ਦਾਜ ਦੀ ਮੰਗ ਤੋਂ ਪਰੇਸ਼ਾਨ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ
Friday, Dec 08, 2023 - 04:16 PM (IST)
ਲੁਧਿਆਣਾ (ਗੌਤਮ) : ਸ਼ਿਮਲਾਪੁਰੀ ਇਲਾਕੇ ’ਚ ਨਵ-ਵਿਆਹੁਤਾ ਨੇ ਸਹੁਰੇ ਘਰ ਦੇ ਲੋਕਾਂ ਦੇ ਜ਼ੁਲਮ ਤੋਂ ਪਰੇਸ਼ਾਨ ਹੋ ਕੇ ਫ਼ਾਹਾ ਲੈ ਲਿਆ। ਇਸ ਦਾ ਪਤਾ ਲੱਗਦੇ ਹੀ ਨਵ-ਵਿਆਹੁਤਾ ਦੇ ਪਰਿਵਾਰ ਦੇ ਲੋਕਾਂ ਨੇ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ ’ਤੇ ਪੁੱਜ ਕੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਪੁਲਸ ਨੇ ਮਰਨ ਵਾਲੀ ਔਰਤ ਦੀ ਪਛਾਣ ਨਵਦੀਪ ਕੌਰ ਵਜੋਂ ਕੀਤੀ ਹੈ।
ਜਾਂਚ ਤੋਂ ਬਾਅਦ ਪੁਲਸ ਨੇ ਔਰਤ ਦੇ ਪਿਤਾ ਬਲਦੇਵ ਸਿੰਘ ਦੇ ਬਿਆਨ ’ਤੇ ਉਸ ਦੇ ਪਤੀ ਸੁਖਵਿੰਦਰ ਸਿੰਘ, ਸਹੁਰਾ ਬਲਵੀਰ ਸਿੰਘ, ਸੱਸ ਰਵਿੰਦਰ ਕੌਰ, ਨਣਦ ਹਰਪ੍ਰੀਤ ਕੌਰ ਅਤੇ ਨਣਦੋਈਏ ਹਰਸਿਮਰਨ ਸਿੰਘ ਖ਼ਿਲਾਫ਼ ਸਾਜ਼ਿਸ਼ ਤਹਿਤ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ’ਚ ਪਰਚਾ ਦਰਜ ਕਰ ਲਿਆ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਰਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ। ਨਵਦੀਪ ਕੌਰ ਦੇ ਪਿਤਾ ਬਲਦੇਵ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਸ ਦੀ ਧੀ ਨਵਦੀਪ ਦਾ ਵਿਆਹ ਸੁਖਵਿੰਦਰ ਸਿੰਘ ਨਾਲ 2 ਜੁਲਾਈ, 2023 ਨੂੰ ਹੋਇਆ ਸੀ।
ਸੁਖਵਿੰਦਰ ਸਾਫਟਵੇਅਰ ਇੰਜੀਨੀਅਰ ਹੈ ਅਤੇ ਉਸ ਦੇ ਪਿਤਾ ਬਲਵੀਰ ਦੀ ਮੋਬਾਈਲ ਫੋਨ ਅਸੈੱਸਰੀ ਦੀ ਦੁਕਾਨ ਹੈ, ਜਦੋਂਕਿ ਉਸ ਦੀ ਨਣਦ ਪੰਜਾਬ ਪੁਲਸ ਵਿਚ ਤਾਇਨਾਤ ਹੈ। ਉਨ੍ਹਾਂ ਦੇ ਵਿਆਹ ਨੂੰ ਅਜੇ 5 ਮਹੀਨੇ ਹੀ ਹੋਏ ਸਨ ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਕਤ ਮੁਲਜ਼ਮਾਂ ਨੇ ਉਸ ਦੀ ਧੀ ਨੂੰ ਦਾਜ ਦੀ ਮੰਗ ਕਰ ਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਦੀ ਧੀ ਦੇ ਨਾਲ ਕਈ ਵਾਰ ਕੁੱਟਮਾਰ ਕੀਤੀ ਗਈ। ਵਾਰ-ਵਾਰ ਪਰੇਸ਼ਾਨ ਕਰਨ ਕਰ ਕੇ ਉਨ੍ਹਾਂ ਦੀ ਧੀ ਪੇਕੇ ਆ ਗਈ। ਇਸੇ ਝਗੜੇ ਕਾਰਨ ਉਨ੍ਹਾਂ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਵੂਮੈਨ ਸੈੱਲ ਵਿਚ ਚੱਲ ਰਹੀ ਸੀ।
ਹਾਦਸੇ ਵਾਲੇ ਦਿਨ ਵੀ ਉਹ ਆਪਣੀ ਧੀ ਨਾਲ ਵੂਮੈਨ ਸੈੱਲ ’ਚ ਤਾਰੀਖ਼ ਸਬੰਧੀ ਗਏ ਸਨ। ਉੱਥੋਂ ਅਧਿਕਾਰੀ ਨੂੰ ਮਿਲਣ ਤੋਂ ਬਾਅਦ ਉਹ ਆਪਣੀ ਧੀ ਨੂੰ ਘਰ ਛੱਡ ਕੇ ਕੰਮ ਦੇ ਸਬੰਧ ’ਚ ਚਲੇ ਗਏ ਤੇ ਉਨ੍ਹਾਂ ਦੀ ਧੀ ਉਸ ਦਿਨ ਕਾਫੀ ਪਰੇਸ਼ਾਨ ਸੀ, ਜਿਸ ’ਤੇ ਉਹ ਆਪਣੇ ਕਮਰੇ ’ਚ ਚਲੀ ਗਈ ਅਤੇ ਇਹ ਖ਼ੌਫ਼ਨਾਕ ਕਦਮ ਚੁੱਕ ਲਿਆ।