ਜਲੰਧਰ ਵਿਖੇ ਨਿਹੰਗ ਸਿੰਘਾਂ ਨੇ ਖੋਖੇ 'ਚੋਂ ਕੱਢ ਕੇ ਸਾੜੇ ਸਿਗਰਟ, ਪਾਨ ਤੇ ਤੰਬਾਕੂ, ਦੁਕਾਨਦਾਰਾਂ ਨੇ ਸੁਣਾਇਆ ਦੁਖ਼ੜਾ
Wednesday, Dec 14, 2022 - 02:54 PM (IST)
ਜਲੰਧਰ (ਵਰੁਣ)- ਵਡਾਲਾ ਚੌਂਕ ਤੋਂ ਚੀਮਾ ਚੌਂਕ ਨੂੰ ਜਾਂਦੀ ਸੜਕ ‘ਤੇ ਨਿਹੰਗ ਸਿੰਘਾਂ ਨੇ ਸਿਗਰਟ ਪਾਨ ਦੇ ਕਰੀਬ 4 ਖੋਖਿਆਂ ‘ਚੋਂ ਸਮਾਨ ਕੱਢ ਕੇ ਸਾੜ ਦਿੱਤਾ। ਐੱਸ. ਐੱਸ. ਨਗਰ ਦੇ ਰਹਿਣ ਵਾਲੇ ਮੁਰਾਰੀ ਲਾਲ ਨੇ ਦੱਸਿਆ ਕਿ ਅੱਧੀ ਦਰਜਨ ਦੇ ਕਰੀਬ ਨਿਹੰਗਾਂ ਨੇ ਸਿਗਰੇਟ ਵੇਚਣ ਦਾ ਵਿਰੋਧ ਅਤੇ ਵੇਖਦੇ ਹੀ ਵੇਖਦੇ ਸਾਮਾਨ ਸੜਕ 'ਤੇ ਸੁੱਟ ਕੇ ਅੱਗ ਲਗਾ ਦਿੱਤੀ। ਇਸ ਦੇ ਨਾਲ ਹੀ ਖੋਖਿਆਂ ਦੀ ਭੰਨਤੋੜ ਵੀ ਕੀਤੀ ਗਈ।
ਮੁਰਾਰੀ ਲਾਲ ਨੇ ਦੱਸਿਆ ਕਿ ਉਹ ਸਿਗਰੇਟ ਸਣੇ ਹੋਰ ਸਾਮਾਨ ਵੇਚ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਸੀ। ਇਸੇ ਤਰ੍ਹਾਂ ਸੜਕ 'ਤੇ ਸਥਿਤ ਕਰੀਬ 4 ਹੋਰ ਖੋਖਿਆਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਹੈ। ਲੋਕ ਵੀ ਇਸ ਦੇ ਵਿਰੋਧ ਵਿਚ ਆ ਗਏ ਹਨ। ਮੌਕੇ 'ਤੇ ਪਹੁੰਚ ਕੇ ਥਾਣਾ 7 ਅਤੇ ਥਾਣਾ 6 ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਖੋਖੇ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦਾ ਕਰੀਬ 10 ਤੋਂ 15 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਇਕ ਨਿਹੰਗ ਸਿੰਘ ਸਮੇਤ 4 ਨੌਜਵਾਨਾਂ ਨੇ ਬੁੱਧਵਾਰ ਨੂੰ ਮਾਡਲ ਟਾਊਨ ਇਲਾਕੇ ਵਿਚ ਹੁੱਲੜਬਾਜ਼ੀ ਕਰਦਿਆਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ 4 ਪ੍ਰਵਾਸੀਆਂ ਦੇ ਕਈ ਸਾਲਾਂ ਪੁਰਾਣੇ ਪਾਨ ਅਤੇ ਬੀੜੀ-ਸਿਗਰੇਟਾਂ ਦੇ ਖੋਖਿਆਂ ਦਾ ਸਾਮਾਨ ਬਾਹਰ ਕੱਢ ਕੇ ਉਸ ਨੂੰ ਅੱਗ ਲਗਾ ਦਿੱਤੀ। ਚਾਰੇ ਨੌਜਵਾਨ 2 ਮੋਟਰਸਾਈਕਲਾਂ ’ਤੇ ਆਏ ਸਨ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 6 ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਭਾਰੀ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚੇ ਪਰ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨ ਉਥੋਂ ਫ਼ਰਾਰ ਹੋ ਚੁੱਕੇ ਸਨ।
ਮੂਲ ਰੂਪ ਵਿਚ ਯੂ. ਪੀ. ਦੇ ਜ਼ਿਲ੍ਹਾ ਰਾਏਬਰੇਲੀ ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਪੁੱਤਰ ਓਮ ਪ੍ਰਕਾਸ਼ ਹਾਲ ਵਾਸੀ ਪਿੰਡ ਅਲੀਪੁਰ ਜ਼ਿਲ੍ਹਾ ਜਲੰਧਰ ਨੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਹ ਤਾਰਾਮਾਊਂਟ ਹੋਟਲ ਦੇ ਕੋਲ ਲੰਮੇ ਸਮੇਂ ਤੋਂ ਪਾਨ ਅਤੇ ਬੀੜੀ-ਸਿਗਰੇਟਾਂ ਦਾ ਖੋਖਾ ਚਲਾਉਂਦਾ ਹੈ। ਸਵੇਰੇ 10.30 ਵਜੇ 4 ਨੌਜਵਾਨ ਦੋ ਮੋਟਰਸਾਈਕਲਾਂ ’ਤੇ ਆਏ। ਉਨ੍ਹਾਂ ਵਿਚ ਇਕ ਨਿਹੰਗ ਸਿੰਘ ਵੀ ਸੀ। ਉਨ੍ਹਾਂ ਨੇ ਉਸ ਦੇ ਖੋਖੇ ਦੀ ਪਹਿਲਾਂ ਤਲਵਾਰਾਂ ਨਾਲ ਤੋੜ-ਭੰਨ ਕੀਤੀ ਅਤੇ ਉਸ ਤੋਂ ਬਾਅਦ ਪੂਰਾ ਸਾਮਾਨ ਖੋਖੇ ਤੋਂ ਬਾਹਰ ਕੱਢ ਕੇ ਉਸਨੂੰ ਅੱਗ ਲਗਾ ਦਿੱਤੀ। ਇਸੇ ਤਰ੍ਹਾਂ ਉਨ੍ਹਾਂ ਨੇ 3 ਹੋਰ ਖੋਖਿਆਂ ਦੀ ਵੀ ਤੋੜ-ਭੰਨ ਕੀਤੀ।
ਪ੍ਰਵਾਸੀਆਂ ਨੇ ਜਤਾਇਆ ਰੋਸ, ਕੀਤਾ ਪ੍ਰਦਰਸ਼ਨ
ਖੋਖਿਆਂ ਦੀ ਤੋੜ-ਭੰਨ ਕਰਨ ਅਤੇ ਸਾਮਾਨ ਨੂੰ ਅੱਗ ਲਗਾਉਣ ਨਾਲ ਗੁੱਸੇ ਵਿਚ ਆਏ ਪ੍ਰਵਾਸੀਆਂ ਨੇ ਰੋਸ ਜਤਾਉਂਦਿਆਂ ਇਨਸਾਫ਼ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ। ਉਨ੍ਹਾਂ ਵੱਲੋਂ ਕੁਝ ਸਮੇਂ ਲਈ ਰਸਤਾ ਵੀ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰੋਜ਼ੀ ਰੋਟੀ ਖੋਹਣ ਵਾਲੇ ਨੌਜਵਾਨਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਪ੍ਰਵਾਸੀਆਂ ਨਾਲ ਹੋਈ ਧੱਕੇਸ਼ਾਹੀ ਨੂੰ ਲੈ ਕੇ ਹੋਰ ਲੋਕਾਂ ਨੇ ਵੀ ਉਨ੍ਹਾਂ ਦਾ ਸਮਰਥਨ ਕੀਤਾ।
ਇਹ ਵੀ ਪੜ੍ਹੋ : ਜਲੰਧਰ ਦੇ ਬਸਤੀ ਸ਼ੇਖ ’ਚ ਜ਼ੁਲਮ ਦੀ ਹੱਦ: ਬੇਰਹਿਮੀ ਨਾਲ ਕੁੱਟ ਕੇ ਮਾਰ ਦਿੱਤਾ 3 ਮਹੀਨਿਆਂ ਦਾ ਸਟ੍ਰੀਟ ਡੌਗ
ਕੁਝ ਹੀ ਘੰਟਿਆਂ ’ਚ ਫੜੇ ਸਾਰੇ ਮੁਲਜ਼ਮ: ਡੀ. ਸੀ. ਪੀ. ਜਗਮੋਹਨ ਸਿੰਘ
ਡੀ. ਸੀ. ਪੀ. ਸਿਟੀ ਜਗਮੋਹਨ ਸਿੰਘ ਨੇ ਕਿਹਾ ਕਿ ਪ੍ਰਵਾਸੀਆਂ ਦੇ ਖੋਖਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੌਜਵਾਨਾਂ ’ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਕੁਝ ਹੀ ਘੰਟਿਆਂ ਵਿਚ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਨੌਜਵਾਨਾਂ ਦੀ ਪਛਾਣ ਨਿਹੰਗ ਸਿੰਘ ਸਤਨਾਮ ਸਿੰਘ ਉਰਫ਼ ਗੁਲਾਬਾ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਚੰਬਾ ਥਾਣਾ ਚੰਬਾ ਜ਼ਿਲ੍ਹਾ ਅੰਮ੍ਰਿਤਸਰ, ਰਣਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਲੱਲੀਆਂ ਖੁਰਦ, ਥਾਣਾ ਲਾਂਬੜਾ ਜ਼ਿਲਾ ਜਲੰਧਰ, ਅਜਮੇਰ ਸਿੰਘ ਪੁੱਤਰ ਜਸਪਾਲ ਸਿੰਘ ਅਤੇ ਮਹਿਕਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਦੋਵੇਂ ਵਾਸੀ ਪਿੰਡ ਹਰੀਕੇ ਪੱਤਣ ਜ਼ਿਲਾ ਤਰਨਤਾਰਨ ਵਜੋਂ ਹੋਈ। ਚਾਰਾਂ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 6 ਵਿਚ ਆਈ. ਪੀ. ਸੀ. ਦੀ ਧਾਰਾ 425, 427, 160 ਤਹਿਤ ਐੱਫ. ਆਈ. ਆਰ. ਨੰਬਰ 221 ਦਰਜ ਕੀਤੀ ਗਈ ਹੈ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇ।
ਡੀ. ਸੀ. ਪੀ. ਜਗਮੋਹਨ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦਾ ਉਨ੍ਹਾਂ ਦੇ ਰਿਹਾਇਸ਼ੀ ਇਲਾਕਿਆਂ ਨਾਲ ਸਬੰਧਤ ਥਾਣਿਆਂ ਤੋਂ ਪੁਰਾਣਾ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਇਹ ਚਾਰੇ ਨੌਜਵਾਨ ਰਾਤ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਚ ਰੁਕੇ ਸਨ। ਇਸ ਤੋਂ ਪਹਿਲਾਂ ਖਾਲਸਾ ਵਹੀਰ ਯਾਤਰਾ ਵਿਚ ਸ਼ਾਮਲ ਹੋਏ ਸਨ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਸਰਦਾਰ ਦਾ ਕਮਾਲ ਵੇਖ ਕਰੋਗੇ ਤਾਰੀਫ਼ਾਂ, ਤਿਆਰ ਕੀਤਾ ਭਾਰਤ ਦਾ ਸਭ ਤੋਂ ਵੱਡਾ 40 ਕਿਲੋ ਦਾ 'ਬਰਗਰ'
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ