ਸਮਰਾਲਾ ਪੁਲਸ ਵਲੋਂ ਨੀਗਰੋ ਲੜਕੀ ਹੈਰੋਇਨ ਸਮੇਤ ਗ੍ਰਿਫਤਾਰ

Wednesday, Jul 19, 2017 - 07:43 AM (IST)

ਸਮਰਾਲਾ ਪੁਲਸ ਵਲੋਂ ਨੀਗਰੋ ਲੜਕੀ ਹੈਰੋਇਨ ਸਮੇਤ ਗ੍ਰਿਫਤਾਰ

 
ਸਮਰਾਲਾ  (ਗਰਗ, ਬੰਗੜ) – ਬਾਹਰੀ ਮੁਲਕਾਂ ਤੋਂ ਆ ਕੇ ਸਾਡੇ ਦੇਸ਼ ਦੀ ਰਾਜਧਾਨੀ 'ਚ ਬੈਠ ਕੇ ਪੰਜਾਬ ਨੂੰ ਨਸ਼ਿਆਂ ਦੀ ਸਮੱਗਲਿੰਗ ਕਰਨ ਵਾਲੇ ਵਿਦੇਸ਼ੀ ਸਮੱਗਲਰਾਂ ਨੂੰ ਕਾਬੂ ਕਰਕੇ 'ਦਿੱਲੀ ਟੂ ਪੰਜਾਬ' ਤਕ 'ਡਰੱਗ ਲਾਈਨ ਡੈੱਡ' ਕਰਨ ਲਈ ਪੁਲਸ ਵਲੋਂ ਸਰਗਰਮੀ ਤੇਜ਼ ਕਰ ਦਿੱਤੀ ਗਈ ਹੈ। ਇਸੇ ਕਾਰਵਾਈ ਅਧੀਨ ਸਮਰਾਲਾ ਪੁਲਸ ਵਲੋਂ ਅੱਜ ਇਕ ਨੀਗਰੋ ਲੜਕੀ ਨੂੰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
ਡੀ. ਐੱਸ. ਪੀ. ਗੁਰਿੰਦਰਪਾਲ ਸਿੰਘ ਤੇ ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਵਿਸ਼ੇਸ਼ ਚੈਕਿੰਗ ਦੌਰਾਨ ਸ਼ੱਕੀ ਲੋਕਾਂ ਦੀ ਤਲਾਸ਼ੀ ਲਈ ਜਾ ਰਹੀ ਸੀ ਕਿ ਆਈ. ਟੀ. ਆਈ. ਦੇ ਨੇੜੇ ਸੂਆ ਪੁਲੀ ਦੇ ਨੇੜੇ ਇਕ ਨੀਗਰੋ ਲੜਕੀ ਨੂੰ ਸ਼ੱਕੀ ਹਾਲਤ 'ਚ ਪੈਦਲ ਆਉਂਦੇ ਹੋਏ ਵੇਖਿਆ ਗਿਆ। ਉਹ ਲੇਡੀ ਪੁਲਸ ਨੂੰ ਦੇਖ ਕੇ ਘਬਰਾ ਗਈ। ਪੁਲਸ ਕਰਮਚਾਰੀਆਂ ਵਲੋਂ ਉਸਨੂੰ ਆਵਾਜ਼ ਮਾਰ ਕੇ ਰੋਕਿਆ ਗਿਆ, ਨਾਂ-ਪਤਾ ਪੁੱਛਣ 'ਤੇ ਉਸਨੇ ਆਪਣਾ ਨਾਂ ਸ਼ੋਤਲ ਕਲੇਮੈਂਟ ਕੌਮ ਸੋਹੇਲੀ ਕ੍ਰਿਸ਼ਚੀਅਨ ਦੱਸਿਆ ਤੇ ਪਤਾ ਸਿਟੀ ਡਾਰ ਈ ਸਲਾਮ ਥਾਣਾ ਤੇ ਜ਼ਿਲਾ ਈ ਸਲਾਮ ਦੇਸ਼ ਤਨਜਾਨੀਆ ਹਾਲ ਵਾਸੀ ਰਾਜਪੂਤ ਰੋਡ, ਸਤਰਪੁਰ ਐਕਸਟੈਂਸ਼ਨ, ਨੇੜੇ ਮੈਟਰੋ ਸਟੇਸ਼ਨ ਨਿਊ ਦਿੱਲੀ ਦਾ ਦੱਸਿਆ।
ਪੁਲਸ ਵਲੋਂ ਉਸਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ ਦੋ ਪੈਕਟ ਬਰਾਮਦ ਹੋਏ, ਜਿਨ੍ਹਾਂ 'ਚ 300 ਗ੍ਰਾਮ ਹੈਰੋਇਨ ਸੀ। ਪੁਲਸ ਵਲੋਂ ਉਸ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਨੂੰ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਵਲੋਂ ਉਸ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ। ਸਮਰਾਲਾ ਪੁਲਸ ਇਸ ਤੋਂ ਪਹਿਲਾਂ ਦਿੱਲੀ ਤੋਂ ਪੰਜਾਬ ਤਕ ਨਸ਼ਾ ਸਪਲਾਈ ਕਰਨ ਵਾਲੇ ਇਕ ਨੀਗਰੋ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਚੁੱਕੀ ਹੈ। ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਦਿੱਲੀ ਤੋਂ ਪੰਜਾਬ 'ਚ ਨਸ਼ਾ ਵੇਚਣ ਵਾਲੇ ਸਮੱਗਲਰ ਗਿਰੋਹ ਦਾ ਸਫਾਇਆ ਕਰ ਦਿੱਤਾ ਜਾਵੇਗਾ।
ਮਾਡਲ ਬਣਨ ਦਾ ਸੁਪਨਾ ਜੇਲ ਯਾਤਰਾ 'ਚ ਬਦਲਿਆ
ਹੈਰੋਇਨ ਸਮੱਗਲਿੰਗ ਦੇ ਦੋਸ਼ ਹੇਠ ਗ੍ਰਿਫਤਾਰ ਕੀਤੀ ਗਈ ਸ਼ੋਤਲ ਕਲੇਮੈਂਟ ਖੁਦ ਨੂੰ ਗ੍ਰੈਜੂਏਟ ਦੱਸਦੀ ਹੈ, ਜਿਸ ਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਸਦਾ ਕਹਿਣਾ ਹੈ ਕਿ ਉਹ ਆਪਣੇ ਮੁਲਕ ਤੋਂ ਮੁੰਬਈ ਮਾਡਲਿੰਗ ਕਰਨ ਆਈ ਸੀ, ਜਿਥੇ ਉਸਨੇ ਇਕ ਹਿੰਦੀ ਗਾਣੇ ਵਿਚ ਆਪਣੇ ਸ਼ੌਕ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਹ ਦਿੱਲੀ ਸ਼ਿਫਟ ਹੋ ਗਈ, ਜਿਥੇ ਉਹ ਇਸ ਘਿਨੌਣੇ ਕਾਰੋਬਾਰ 'ਚ ਫਸ ਗਈ। ਉਸਦਾ ਕਹਿਣਾ ਹੈ ਕਿ ਉਹ ਦਿੱਲੀ ਤੋਂ ਪਹਿਲੀ ਵਾਰ ਨਸ਼ੇ ਦੀ ਡਿਲੀਵਰੀ ਦੇਣ ਆਈ ਸੀ ਕਿ ਪੁਲਸ ਦੇ ਅੜਿੱਕੇ ਆ ਗਈ।


Related News