57 ਗੈਂਗਸਟਰਾਂ ਤੇ ਅੱਤਵਾਦੀਆਂ ਖ਼ਿਲਾਫ਼ ਐਕਸ਼ਨ ਦੀ ਤਿਆਰੀ, NIA ਨੇ ਪੰਜਾਬ ਸਰਕਾਰ ਤੋਂ ਮੰਗੇ ਵੇਰਵੇ

04/10/2023 7:12:25 PM

ਚੰਡੀਗੜ੍ਹ/ਜਲੰਧਰ- ਐੱਨ. ਆਈ. ਏ. (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਨੇ ਪੰਜਾਬ ਦੇ 57 ਗੈਂਗਸਟਰਾਂ ਅਤੇ ਅੱਤਵਾਦੀਆਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਐੱਨ. ਆਈ. ਏ. ਨੇ ਸਿੱਖ ਫਾਰ ਜਸਟਿਸ (SFJ) ਨਾਲ ਜੁੜੇ ਅੱਤਵਾਦੀਆਂ ਦੇ ਨਾਂ ਵੀ ਸ਼ਾਮਲ ਕੀਤੇ ਹਨ। ਗਲਤ ਤਰੀਕੇ ਨਾਲ ਕਮਾਈ ਹੋਣ 'ਤੇ ਸਰਕਾਰ ਜਾਂਚ ਤੋਂ ਬਾਅਦ ਇਨ੍ਹਾਂ ਸਾਰਿਆਂ ਦੀ ਜਾਇਦਾਦ ਕੁਰਕ ਕਰ ਸਕਦੀ ਹੈ। ਜਾਂਚ ਏਜੰਸੀ ਨੇ ਸੂਬਾ ਸਰਕਾਰ ਨੂੰ ਪੱਤਰ ਭੇਜ ਕੇ ਗੈਂਗਸਟਰਾਂ ਅਤੇ ਅੱਤਵਾਦੀਆਂ ਦੀਆਂ ਚੱਲ-ਅਚੱਲ ਜਾਇਦਾਦਾਂ ਦਾ ਰਿਕਾਰਡ ਮੰਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਪੱਧਰ ‘ਤੇ ਪ੍ਰਸ਼ਾਸਨ ਨੇ ਆਪਣੇ ਇਲਾਕੇ ‘ਚ ਗੈਂਗਸਟਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਂ ‘ਤੇ ਦਰਜ ਜਾਇਦਾਦਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੈਂਗਸਟਰਾਂ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ 12 ਫਿਰੋਜ਼ਪੁਰ ਦੇ ਹਨ, ਜਦਕਿ 11 ਤਰਨਤਾਰਨ ਅਤੇ 10 ਅੰਮ੍ਰਿਤਸਰ ਦੇ ਹਨ। ਹੋਰ ਜ਼ਿਲ੍ਹਿਆਂ ਦੇ ਦਹਿਸ਼ਤਗਰਦਾਂ ਅਤੇ ਗੈਂਗਸਟਰਾਂ ਵਿੱਚ ਕਪੂਰਥਲਾ, ਮੋਗਾ, ਮੋਹਾਲੀ, ਫਾਜ਼ਿਲਕਾ, ਮੁਕਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸ਼ਾਮਲ ਹਨ।

ਇਹ ਵੀ ਪੜ੍ਹੋ : ਜਲੰਧਰ ਦੇ ਰਿਹਾਇਸ਼ੀ ਇਲਾਕੇ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਲੋਕਾਂ ਨੇ ਔਰਤਾਂ ਦਾ ਚਾੜ੍ਹਿਆ ਕੁਟਾਪਾ

ਦਰਅਸਲ ਨੈਸ਼ਨਲ ਜਾਂਚ ਏਜੰਸੀ ਅੱਤਵਾਦੀਆਂ ਅਤੇ ਗੈਂਗਸਟਰਾਂ ਦੁਆਰਾ ਮਿਲ ਕੇ ਬਣਾਏ ਗਏ ਕਲੱਸਟਰ ਨੂੰ ਤੋੜਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਐੱਨ. ਆਈ. ਏ. ਵੱਲੋਂ ਦੋ ਐੱਫ਼. ਆਈ. ਆਰ. ਵੀ ਦਰਜ ਕੀਤੀਆਂ ਗਈਆਂ ਹਨ। ਜਿਸ ਵਿੱਚ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਕਾਲਾ ਜਠੇਰਾ, ਭੁੱਪੀ ਆਦਿ ਗੈਂਗਸਟਰਾਂ ਦੇ ਨਾਮ ਵੀ ਸ਼ਾਮਲ ਹਨ, ਇਸ ਤੋਂ ਇਲਾਵਾ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖੀਬਰ ਲੰਡਾ ਵੀ ਸ਼ਾਮਲ ਹਨ। ਐੱਨ. ਆਈ. ਏ. ਪੰਜਾਬ, ਹਰਿਆਣਾ, ਯੂਪੀ ਅਤੇ ਰਾਜਸਥਾਨ ਵਿੱਚ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਟਿਕਾਣਿਆਂ 'ਤੇ ਵੀ ਦੋ ਤੋਂ ਤਿੰਨ ਵਾਰ ਛਾਪੇਮਾਰੀ ਕਰ ਚੁੱਕੀ ਹੈ।

ਜੇਕਰ ਐੱਨ.ਆਈ.ਏ. ਦੀ ਜਾਂਚ 'ਚ ਇਹ ਸਾਬਤ ਹੋ ਜਾਂਦਾ ਹੈ ਕਿ ਗੈਂਗਸਟਰਾਂ ਨੇ ਜਾਇਦਾਦਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਖ਼ਰੀਦਿਆ ਹੈ ਤਾਂ ਸਰਕਾਰ ਇਨ੍ਹਾਂ ਨੂੰ ਕੁਰਕ ਕਰ ਸਕਦੀ ਹੈ ਜਾਂ ਉਨ੍ਹਾਂ ਨੂੰ ਢਾਹ ਵੀ ਸਕਦੀ ਹੈ। ਗਲਤ ਢੰਗ ਨਾਲ ਕਮਾਇਆ ਇਹ ਪੈਸਾ ਵਿਦੇਸ਼ ਤੋਂ ਅੱਤਵਾਦੀ ਫੰਡਿੰਗ, ਡਰੱਗ ਤਸਕਰੀ ਅਤੇ ਜਬਰੀ ਵਸੂਲੀ ਰਾਹੀਂ ਇਕੱਠਾ ਕੀਤਾ ਜਾ ਸਕਦਾ ਹੈ। ਇਸੇ ਕਰਕੇ ਹੀ ਐੱਨ .ਆਈ. ਏ. ਰਾਹੀਂ ਇਹ ਵੇਰਵਾ ਮੰਗਿਆ ਹੈ। ਗ੍ਰਹਿ ਸਕੱਤਰ ਅਨੁਰਾਗ ਵਰਮਾ ਨੇ ਸਬੰਧਤ ਡਿਪਟੀ ਕਮਿਸ਼ਨਰ ਦਫ਼ਤਰਾਂ ਤੋਂ ਅੱਤਵਾਦੀਆਂ ਜਾਂ ਗੈਂਗਸਟਰਾਂ ਦੀਆਂ ਜਾਇਦਾਦਾਂ ਦਾ ਵੇਰਵਾ ਮੰਗਿਆ ਹੈ। ਐੱਨ. ਆਈ. ਏ. ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਅਤੇ ਵਧੀਕ ਸਕੱਤਰ (ਉੱਤਰੀ ਬਲਾਕ) ਪ੍ਰਵੀਨ ਵਸ਼ਿਸ਼ਟ ਵੱਲੋਂ ਪੰਜਾਬ ਸਰਕਾਰ ਨੂੰ ਲਿਖੇ ਪੱਤਰਾਂ ਦੇ ਆਧਾਰ ’ਤੇ ਸਬੰਧਤ ਜ਼ਿਲ੍ਹੇ ਦੇ ਡੀ. ਸੀ. ਨੂੰ ਅਜਿਹਾ ਕਰਨ ਲਈ ਕਿਹਾ ਗਿਆ ਹੈ।
ਐੱਨ. ਆਈ ਏ. ਨੇ ਤਰਨਤਾਰਨ ਵਿੱਚ 23 ਸਤੰਬਰ 2019 ਨੂੰ ਹੋਏ ਬੰਬ ਧਮਾਕੇ ਦੇ ਮੁਲਜ਼ਮਾਂ ਦੀਆਂ ਜਾਇਦਾਦਾਂ ਦੇ ਵੇਰਵੇ ਮੁੱਖ ਤੌਰ ’ਤੇ ਮੰਗੇ ਹਨ। ਇਸ ਘਟਨਾ ਵਿੱਚ ਤਰਨਤਾਰਨ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਹ ਪੂਰੀ ਘਟਨਾ ਅੱਤਵਾਦੀ ਮਾਡਿਊਲ ਦਾ ਹਿੱਸਾ ਸੀ। ਜਿਸ ਵਿੱਚ ਖ਼ਾਲਿਸਤਾਨ ਲਿਬਰੇਸ਼ਨ ਫੋਰਸ (KLF) ਨਾਲ ਜੁੜੇ ਅੱਤਵਾਦੀਆਂ ਦੇ ਨਾਂ ਸਾਹਮਣੇ ਆਏ ਸਨ।

ਇਹ ਵੀ ਪੜ੍ਹੋ : ਸ਼ਾਤਿਰ ਕੁੜੀ ਦਾ ਕਾਰਾ ਕਰੇਗਾ ਹੈਰਾਨ, ਕ੍ਰੈਡਿਟ ਕਾਰਡ ਜ਼ਰੀਏ ਇੰਝ ਕੀਤੀ ਲੱਖਾਂ ਦੀ ਧੋਖਾਦੇਹੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News