ਦੋਰਾਹਾ ਨਹਿਰ ਕੋਲੋਂ ਪੁਲਸ ਨੂੰ ਮਿਲੀ ਨਵਜਾਤ ਬੱਚੀ, ਹਸਪਤਾਲ ਕਰਵਾਇਆ ਦਾਖਲ

Wednesday, Oct 16, 2019 - 12:33 AM (IST)

ਦੋਰਾਹਾ ਨਹਿਰ ਕੋਲੋਂ ਪੁਲਸ ਨੂੰ ਮਿਲੀ ਨਵਜਾਤ ਬੱਚੀ, ਹਸਪਤਾਲ ਕਰਵਾਇਆ ਦਾਖਲ

ਦੋਰਾਹਾ,(ਸੂਦ): ਸਰਕਾਰਾਂ ਤੇ ਸਮਾਜਿਕ ਸੰਸਥਾਵਾਂ ਵੱਲੋਂ ਬੇਸ਼ੱਕ ਸਮੇਂ-ਸਮੇਂ 'ਤੇ ਸਮਾਜ 'ਚ ਜਨਮ ਲੈਣ ਵਾਲੀਆਂ ਲੜਕੀਆਂ ਦਾ ਸਤਿਕਾਰ ਕਰਨ ਦੇ ਮੰਤਵ ਨਾਲ ਲੜਕੀਆਂ ਦੀ ਲੋਹੜੀ ਆਦਿ ਮਨਾਈ ਜਾਂਦੀ ਹੈ ਪਰ ਇਸ ਦੇ ਬਾਵਜੂਦ ਕਈ ਲੋਕ ਅੱਜ ਵੀ ਧੀਆਂ ਦੇ ਜਨਮ ਲੈਣ ਤੋਂ ਬਾਅਦ ਉਨ੍ਹਾਂ ਦੀ ਬੇਕਦਰੀ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਦੋਰਾਹਾ 'ਚ ਦੇਖਣ ਨੂੰ ਮਿਲਿਆ। ਜਾਣਕਾਰੀ ਮੁਤਾਬਕ ਮੰਗਲਵਾਰ ਸਥਾਨਕ ਸ਼ਹਿਰ ਦੀ ਸਰਹਿੰਦ ਨਹਿਰ ਦੇ ਕੋਲ ਜਦ ਕਿਸੇ ਰਾਹਗੀਰ ਨੇ ਇੱਕ ਨਵਜਾਤ ਬੱਚੀ ਨੂੰ ਦਰਖਤ ਦੇ ਥੱਲੇ ਪਈ ਦੇਖਿਆ ਤਾਂ ਉਸ ਨੇ ਤੁਰੰਤ ਹੀ ਇਸ ਦੀ ਸੂਚਨਾ ਦੋਰਾਹਾ ਪੁਲਸ ਨੂੰ ਦਿੱਤੀ। ਜਿਸ ਤੋਂ ਬਾਅਦ ਜਦ ਪੁਲਸ ਨੇ ਆ ਕੇ ਨਵਜਾਤ ਬੱਚੀ ਨੂੰ ਦੇਖਿਆ ਤਾਂ ਉਹ ਜਿੰਦਾਂ ਸੀ । ਜਿਸ ਤੋਂ ਬਾਅਦ ਪੁਲਸ ਨੇ ਨਵਜਾਤ ਬੱਚੀ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਭੇਜ ਦਿੱਤਾ। ਉਧਰ ਦੂਜੇ ਪਾਸੇ ਏ. ਐੱਸ. ਆਈ ਕੁਲਦੀਪ ਸਿੰਘ ਤੋਂ ਪੱਤਰਕਾਰਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਪੁਲਸ ਨੂੰ ਜੋ ਨਵਜਾਤ ਬੱਚੀ ਅੱਜ ਸਰਹਿੰਦ ਨਹਿਰ ਦੇ ਕਿਨਾਰੇ ਤੋਂ ਮਿਲੀ ਹੈ, ਉਸ ਦੇ ਪੈਰ ਜ਼ਖਮੀ ਸਨ ਤੇ ਬੱਚੀ ਨੂੰ ਬੁਖਾਰ ਵੀ ਸੀ। ਜਿਸ ਕਰਕੇ ਪੁਲਸ ਨੇ ਨਵਜਾਤ ਬੱਚੀ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਕੇ ਅਗਲੀ ਕਾਰਵਾਈ ਸ਼ੂਰੂ ਕਰ ਦਿੱਤੀ ਹੈ।


Related News