ਨਵਵਿਆਹੀ ਕੁੜੀ ਨੇ ਆਪਣੇ ਪੇਕੇ ਪਰਿਵਾਰ ’ਤੇ ਲਗਾਏ ਹਮਲਾ ਕਰਨ ਦੋਸ਼

Monday, Jan 08, 2024 - 06:07 PM (IST)

ਨਵਵਿਆਹੀ ਕੁੜੀ ਨੇ ਆਪਣੇ ਪੇਕੇ ਪਰਿਵਾਰ ’ਤੇ ਲਗਾਏ ਹਮਲਾ ਕਰਨ ਦੋਸ਼

ਗੁਰੂਹਰਸਹਾਏ (ਮਨਜੀਤ) : ਥਾਣਾ ਗੁਰੂਹਰਸਹਾਏ ਦੇ ਅਧੀਨ ਪੈਂਦੇ ਪਿੰਡ ਖੈਰੇ ਕੇ ਉਤਾੜ ਦੀ ਇਕ ਨਵਵਿਆਹੁਤਾ ਨੇ ਆਪਣੇ ਪੇਕੇ ਪਰਿਵਾਰਿਕ ਮੈਂਬਰਾਂ ਤੇ ਅਣਪਛਾਤੇ ਵਿਅਕਤੀਆਂ  ’ਤੇ ਘਰ ’ਚ ਜ਼ਬਰਦਸਤੀ ਦਾਖਲ ਹੋ ਕੇ ਇੱਟਾਂ ਰੋੜੇ ਮਾਰ ਕੇ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਪੀੜਤ ਲੜਕੀ ਵੱਲੋਂ ਕਾਰਵਾਈ ਦੀ ਮੰਗ ਨੂੰ ਲੈ ਕੇ ਸਬੰਧਿਤ ਗੁਰੂਹਰਸਹਾਏ ਤੇ ਪੁਲਸ ਚੌਕੀ ਪੰਜੇ ਕੇ ਉਤਾੜ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਹਮਲਾ ਕਰਨ ਵਾਲੇ ਵਿਅਕਤੀਆਂ ’ਤੇ ਕਾਰਵਾਈ ਦੀ ਮੰਗ ਕੀਤੀ ਹੈ।  ਪੀੜਤ ਨਵਵਿਆਹੁਤਾ ਲੜਕੀ ਸ਼ਿਲਪਾ ਰਾਣੀ ਪਤਨੀ ਹਰਨੇਕ ਸਿੰਘ ਨੇ ਦੱਸਿਆ ਕਿ ਉਸਦਾ ਵਿਆਹ ਜਨਵਰੀ 2023 ਨੂੰ ਪਿੰਡ ਖੈਰੇ ਕੇ ਉਤਾੜ ’ਚ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਹੀ ਉਸ ਦਾ ਪੇਕਾ ਪਰਿਵਾਰ ਜ਼ਬਰਦਸਤੀ ਉਸ ਨੂੰ ਲਿਜਾਣਾ ਚਾਹੁੰਦਾ ਹੈ ਪਰ ਉਹ ਸਹੁਰੇ ਘਰ ’ਚ ਰਾਜੀ-ਖੁਸ਼ੀ ਰਹਿ ਰਹੀ ਹੈ।

ਲੜਕੀ ਨੇ ਆਪਣੇ ਪੇਕੇ ਪਰਿਵਾਰ ’ਤੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ 3 ਮਹੀਨੇ ਦੀ ਗਰਭਵਤੀ ਹੈ ਅਤੇ ਪੇਕਾ ਪਰਿਵਾਰ ਉਸ ਦੇ ਗਰਭ ’ਚ ਪਲ ਰਹੇ ਬੱਚੇ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ, ਇਸੇ ਤਰ੍ਹਾਂ ਹੀ ਉਹ 5 ਜਨਵਰੀ ਦੀ ਦੇਰ ਸ਼ਾਮ ਨੂੰ ਆਪਣੇ ਪਤੀ ਸਮੇਤ ਘਰ ’ਚ ਮੌਜੂਦ ਸੀ ਤਾਂ ਉਸਦਾ ਪਿਤਾ ਤੇ ਮਾਤਾ ਉਨ੍ਹਾਂ ਦੇ ਘਰ ਦੇ ਗੇਟ ਬਾਹਰ ਆ ਗਏ ਅਤੇ ਜ਼ਬਰਦਸਤੀ ਆਪਣੇ ਪਿੰਡ ਲਿਜਾਣ ਲਈ ਆਵਾਜ਼ ਮਾਰਨ ਲੱਗੇ ਤਾਂ ਉਸ ਵੱਲੋਂ ਜਾਣ ਤੋਂ ਇਨਕਾਰ ਕਰਨ ’ਤੇ ਉਨ੍ਹਾਂ ਨੇ ਰੰਜਿਸ਼ ਕੱਢਣ ਲਈ ਹਥਿਆਰਬੰਦ ਗੁੰਡਾ ਅਨਸਰਾਂ ਨੂੰ ਬੁਲਾ ਕੇ ਉਸਦੇ ਅਤੇ ਉਸਦੇ ਪਤੀ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਜਾਨ ਬਚਾ ਕੇ ਕਮਰੇ ਦੇ ਅੰਦਰ ਚੱਲੀ ਗਈ ਅਤੇ ਉਸ ਦਾ ਪਤੀ ਆਪਣੀ ਜਾਨ ਬਚਾ ਕੇ ਪਿੰਡ ਵੱਲ ਭਜ ਗਿਆ। ਹਮਲਾਵਾਰ ਵਿਅਕਤੀਆਂ ਨੇ ਘਰ ਦੇ ਮੇਨ ਗੇਟ ਦੀ ਭੰਨਤੋੜ ਕੀਤੀ ਅਤੇ ਘਰ ਅੰਦਰ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਜਿਸ ਨਾਲ ਘਰ ਦੇ ਹੋਰ ਕੀਮਤੀ ਸਮਾਨ ਦਾ ਨੁਕਸਾਨ ਹੋਇਆ ਹੈ। ਪੀੜਤ ਲੜਕੀ ਨੇ ਕਿਹਾ ਕਿ ਮੇਰਾ ਪੇਕਾ ਪਰਿਵਾਰ ਜ਼ਬਰਦਸਤੀ ਉਸ ਨੂੰ ਆਪਣੇ ਨਾਲ ਲਿਜਾ ਕੇ ਮੇਰੇ ਸਹੁਰੇ ਪਰਿਵਾਰ ਖ਼ਿਲਾਫ਼ ਕਾਰਵਾਈ ਕਰਵਾਉਣਾ ਚਾਹੁੰਦਾ ਹੈ, ਉਹ ਆਪਣੇ ਸਹੁਰੇ ਘਰ ਸਹੀ ਸਲਾਮਤ ਜ਼ਿੰਦਗੀ ਕੱਟ ਰਹੀ ਹੈ। ਪੀੜਤਾ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲਸ ਚੌਕੀ ਪੰਜੇ ਕੇ ਉਤਾੜ ਤੇ ਥਾਣਾ ਗੁਰੂਹਰਸਹਾਏ ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਪੁਲਸ ਵੱਲੋਂ ਘਟਨਾਂ ਦੀ ਜਾਂਚ ਕਰਕੇ ਕਾਰਵਾਈ ਨਹੀ ਕੀਤੀ ਜਾ ਰਹੀ ਹੈ। 

ਨਵਵਿਆਹੁਤਾ ਲੜਕੀ  ਦੇ ਪਿਤਾ ਗੁਰਚਰਨ ਸਿੰਘ ਵਾਸੀ ਕੋਟੂ ਫੰਗੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਪਣੀ ਧੀ ਤੇ ਕੁੜਮਾਂ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਇਸ ਮਾਮਲੇ ਦੀ ਵਧੇਰੇ ਜਾਣਕਾਰੀ ਲੈਣ ਲਈ ਪੁਲਸ ਚੌਕੀ ਪੰਜੇ ਕੇ ਉਤਾੜ ਦੇ ਇੰਚਰਾਜ ਰੇਸ਼ਮ ਸਿੰਘ ਤੇ ਥਾਣਾ ਗੁਰੂਹਰਸਹਾਏ ਦੇ ਐੱਸ. ਐੱਚ .ਓ ਜਸਵਿੰਦਰ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕੈਮਰੇ ਸਾਹਮਣੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। 


author

Gurminder Singh

Content Editor

Related News