ਤਰਨਤਾਰਨ ਵਿਖੇ ਹਾਈ ਐਕਸਪਲੋਸਿਵ ਪਦਾਰਥ ਨਾਲ ਹੋਇਆ ਧਮਾਕਾ, NIA ਵਲੋਂ ਜਾਂਚ ਸ਼ੁਰੂ

Thursday, Sep 05, 2019 - 09:36 PM (IST)

ਤਰਨਤਾਰਨ ਵਿਖੇ ਹਾਈ ਐਕਸਪਲੋਸਿਵ ਪਦਾਰਥ ਨਾਲ ਹੋਇਆ ਧਮਾਕਾ, NIA ਵਲੋਂ ਜਾਂਚ ਸ਼ੁਰੂ

ਤਰਨਤਾਰਨ, (ਰਮਨ)- ਜ਼ਿਲਾ ਤਰਨਤਾਰਨ ਦੇ ਪਿੰਡ ਕਲੇਰ ਵਿਖੇ ਬੀਤੀ ਰਾਤ ਕੁਝ ਵਿਅਕਤੀਆਂ ਵੱਲੋਂ ਇਕ ਪਲਾਟ ’ਚ ‘ਹਾਈ ਪੋਟੈਂਸੀ ਵਿਸਫੋਟਕ ਪਦਾਰਥ’ ਨਾਲ ਛੇਡ਼ਛਾਡ਼ ਕਰਨ ਸਮੇਂ ਹੋਏ ਧਮਾਕੇ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ। ਇਸ ਸਬੰਧ ’ਚ ਪੁਲਸ ਵੱਲੋਂ ਮੀਡੀਆ ਨਾਲ ਬਣਾਈ ਗਈ ਦੂਰੀ ਕਾਰਣ ਇਹ ਸਾਫ ਪਤਾ ਨਹੀਂ ਲੱਗ ਪਾਇਆ ਕਿ ਵਿਸਫੋਟਕ ਇਸ ਪਲਾਟ ’ਚ ਕਿਸ ਤਰ੍ਹਾਂ ਪੁੱਜਾ। ਫਿਲਹਾਲ ਪੁਲਸ ਵੱਲੋਂ ਥਾਣਾ ਸਦਰ ਵਿਖੇ ਧਾਰਾ 304-ਏ, 4, 5, ਐਕਸਪਲੋਸਿਵ ਐਕਟ ਤਹਿਤ ਮੁਕੱਦਮਾ ਨੰਬਰ 280 ਕਰਦੇ ਹੋਏ ਅਗਲੇਰੀ ਕਾਰਵਾਈ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਘਟਨਾ ਵਾਲੀ ਥਾਂ ’ਤੇ ਧਮਾਕੇ ਤੋਂ ਬਾਅਦ ਬਣੇ ਕਰੀਬ 3 ਫੁੱਟ ਡੂੰਘੇ ਟੋਏ ਅਤੇ ਆਸ-ਪਾਸ ਦੇ ਖੇਤਰ ਤੋਂ ਬੰਬ ਡਿਸਪੋਜ਼ ਅਤੇ ਡਿਟੈਕਟ ਸਟਾਫ (ਬੀ. ਡੀ. ਡੀ. ਐੱਸ.),ਐੱਫ. ਐੱਸ. ਐੱਲ., ਐੱਨ. ਆਈ. ਏ. ਦੀਆਂ ਟੀਮਾਂ ਨੇ ਸਰਚ ਅਭਿਆਨ ਦੌਰਾਨ ਮੌਕੇ ਤੋਂ ਇਕ ਕਹੀ, ਵਿਸਫੋਟਕ ਪਦਾਰਥ ਦਾ ਕੁਝ ਮਟੀਰੀਅਲ, ਇਕ ਸਮਾਰਟ ਫੋਨ ਬਰਾਮਦ ਕੀਤਾ ਗਿਆ ਹੈ, ਜਦਕਿ ਇਸ ਪਿੰਡ ਦੇ ਅੱਡੇ ’ਤੇ ਸਥਿਤ ਹਰਜੀਤ ਸਿੰਘ ਨਾਂ ਦੇ ਵਿਅਕਤੀ ਦੇ ਘਰੋਂ ਗੁਰਜੰਟ ਸਿੰਘ ਦਾ ਇਕ ਸਪਲੈਂਡਰ ਮੋਟਰਸਾਈਕਲ, ਇਕ ਡਬਲ ਬੈਰਲ ਰਾਈਫਲ, 12 ਜ਼ਿੰਦਾ ਕਾਰਤੂਸ, ਇਕ-ਇਕ ਰੁਪਏ ਵਾਲੇ 78 ਨੋਟ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਪੁਲਸ ਵੱਲੋਂ ਬਾਰੀਕੀ ਨਾਲ ਪਡ਼ਤਾਲ ਕੀਤੀ ਜਾ ਰਹੀ ਹੈ ਪਰ ਸੂਤਰਾਂ ਤੋਂ ਇਹ ਜਾਣਕਾਰੀ ਵੀ ਪ੍ਰਾਪਤ ਕੀਤੀ ਗਈ ਹੈ ਕਿ ਹਰਜੀਤ ਸਿੰਘ ਦੇ ਖਾਤੇ ’ਚ ਪਿਛਲੇ ਕੁਝ ਸਮੇਂ ’ਚ ਵਿਦੇਸ਼ਾਂ ਤੋਂ ਫੰਡਿੰਗ ਵੀ ਹੋ ਚੁੱਕੀ ਹੈ, ਜਿਸ ਦੇ ਤਾਰ ਦੇਸ਼ ਵਿਰੋਧੀ ਏਜੰਸੀਆਂ ਨਾਲ ਜੁਡ਼ੇ ਹੋਣ ਦੇ ਸ਼ੱਕ ਨੂੰ ਲੈ ਕੇ ਪੁਲਸ ਉਸ ਦੀ ਤਹਿ ਤੱਕ ਜਾ ਰਹੀ ਹੈ ਪਰ ਹਰਜੀਤ ਸਿੰਘ ਪੁਲਸ ਦੀ ਗ੍ਰਿਫਤ ਤੋਂ ਫਰਾਰ ਦੱਸਿਆ ਜਾ ਰਿਹਾ ਹੈ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਜ਼ਮੀਨ ’ਚ ਦੱਬਿਆ ਹੋਇਆ ਖਤਰਨਾਕ ਵਿਸਫੋਟਕ ਪਦਾਰਥ ਲੈਣ ਲਈ ਉਕਤ ਤਿੰਨੇ ਵਿਅਕਤੀ ਰਾਤ ਸਮੇਂ ਪੁੱਜੇ ਸਨ ਜਿਨ੍ਹਾਂ ਵੱਲੋਂ ਆਉਣ ਵਾਲੇ ਸਮੇਂ ’ਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਿਸੇ ਵੱਡੀ ਘਟਨਾਂ ਨੂੰ ਅੰਜਾਮ ਦਿੱਤਾ ਜਾਣਾ ਸੀ। ਇਹ ਵਿਅਕਤੀ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਪਿਛਲੇ ਕਿੰਨੇ ਸਮੇਂ ਤੋਂ ਸਨ, ਇਸ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਦੀ ਤਹਿ ਤੱਕ ਪੁੱਜਣ ਲਈ ਐੱਨ. ਆਈ. ਏ., ਬੀ. ਡੀ. ਡੀ. ਐੱਸ. ਅਤੇ ਐੱਫ. ਐੱਸ. ਐੱਲ. ਟੀਮਾਂ ਦੀ ਮਦਦ ਨਾਲ ਮੌਕੇ ਤੋਂ ਬਰਾਮਦ ਕੀਤੇ ਵਿਸਫੋਟਕ ਪਦਾਰਥ ਦੇ ਸੈਂਪਲ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਦੋਂ ਆਈ. ਜੀ. ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸਾਰੀਆਂ ਟੀਮਾਂ ਮਿਲ ਕੇ ਜਾਂਚ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਕੁਝ ਵੀ ਕਹਿਣਾ ਠੀਕ ਨਹੀਂ।


author

DILSHER

Content Editor

Related News