ਨਵਜੰਮੀ ਧੀ ਨੂੰ ਨਾਲੀ ''ਚ ਸੁੱਟਣ ਵਾਲੀ ਕਲਯੁਗੀ ਮਾਂ ਨੂੰ ਪੁਲਸ ਨੇ ਕੀਤਾ ਕਾਬੂ

11/05/2018 5:27:22 PM

ਮੋਗਾ (ਆਜ਼ਾਦ) : ਜ਼ਿਲੇ ਦੇ ਪਿੰਡ ਮਾਹਲਾ ਕਲਾਂ 'ਚ ਬੀਤੀ 1 ਨਵੰਬਰ ਨੂੰ ਨਾਲੀ 'ਚੋਂ ਮਿਲੀ ਇਕ 9 ਮਹੀਨੇ ਦੀ ਨਵਜਾਤ ਬੱਚੀ ਦੇ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨੇ ਆਪਣਾ ਪਾਪ ਛੁਪਾਉਣ ਲਈ ਬੱਚੀ ਨੂੰ ਨਾਲੀ 'ਚ ਸੁੱਟਿਆ ਸੀ। ਪੁਲਸ ਚੌਂਕੀ ਨੱਥੂਵਾਲਾ ਗਰਬੀ ਦੇ ਇੰਚਾਰਜ ਕੁਲਦੀਪ ਕੁਮਾਰ ਨੇ ਦੱਸਿਆ ਕਿ 1 ਨਵੰਬਰ ਨੂੰ ਪਿੰਡ ਮਾਹਲਾ ਕਲਾਂ ਨਿਵਾਸੀ ਇਕਬਾਲ ਸਿੰਘ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਨਾਲੀ 'ਚ ਇਕ 9 ਮਹੀਨੇ ਦੀ ਨਵਜਾਤ ਬੱਚੀ ਦੀ ਲਾਸ਼ ਪਈ ਹੈ, ਜਿਸ 'ਤੇ ਅਸੀਂ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਜਾਂਚ ਤੋਂ ਬਾਅਦ ਅਣਪਛਾਤੇ ਵਿਅਕਤੀ ਖਿਲਾਫ ਥਾਣਾ ਬਾਘਾਪੁਰਾਣਾ 'ਚ ਮਾਮਲਾ ਦਰਜ ਕਰ ਲਿਆ।
ਉਨ੍ਹਾਂ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਪਿੰਡ ਦੀ ਹੀ ਇਕ ਮਹਿਲਾ ਜਿਸ ਦਾ ਵਿਆਹ ਕਰੀਬ 10-12 ਸਾਲ ਪਹਿਲਾਂ ਪਿੰਡ ਗਿੱਲ ਨਿਵਾਸੀ ਇਕ ਲੜਕੇ ਨਾਲ ਹੋਇਆ ਸੀ ਅਤੇ ਉਸਦੇ ਦੋ ਬੇਟੇ ਅਤੇ ਇਕ ਬੇਟੀ ਹੈ। ਪਤੀ ਨਾਲ ਵਿਵਾਦ ਹੋਣ ਦੇ ਚੱਲਦੇ ਉਹ ਆਪਣੇ ਇਕ ਬੱਚੇ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਦੋ ਸਾਲ ਤੋਂ ਰਹਿਣ ਲੱਗੀ। ਇਸ ਦੌਰਾਨ ਇਸ ਦੇ ਕਥਿਤ ਪ੍ਰੇਮ ਸਬੰਧ ਨੇੜਲੇ ਪਿੰਡ ਲੰਡੇ ਨਿਵਾਸੀ ਇਕ ਲੜਕੇ ਨਾਲ ਮੋਬਾਇਲ ਫੋਨ ਰਾਹੀਂ ਹੋ ਗਏ। ਉਕਤ ਲੜਕਾ ਜੋ ਵਿਆਹਿਆ ਹੋਇਆ ਸੀ ਅਤੇ ਇਕ ਬੱਚੇ ਦਾ ਪਿਤਾ ਵੀ ਸੀ। ਇਸ ਪ੍ਰੇਮ ਸਬੰਧਾਂ ਦੇ ਚੱਲਦੇ ਉਕਤ ਮਹਿਲਾ ਗਰਭਵਤੀ ਹੋ ਗਈ ਅਤੇ ਉਸਨੇ ਇਸ ਦੀ ਜਾਣਕਾਰੀ ਆਪਣੇ ਪ੍ਰੇਮੀ ਨੂੰ ਦਿੱਤੀ ਅਤੇ ਦੋਵਾਂ ਨੇ ਕਥਿਤ ਤੌਰ 'ਤੇ ਸਹਿਮਤ ਹੋਏ ਕਿ ਜੇਕਰ ਬੇਟਾ ਹੋਇਆ ਤਾਂ ਅਸੀਂ ਰੱਖ ਲਵਾਂਗੇ ਜੇਕਰ ਲੜਕੀ ਹੋਈ ਤਾਂ ਉਸ ਨੂੰ ਸੁੱਟ ਦਿੱਤਾ ਜਾਵੇਗਾ ਪਰ ਇਕ ਨਵੰਬਰ ਨੂੰ ਉਕਤ ਮਹਿਲਾ ਨੇ ਇਕ ਲੜਕੀ ਨੂੰ ਜਨਮ ਦਿੱਤਾ, ਜਿਸ 'ਤੇ ਦੋਵਾਂ ਨੇ ਆਪਸੀ ਸਹਿਮਤੀ ਨਾਲ ਉਕਤ ਨਵਜਾਤ ਨੂੰ ਨਾਲੀ 'ਚ ਸੁੱਟ ਦਿੱਤਾ।
ਚੌਂਕੀ ਇੰਚਾਰਜ ਸਹਾਇਕ ਥਾਣੇਦਾਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਕਤ ਮਹਿਲਾ ਨੂੰ ਗ੍ਰਿਫਤਾਰ ਕਰ ਕੇ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਮਹਿਲਾ ਦਾ ਡੀ. ਐੱਨ. ਏ. ਟੈਸਟ ਕਰਵਾਉਣ ਦਾ ਆਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ 12 ਨਵੰਬਰ ਨੂੰ ਮਹਿਲਾ ਨੂੰ ਫਿਰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਜਦਕਿ ਉਸਦਾ ਪ੍ਰੇਮੀ ਜੋ ਜੇ. ਸੀ. ਬੀ. ਮਸ਼ੀਨ ਚਾਲਕ ਹੈ, ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News