ਸ਼੍ਰੀ ਖੁਰਾਲਗੜ ਸਾਹਿਬ ਵਿਖੇ ਗੁਰੂ ਰਵਿਦਾਸ ਜੀ ਦੀ ਜਯੰਤੀ ਕਿਉਂ ਨਹੀਂ ਮਨਾ ਸਕੀ ''ਆਪ ਸਰਕਾਰ: ਨਿਮਿਸ਼ਾ ਮਹਿਤਾ
02/04/2023 6:31:02 PM

ਗੜ੍ਹਸ਼ੰਕਰ- ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਸਵਾਲ ਚੁਕਦਿਆਂ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਹੈ ਕਿ ਇਸ ਵਾਰ ਸ੍ਰੀ ਗੁਰੂ ਰਵਿਦਾਸ ਜਯੰਤੀ ਮੌਕੇ ਪੰਜਾਬ ਸਰਕਾਰ ਵੱਲੋਂ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਸਰਕਾਰੀ ਪ੍ਰੋਗਰਾਮ ਕਿਉਂ ਨਹੀਂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਖੁਰਾਲਗੜ ਸਾਹਿਬ ਅਤੇ ਚਰਨ ਛੋਹ ਗੰਗਾ ਸ੍ਰੀ ਗੁਰੂ ਰਵਿਦਾਸ ਜੀ ਦੇ ਪਵਿੱਤਰ ਧਾਮ ਹਲਕਾ ਗੜ੍ਹਸ਼ੰਕਰ ਵਿਚ ਪੈਂਦੇ ਹਨ ਅਤੇ ਪਿਛਲੇ ਸਮੇਂ ਦੌਰਾਨ ਵੱਖ-ਵੱਖ ਸਰਕਾਰਾਂ ਇਥੇ ਸੂਬਾ ਪੱਧਰੀ ਪ੍ਰੋਗਰਾਮ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਉਣਦੀਆਂ ਰਹੀਆ ਹਨ ਪਰ ਇਸ ਵਾਰ 'ਆਪ' ਸਰਕਾਰ ਵੱਲੋਂ ਇਥੇ ਕੋਈ ਵੀ ਪ੍ਰੋਗਰਾਮ ਨਹੀਂ ਉਲੀਕਿਆ ਗਿਆ।
ਇਹ ਵੀ ਪੜ੍ਹੋ : ਜਲੰਧਰ ਦੌਰੇ 'ਤੇ CM ਭਗਵੰਤ ਮਾਨ, ਕਿਹਾ-ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮੰਗਣ ਵਾਲੇ ਨਹੀਂ ਨੌਕਰੀ ਦੇਣ ਵਾਲੇ ਬਣਾਵਾਂਗੇ
ਭਾਜਪਾ ਬੁਲਾਰਣ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਸੱਤਾ ਵਿਚ ਆਉਂਦਿਆਂ ਹੀ ਨਾ ਸਿਰਫ਼ ਮਿਨਾਰ-ਏ-ਬੇਗਮਪੁਰਾ ਮੁਕੰਮਲ ਕਰਨ ਦਾ ਵਾਅਦਾ ਕੀਤਾ ਗਿਆ ਸੀ ਸਗੋਂ ਇਸ ਸਥਾਨ ਨੂੰ ਹੋਰ ਬਿਹਤਰ ਬਣਾਉਣ ਦੇ ਵਾਅਦੇ ਕੀਤੇ ਗਏ ਸਨ ਪਰ ਸੱਤਾ ਵਿਚ ਆਉਂਦਿਆਂ ਹੀ ਇੰਝ ਲੱਗਦਾ ਹੈ ਕਿ ਸਰਕਾਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਸ ਪਵਿੱਤਰ ਧਾਮ ਨੂੰ ਹੀ ਭੁਲਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਡਿਪਟੀ ਸਪੀਕਰ ਜੋਕਿ ਹਲਕਾ ਗੜ੍ਹਸ਼ੰਕਰ ਦੀ ਨੁਮਾਇੰਦਗੀ ਕਰਦੇ ਹਨ, ਇਹ ਲੱਗਦਾ ਹੈ ਕਿ ਆਪਣੀ ਸਰਕਾਰ ਦੇ ਕੋਲ ਉਹ ਵੀ ਆਪਣੇ ਹਲਕੇ ਵਿਚ ਪੈਂਦੇ ਸਥਾਨ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਪ੍ਰੋਗਰਾਮ ਕਰਵਾਉਣ ਦੀ ਮੰਗ ਨੂੰ ਲੈ ਕੇ ਜਾਂ ਤਾਂ ਪੂਰਨ ਤੌਰ 'ਤੇ ਫੇਲ ਹੋਏ ਹਨ ਜਾਂ ਫਿਰ ਉਨ੍ਹਾਂ ਵੱਲੋਂ ਇਥੇ ਸਰਕਾਰੀ ਪ੍ਰੋਗਰਾਮ ਕਰਵਾਉਣ ਦੀ ਮੰਗ ਹੀ ਨਹੀਂ ਰੱਖੀ ਗਈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਮਾਨ ਸਰਕਾਰ ਕੋਲ ਹੋਰ ਸਾਰੇ ਕੰਮਾਂ ਲਈ ਪੈਸਾ ਉਪਲੱਬਧ ਹੈ ਤਾਂ ਫਿਰ ਖੁਰਾਲਗੜ ਸਾਹਿਬ ਵਿਖੇ ਜਯੰਤੀ ਮਨਾਉਣ ਲਈ 'ਆਪ' ਸਰਕਾਰ ਵੱਲੋਂ ਕੰਜੂਸੀ ਕਿਉਂ ਵਰਤੀ ਗਈ।
ਆਮ ਆਦਮੀ ਪਾਰਟੀ ਦੀ ਸਰਕਾਰ ਇਹ ਨਾ ਭੁੱਲੇ ਕਿ ਸਿਰਫ਼ ਅਤੇ ਸਿਰਫ਼ ਦੋਆਬਾ ਖੇਤਰ ਵਿਚ ਹੀ ਲਗਭਗ 40 ਫ਼ੀਸਦੀ ਆਬਾਦੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੈਰੋਕਾਰਾਂ ਦੀ ਹੈ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਧਾਮ ਸ਼੍ਰੀ ਖੁਰਾਲਗੜ ਸਾਹਿਬ ਨੂੰ ਸਰਕਾਰ ਵੱਲੋਂ ਨਜ਼ਰਅੰਦਾਜ਼ ਕਰਨ ਦੀ ਇਸ ਗੁਸਤਾਖ਼ੀ ਨੂੰ ਲੋਕ ਕਦੇ ਵੀ ਮੁਆਫ਼ ਨਹੀਂ ਕਰਨਗੇ ਅਤੇ ਆਉਣ ਵਾਲੇ ਸਮੇਂ ਵਿਚ ਡਟ ਕੇ ਸਬਕ ਪੜ੍ਹਾਉਣਗੇ।
ਇਹ ਵੀ ਪੜ੍ਹੋ :ਜਲੰਧਰ: 6 ਦਿਨ ਲੁੱਟਾਂਖੋਹਾਂ, ਸਿਰਫ਼ ਛੱਡਿਆ ਵੀਰਵਾਰ ਦਾ ਦਿਨ, ਲੁਟੇਰਿਆਂ ਦੇ ਤਰੀਕੇ ਨੂੰ ਜਾਣ ਪੁਲਸ ਵੀ ਹੋਈ ਹੈਰਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।