ਨਵ-ਜਨਮੀ ਬੱਚੀ ਦੀ ਲਾਸ਼ ਮਿਲਣ ਨਾਲ ਇਕ ਵਾਰ ਫਿਰ ਸ਼ਰਮਸਾਰ ਹੋਈ ਇਨਸਾਨੀਅਤ

06/26/2019 11:20:22 PM

ਅਬੋਹਰ (ਜ. ਬ.)-ਸ਼ਹਿਰ 'ਚ ਪਿਛਲੇ ਇਕ ਸਾਲ ਤੋਂ 5 ਨਵ-ਜਨਮੀਆਂ ਬੱਚੀਆਂ ਦੀਆਂ ਲਾਸ਼ਾਂ ਕੂੜੇ ਦੇ ਢੇਰਾਂ ਅਤੇ ਨਹਿਰਾਂ 'ਚ ਲਾਵਾਰਿਸ ਹੀ ਪਈਆਂ ਮਿਲੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪੂਰੀ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਦ ਉਪਮੰਡਲ ਦੇ ਪਿੰਡ ਗਿਦੜਾਂਵਾਲੀ ਨੇੜੇ ਇਕ ਪਾਣੀ ਦੇ ਖਾਲੇ 'ਚ ਨਵ-ਜਨਮੀ ਲਾਵਾਰਿਸ ਬੱਚੀ ਦੀ ਲਾਸ਼ ਮਿਲੀ ਹੈ। ਇਧਰ ਪੁਲਸ, ਸਿਵਲ ਪ੍ਰਸ਼ਾਸਨ ਅਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਲਾਵਾਰਿਸ ਮਿਲੇ ਬੱਚਿਆਂ ਦੇ ਮਾਪਿਆਂ ਨੂੰ ਭਾਲਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਪਿੰਡ ਗਿਦੜਾਂਵਾਲੀ ਵਿਖੇ ਅੱਜ ਸਵੇਰੇ ਪਿੰਡ ਦੇ ਚੌਕੀਦਾਰ ਵੱਲੋਂ ਪੁਲਸ ਵਿਭਾਗ ਨੂੰ ਸੂਚਨਾ ਦਿੱਤੀ ਕਿ ਪਿੰਡ ਦੇ ਨੇੜੇ ਤੋਂ ਲੰਘਣ ਵਾਲੇ ਇਕ ਪਾਣੀ ਦੇ ਖਾਲੇ 'ਚੋਂ ਲਾਵਾਰਿਸ ਨਵ-ਜਨਮੀ ਬੱਚੀ ਦੀ ਲਾਸ਼ ਬਰਾਮਦ ਹੋਈ ਹੈ। ਲਾਸ਼ ਦੀ ਸੂਚਨਾ ਮਿਲਦੇ ਹੀ ਖੂਈਆਂ ਸਰਵਰ ਦੇ ਥਾਣਾ ਮੁਖੀ ਪਰਮਜੀਤ ਸਿੰਘ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਸਮਾਜ-ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਨੂੰ ਸੂਚਿਤ ਕੀਤਾ। ਸੰਮਤੀ ਦੇ ਸੇਵਾਦਾਰ ਰਵੀ ਕੁਮਾਰ ਮੌਕੇ 'ਤੇ ਪਹੁੰਚ ਅਤੇ ਬੱਚੀ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ। ਬੱਚੀ ਦੀ ਲਾਸ਼ ਨੂੰ ਦੇਖਣ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਬੱਚੀ ਦੀ ਲਾਸ਼ ਦੋ ਦਿਨ ਪੁਰਾਣੀ ਹੈ ਅਤੇ ਬੱਚੀ ਦੀ ਡਲਿਵਰੀ ਕਿਸੇ ਪ੍ਰਾਈਵੇਟ ਹਸਪਤਾਲ 'ਚ ਹੋਈ ਹੈ ਕਿਉਂਕਿ ਬੱਚੀ ਦੇ ਨਾੜੂ 'ਤੇ ਇਕ ਕੈਪ ਲੱਗਾ ਹੈ, ਜਿਹੜਾ ਡਲਿਵਰੀ ਦੇ ਸਮੇਂ ਹਸਪਤਾਲ 'ਚ ਬੱਚਿਆਂ ਨੂੰ ਲਾਇਆ ਜਾਂਦਾ ਹੈ।

ਅੱਜ ਤੱਕ ਨਹੀਂ ਪਤਾ ਲੱਗ ਸਕਿਆ ਨਵ-ਜਨਮੀਆਂ ਬੱਚੀਆਂ ਦੇ ਪਰਿਵਾਰ ਵਾਲਿਆਂ ਦਾ
ਅਬੋਹਰ ਅਤੇ ਨੇੜੇ-ਤੇੜੇ ਦੇ ਖੇਤਰ 'ਚ ਕਰੀਬ ਇਕ ਸਾਲ 'ਚ 4 ਮ੍ਰਿਤਕ ਅਤੇ ਇਕ ਜ਼ਿੰਦਾ ਬੱਚੀ ਵੱਖ-ਵੱਖ ਥਾਵਾਂ 'ਤੇ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਪੁਲਸ ਵੱਲੋਂ ਬਰਾਮਦ ਕੀਤੀ ਗਈ ਸੀ, ਹਾਲਾਂਕਿ ਇਨ੍ਹਾਂ ਪੰਜਾਂ ਮਾਮਲਿਆਂ 'ਚ ਅਣਪਛਾਤੇ ਵਿਅਕਤੀ ਖਿਲਾਫ ਧਾਰਾ 318 ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਪੁਲਸ ਅਤੇ ਹਸਪਤਾਲਾਂ ਦਾ ਆਪਸੀ ਤਾਲਮੇਲ ਨਾ ਹੋਣ ਕਾਰਨ ਹੁਣ ਤੱਕ ਇਕ ਵੀ ਮਾਮਲੇ ਦਾ ਕੋਈ ਸੁਰਾਗ ਨਹੀਂ ਮਿਲ ਪਾਇਆ ਹੈ। ਲਾਵਾਰਿਸ ਬੱਚੀ ਹੋਣ ਕਾਰਣ ਪੁਲਸ ਵਿਭਾਗ ਅਤੇ ਹਸਪਤਾਲ ਵੱਲੋਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਗਈ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਜ਼ਿੰਦਾ ਬੱਚੀ ਰੇਲਵੇ ਸਟੇਸ਼ਨ ਦੇ ਨੇੜੇ ਝਾੜੀਆਂ 'ਚ, ਇਕ ਲਾਸ਼ ਠਾਕੁਰ ਆਬਾਦੀ ਦੇ ਕੂੜੇ ਦੇ ਢੇਰ 'ਚ, ਇਕ ਲਾਸ਼ ਹਨੂਮਾਨਗੜ੍ਹ ਪੁਲ ਹੇਠਾਂ ਖਾਲੀ ਪਏ ਪਲਾਟ 'ਚ, ਇਕ ਲਾਸ਼ ਪਿੰਡ ਸਪਾਂਵਾਲੀ ਮੰਦਰ ਨੇੜੇ ਨਹਿਰ 'ਚ ਮਿਲੀ ਸੀ। ਇਸੇ ਲੜੀ ਹੇਠ ਇਹ 5ਵੀਂ ਲਾਸ਼ ਅੱਜ ਪਾਣੀ ਦੇ ਖਾਲੇ 'ਚੋਂ ਮਿਲੀ ਹੈ।

ਕੀ ਕਹਿੰਦੇ ਨੇ ਥਾਣਾ ਮੁਖੀ
ਖੂਈਆਂ ਸਰਵਰ ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਚੌਕੀਦਾਰ ਵੱਲੋਂ ਨਵ-ਜਨਮੀ ਬੱਚੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ, ਜਿਸ 'ਤੇ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਬੱਚੀ ਦੀ ਲਾਸ਼ ਨੂੰ ਸਰਕਾਰੀ ਹਸਪਤਲਾ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੌਕੀਦਾਰ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖਿਲਾਫ ਧਾਰਾ 318 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪਾਲਣੇ ਦਾ ਨਹੀਂ ਹੋ ਰਿਹੈ ਇਸਤੇਮਾਲ
ਅਬੋਹਰ 'ਚ ਲਗਾਤਾਰ ਵਧ ਰਹੀਆਂ ਭਰੂਣ ਹੱਤਿਆਵਾਂ ਨੂੰ ਦੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲਾ ਬਾਲ ਸੁਰੱਖਿਆ ਅਤੇ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਅਬੋਹਰ 'ਚ ਇਕ ਪਾਲਣਾ ਬਣਾਇਆ ਗਿਆ ਸੀ, ਜਿਸ ਦਾ ਉਦਘਾਟਨ ਉਪਮੰਡਲ ਅਧਿਕਾਰੀ ਪੂਨਮ ਸਿੰਘ ਵੱਲੋਂ ਕੀਤਾ ਗਿਆ ਸੀ। ਇਸ ਨੂੰ ਖੋਲ੍ਹਣ ਦਾ ਉਦੇਸ਼ ਇਹੀ ਸੀ ਕਿ ਲੋਕ ਨਵ-ਜਨਮੇ ਬੱਚਿਆਂ ਨੂੰ ਝਾੜੀਆਂ, ਨਹਿਰਾਂ ਅਤੇ ਹੋਰ ਸਥਾਨਾਂ 'ਤੇ ਨਾ ਸੁੱਟਣ। ਪ੍ਰਸ਼ਾਸਨ ਵੱਲੋਂ ਇਥੋਂ ਤੱਕ ਦੀ ਸਹੂਲਤ ਦਿੱਤੀ ਗਈ ਹੈ ਕਿ ਕੋਈ ਵੀ ਵਿਅਕਤੀ ਜਾਂ ਔਰਤ ਵੱਲੋਂ ਇਸ ਪਾਲਣੇ 'ਚ ਬੱਚੇ ਨੂੰ ਰੱਖਣ ਸਮੇਂ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।

ਨਵ-ਜਨਮੀ ਬੱਚੀ ਨੂੰ ਲਾਵਾਰਿਸ ਸੁੱਟਣ ਦੀ ਘਟਨਾ ਨਿੰਦਣਯੋਗ : ਪ੍ਰਿੰਸੀਪਲ ਹਾਂਡਾ
ਅਬੋਹਰ 'ਚ ਲੜਕੀਆਂ ਦਾ ਗੋਪੀਚੰਦ ਆਰੀਆ ਮਹਿਲਾ ਕਾਲਜ ਚਲਾ ਰਹੀ ਪ੍ਰਿੰਸੀਪਲ ਰੇਖਾ ਸੂਦ ਹਾਂਡਾ ਨੇ ਕਿਹਾ ਕਿ ਨਵ-ਜਨਮੀ ਬੱਚੀ ਨੂੰ ਲਾਵਾਰਿਸ ਸੁੱਟਣ ਦੀ ਘਟਨਾ ਨਿੰਦਣਯੋਗ ਹੈ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਸਮਾਜ 'ਚ ਜਾਗਰੂਕਤਾ ਦੇ ਨਾਲ-ਨਾਲ ਸਖਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਲੋਕ ਦੋਹਰੀ ਨੀਤੀ ਬੰਦ ਕਰਨ, ਪੁੱਤਰ ਦੇ ਲਈ ਦਾਜ ਲੈਣਾ ਅਤੇ ਧੀ ਦੇ ਲਈ ਦਾਜ ਦੇਣਾ ਬੰਦ ਹੋਵੇ। ਉਨ੍ਹਾਂ ਕਿਹਾ ਕਿ ਦੇਸ਼ 'ਚ ਵਧ ਰਹੀਆਂ ਜਬਰ-ਜ਼ਨਾਹ ਦੀਆਂ ਵਾਰਦਾਤਾਂ ਕਾਰਣ ਅਜਿਹੀਆਂ ਘਟਨਾਵਾਂ ਵਧ ਰਹੀਆਂ ਹਨ। ਬੀਤੇ ਦਿਨ ਯੂ. ਪੀ. ਵਿਖੇ ਇਕ 2 ਸਾਲ ਦੀ ਬੱਚੀ ਨਾਲ ਹੋਏ ਜਬਰ-ਜ਼ਨਾਹ ਦੀ ਘਟਨਾ ਦੇ ਵਿਰੋਧ 'ਚ ਆਈ.ਪੀ.ਐੱਸ. ਅਧਿਕਾਰੀ ਵੱਲੋਂ ਸ਼ਰੇਆਮ ਗੋਲੀ ਮਾਰਨ ਵਾਲਾ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ।


Karan Kumar

Content Editor

Related News