ਲੁਧਿਆਣਾ 'ਚ ਸ਼ਰਮਨਾਕ ਘਟਨਾ, ਅਖ਼ਬਾਰ 'ਚ ਲਪੇਟ ਝਾੜੀਆਂ 'ਚ ਸੁੱਟਿਆ ਨਵਜਨਮਿਆ ਬੱਚਾ

10/24/2020 12:30:00 PM

ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਲੁਧਿਆਣਾ ਦੇ ਭਾਮੀਆਂ ਰੋਡ 'ਤੇ ਸਥਿਤ ਪ੍ਰੀਤ ਨਗਰ ਇਲਾਕੇ 'ਚ ਇਕ ਖਾਲੀ ਪਲਾਟ 'ਚੋਂ ਨਵਜਨਮਿਆ ਬੱਚਾ ਬਰਾਮਦ ਹੋਇਆ ਹੈ, ਜੋ ਕਿ ਮੁੰਡਾ ਹੈ। ਤੜਕਸਾਰ ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਬੱਚੇ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ।

PunjabKesari

ਫਿਲਹਾਲ ਬੱਚੇ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਜਮਾਲਪੁਰ ਦੇ ਏ. ਐਸ. ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਬੱਚੇ ਨੂੰ ਇਲਾਜ ਦੇ ਲਈ ਜੱਚਾ-ਬੱਚਾ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰੀਤ ਨਗਰ ਇਲਾਕੇ ਦੀ ਗਲੀ ਨੰਬਰ-1 'ਚ ਬੱਚੇ ਦੇ ਰੋਣ ਦੀ ਆਵਾਜ਼ ਲੋਕਾਂ ਨੂੰ ਮਿਲਣ ਤੋਂ ਬਾਅਦ ਪੁਲਸ ਨੂੰ ਮੌਕੇ 'ਤੇ ਸੱਦਿਆ ਗਿਆ।

ਉਨ੍ਹਾਂ ਦੱਸਿਆ ਕਿ ਬੱਚੇ ਨੂੰ ਅਖ਼ਬਾਰ 'ਚ ਲਪੇਟ ਕੇ ਝਾੜੀਆਂ 'ਚ ਸੁੱਟਿਆ ਗਿਆ ਸੀ। ਬੱਚਾ ਲਗਾਤਾਰ ਹੋ ਰਿਹਾ ਸੀ, ਰਾਤ ਨੂੰ ਸ਼ਾਇਦ ਕੋਈ ਉਸ ਨੂੰ ਸੁੱਟ ਗਿਆ ਹੋਵੇਗਾ। ਫਿਲਹਾਲ ਪੁਲਸ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲਣ 'ਚ ਲੱਗੀ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਬੱਚੇ ਦੇ ਠੀਕ ਹੋਣ ਤੋਂ ਬਾਅਦ ਉਸ ਨੂੰ ਅਦਾਲਤੀ ਹੁਕਮਾਂ ਮਗਰੋਂ ਹੀ ਬੱਚਿਆਂ ਦੇ ਆਸ਼ਰਮ 'ਚ ਭੇਜ ਦਿੱਤਾ ਜਾਵੇਗਾ। 


Babita

Content Editor Babita