਧ ਵਿਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨਾਲ 25 ਸਤੰਬਰ ਨੂੰ ਇੱਕ ਮੰਚ 'ਤੇ ਆ ਸਕਦੇ ਹਨ।
25 ਸਤੰਬਰ ਨੂੰ ਇੰਡੀਅਨ ਨੈਸ਼ਨਲ ਲੋਕ ਦਲ ਇਨੈਲੋ ਵੱਲੋਂ ਸਾਬਕਾ ਉਪ ਪ੍ਰਧਾਨ ਮੰਤਰੀ ਤਾਊ ਦੇਵੀ ਲਾਲ ਦਾ ਜਨਮ ਦਿਨ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਨਿਤੀਸ਼ ਕੁਮਾਰ ਵੀ ਆਉਣਗੇ। ਇਨੈਲੋ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।ਸੁਖਬੀਰ ਬਾਦਲ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਨੇ ਦੱਸਿਆ ਕਿ ਉਨ੍ਹਾਂ ਨੂੰ ਇਨੈਲੋ ਵੱਲੋਂ ਸੱਦਾ ਆਇਆ ਹੈ ਪਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਸਿਹਤ ਕਾਰਨਾਂ ਕਰਕੇ ਉੱਥੇ ਜਾਣਾ ਸੰਭਵ ਨਹੀਂ ਹੈ। ਇਸ ਲਈ ਉਹ ਆਪ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ। ਇਸ ਸਮਾਗਮ ਵਿੱਚ ਨਿਤੀਸ਼ ਕੁਮਾਰ ਵੀ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਨਿਤੀਸ਼ ਕੁਮਾਰ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਣਨ 'ਤੇ ਉਨ੍ਹਾਂ ਦਾ ਸਮਰਥਨ ਕਰਨ ਦੇ ਸਵਾਲ 'ਤੇ ਸੁਖਬੀਰ ਦਾ ਕਿਹਾ ਕਿ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।
ਸੁਖਬੀਰ ਬਾਦਲ ਨੇ ਕਿਹਾ ਕਿ ਚੌਟਾਲਾ ਪਰਿਵਾਰ ਅਤੇ ਬਾਦਲ ਪਰਿਵਾਰ ਦਾ ਪੁਰਾਣਾ ਰਿਸ਼ਤਾ ਹੈ। ਪਾਰਟੀ ਸੂਤਰ ਦੱਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਸਿਆਸੀ ਹਾਲਾਤ ਦੇ ਮੱਦੇਨਜ਼ਰ ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਕਿਸੇ ਤਰ੍ਹਾਂ ਦਾ ਫ਼ੈਸਲਾ ਲੈਣ 'ਤੇ ਜਲਦਬਾਜ਼ੀ ਨਹੀਂ ਕਰੇਗਾ। ਅਕਾਲੀ ਦਲ-ਭਾਜਪਾ ਗਠਜੋੜ ਟੁੱਟਣ ਨਾਲ ਨਾ ਸਿਰਫ਼ ਭਾਜਪਾ ਨੂੰ ਪੰਜਾਬ ਵਿੱਚ ਪੈਰ ਪਸਾਰਨ ਦਾ ਮੌਕਾ ਮਿਲਿਆ ਇਸ ਦੇ ਨਾਲ ਕੇਂਦਰ ਵਿੱਚ ਅਕਾਲੀ ਦਲ ਦਾ ਪ੍ਰਭਾਵ ਵੀ ਖ਼ਤਮ ਹੋ ਗਿਆ। ਇਸ ਤੋਂ ਇਲਾਵਾ ਭਾਜਪਾ ਤੋਂ ਅਲੱਗ ਹੋ ਕੇ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ਲੜਨ ਸਮੇਂ ਕਾਫੀ ਨੁਕਸਾਨ ਹੋਇਆ ਹੈ।