ਐੱਨ. ਆਈ. ਏ. ਨੇ ਚਲਾਨ ਪੇਸ਼ ਕਰਨ ਲਈ ਅਦਾਲਤ ਤੋਂ ਮੰਗੀ 180 ਦਿਨ ਦੀ ਮੋਹਲਤ
Friday, Feb 09, 2018 - 08:51 AM (IST)
ਮੋਹਾਲੀ (ਕੁਲਦੀਪ) : ਪੰਜਾਬ ਵਿਚ ਪਿਛਲੇ ਸਮੇਂ ਵਿਚ ਹਿੰਦੁ ਨੇਤਾਵਾਂ ਦੀ ਹੱਤਿਆ ਮਾਮਲਿਆਂ ਦੀ ਜਾਂਚ ਕਰ ਰਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਵੱਲੋਂ ਅਦਾਲਤ ਵਿਚ ਚਲਾਨ ਪੇਸ਼ ਕਰਨ ਦਾ ਸਮਾਂ ਲਗਭਗ ਪੂਰਾ ਹੋਣ ਵਾਲਾ ਹੈ ਪਰ ਏਜੰਸੀ ਦੀ ਅਜੇ ਚਲਾਨ ਪੇਸ਼ ਕਰਨ ਦੀ ਤਿਆਰੀ ਨਹੀਂ ਹੈ। ਇਸ ਕਾਰਨ ਏਜੰਸੀ ਦੇ ਅਧਿਕਾਰੀਆਂ ਵਲੋਂ ਮੋਹਾਲੀ ਸਥਿਤ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਵਿਚ ਇਕ ਐਪਲੀਕੇਸ਼ਨ ਦਰਜ ਕੀਤੀ ਗਈ ਹੈ, ਜਿਸ ਵਿਚ ਏਜੰਸੀ ਨੇ ਅਦਾਲਤ ਵਿਚ ਚਲਾਨ ਪੇਸ਼ ਕਰਨ ਲਈ 90 ਦਿਨ ਦੀ ਬਜਾਏ 180 ਦਿਨ ਦੀ ਮੋਹਲਤ ਮੰਗੀ ਹੈ । ਏਜੰਸੀ ਦਾ ਕਹਿਣਾ ਹੈ ਕਿ ਇਹ ਮਾਮਲਾ ਕਾਫੀ ਮਹੱਤਵਪੂਰਨ ਹੈ । ਅਜੇ ਤਕ ਕੇਸ ਵਿਚ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਕੇਸ ਦੀਆਂ ਤਾਰਾਂ ਸਿਰਫ ਇੰਡੀਆ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਨਾਲ ਵੀ ਜੁੜੀਆਂ ਹੋਈਆਂ ਹਨ, ਜਿਸ ਕਾਰਨ ਏਜੰਸੀ ਨੂੰ ਅਜੇ ਕੁੱਝ ਸਮੇਂ ਦੀ ਮੋਹਲਤ ਚਾਹੀਦੀ ਹੈ ।
ਉਥੇ ਹੀ ਅੱਜ ਅਦਾਲਤ ਵਿਚ ਪਾਦਰੀ ਸੁਲਤਾਨ ਮਸੀਹ ਹੱਤਿਆ ਕਾਂਡ ਕੇਸ ਦੀ ਸੁਣਵਾਈ ਵੀ ਅਦਾਲਤ ਵਿਚ ਹੋਈ । ਅਦਾਲਤ ਵਿਚ ਮੁਲਜ਼ਮ ਰਮਨਦੀਪ ਸਿੰਘ ਉਰਫ ਕੈਨੇਡੀਅਨ ਨੂੰ ਪੇਸ਼ ਕੀਤਾ ਗਿਆ ਜਦੋਂਕਿ ਬਾਕੀ ਮੁਲਜ਼ਮ ਹਰਦੀਪ ਸਿੰਘ ਉਰਫ ਸ਼ੇਰਾ, ਤਲਜੀਤ ਸਿੰਘ ਜਿੰਮੀ ਅਤੇ ਅਨਿਲ ਉਰਫ ਕਾਲਾ ਅਦਾਲਤ ਵਿਚ ਪੇਸ਼ ਨਹੀਂ ਹੋਏ । ਅਦਾਲਤ ਨੇ ਇਨ੍ਹਾਂ ਮੁਲਜ਼ਮਾਂ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤੇ ਹਨ। ਕੇਸ ਦੀ ਅਗਲੀ ਸੁਣਵਾਈ 12 ਫਰਵਰੀ ਨੂੰ ਕੀਤੀ ਜਾਵੇਗੀ ।
