ਨਿਊਜ਼ੀਲੈਂਡ ਛੱਡ ਪੱਕੇ ਤੌਰ 'ਤੇ ਪੰਜਾਬ ਆਈ ਇਹ ਮੁਟਿਆਰ, ਕਰ ਰਹੀ ਸ਼ਲਾਘਾਯੋਗ ਕੰਮ
Thursday, Feb 13, 2025 - 06:02 PM (IST)
![ਨਿਊਜ਼ੀਲੈਂਡ ਛੱਡ ਪੱਕੇ ਤੌਰ 'ਤੇ ਪੰਜਾਬ ਆਈ ਇਹ ਮੁਟਿਆਰ, ਕਰ ਰਹੀ ਸ਼ਲਾਘਾਯੋਗ ਕੰਮ](https://static.jagbani.com/multimedia/2025_2image_18_01_49686574836.jpg)
ਮੋਗਾ (ਕਸ਼ਿਸ਼ ਸਿੰਗਲਾ) : ਨਿਊਜ਼ੀਲੈਂਡ ਵਿਚ ਪੈਦਾ ਹੋਈ ਪੰਜਾਬਣ ਮੁਟਿਆਰ ਅਵੰਤਿਕਾ ਪੰਜਤੂਰੀ (23 ਸਾਲ) ਨੇ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਆਪਣੀ ਮਿੱਟੀ ਲਈ ਕੁਝ ਕਰਨ ਦਾ ਸੱਦਾ ਪ੍ਰਵਾਨ ਕਰਦਿਆਂ ਨਿਊਜ਼ੀਲੈਂਡ ਵਰਗਾ ਖੁਸ਼ਹਾਲ ਦੇਸ਼ ਛੱਡ ਕੇ ਆਪਣੇ ਜੱਦੀ ਪਿੰਡ ਫਤਹਿਗੜ੍ਹ ਪੰਜਤੂਰ ਵਿਚ ਰਹਿਣ ਦਾ ਫੈਸਲਾ ਹੀ ਨਹੀਂ ਲਿਆ ਸਗੋਂ ਉਸਨੇ ਇੱਥੋਂ ਦੇ ਨੌਜਵਾਨ ਵਰਗ, ਖਾਸ ਕਰਕੇ ਕੁੜੀਆਂ ਨੂੰ ਸਕਿੱਲਡ ਕਰਕੇ ਆਪਣੇ ਪੈਰਾਂ ਉੱਤੇ ਖੜ੍ਹਾ ਕਰਨ ਵਿਚ ਵੀ ਲਾਮਿਸਾਲ ਯੋਗਦਾਨ ਪਾ ਰਹੀ ਹੈ। ਦੱਸਣਯੋਗ ਹੈ ਕਿ ਅਵੰਤਿਕਾ ਪੰਜਤੂਰੀ ਭਾਵੇਂ ਨਿਊਜ਼ੀਲੈਂਡ ਵਿਚ ਪੈਦਾ ਅਤੇ ਵੱਡੀ ਹੋਈ ਹੈ ਪਰ ਉਸਦਾ ਆਪਣੇ ਪੁਰਖਿਆਂ ਦੀ ਧਰਤੀ ਪਿੰਡ ਫ਼ਤਹਿਗੜ੍ਹ ਪੰਜਤੂਰ ਨਾਲ ਗਹਿਰਾ ਲਗਾਅ ਹੈ। ਗੱਲਬਾਤ ਦੌਰਾਨ ਅਵੰਤਿਕਾ ਨੇ ਦੱਸਿਆ ਕਿ ਉਸਦੇ ਪਿਤਾ ਜਤਿੰਦਰ ਪੰਜਤੂਰੀ, ਜੋ ਕਿ ਖੁਦ ਸਾਇੰਸ ਵਿਸ਼ੇ ਦੇ ਅਧਿਆਪਕ ਸਨ, ਸਾਲ 1999 ਵਿਚ ਨਿਊਜ਼ੀਲੈਂਡ ਚਲੇ ਗਏ ਸੀ ਪਰ ਪਿੰਡ ਫ਼ਤਹਿਗੜ੍ਹ ਪੰਜਤੂਰ ਹਮੇਸ਼ਾ ਉਨ੍ਹਾਂ ਦੇ ਦਿਲ ਦੇ ਨਜ਼ਦੀਕ ਰਿਹਾ। ਆਪਣੇ ਦਿਲ ਦੀ ਆਵਾਜ਼ ਦਾ ਸਤਿਕਾਰ ਕਰਦਿਆਂ ਜਤਿੰਦਰ ਪੰਜਤੂਰੀ ਨੇ ਵੀ ਪਿੰਡ ਵਾਪਿਸ ਆਉਣ ਦਾ ਫੈਸਲਾ ਕੀਤਾ ਅਤੇ ਇੱਥੇ ਆ ਕੇ ਆਪਣੇ ਪੁਰਖਿਆਂ ਵੱਲੋਂ ਸ਼ੁਰੂ ਕੀਤੇ ਸਕੂਲ ਦਾ ਕੰਮ ਸੰਭਾਲ ਲਿਆ। ਉਨ੍ਹਾਂ ਦੇ ਕਦਮਾਂ ਉੱਤੇ ਚੱਲਦਿਆਂ ਹੁਣ ਅਵੰਤਿਕਾ ਨੇ ਵੀ ਆਪਣੇ ਪਿੰਡ ਵਿਚ ਪੱਕੇ ਤੌਰ ਉੱਤੇ ਸੈਟਲ ਹੋਣ ਦਾ ਮਨ ਬਣਾ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, ਹਾਈਵੇਅ 'ਤੇ ਬਣੇ 25 ਫੁੱਟੇ ਉੱਚੇ ਪੁਲ ਤੋਂ ਥੱਲੇ ਡਿੱਗਾ ਟਰਾਲਾ
ਅਵੰਤਿਕਾ ਨੇ ਕਿਹਾ ਕਿ ਉਹ ਵਿਦੇਸ਼ੀ ਧਰਤੀ ਤੋਂ ਇਕ ਮਿਸ਼ਨ ਲੈ ਕੇ ਪਰਤੀ ਹੈ। ਉਸ ਦਾ ਟੀਚਾ ਪੇਂਡੂ ਖੇਤਰ ਦੀਆਂ ਕੁੜੀਆਂ ਨੂੰ ਪੈਰਾਂ-ਸਿਰ ਖੜ੍ਹਾ ਕਰਨਾ ਹੈ। ਸ਼ਾਇਦ ਇਹ ਕਰਕੇ ਉਹ ਆਪਣੇ ਪੁਰਖਿਆਂ ਦੀ ਮਿੱਟੀ ਦਾ ਕਰਜ਼ ਉਤਾਰਨ ਵਿਚ ਥੋੜ੍ਹਾ ਬਹੁਤ ਯੋਗਦਾਨ ਪਾ ਸਕੇ। ਉਸਨੇ ਕਿਹਾ ਕਿ ਉਹ ਹੁਣ ਪੱਕੇ ਤੌਰ ਉੱਤੇ ਪੰਜਾਬ ਵਿਚ ਵੱਸ ਗਈ ਹੈ। ਉਹ ਪਿੰਡਾਂ ਦੀਆਂ ਲੜਕੀਆਂ ਨੂੰ ਲੜਕਿਆਂ ਦੇ ਮੁਕਾਬਲੇ ਬਰਾਬਰਤਾ ਦੇ ਹੱਕ ਦਿਵਾਉਣਾ ਚਾਹੁੰਦੀ ਹੈ। ਉਸ ਦਾ ਪਰਿਵਾਰਕ ਪਿਛੋਕੜ ਸਿੱਖਿਆ ਦੇ ਖੇਤਰ ਨਾਲ ਜੁੜਿਆ ਹੋਇਆ ਹੈ। ਉਸ ਨੇ ਆਪਣੇ ਪਿਤਾ ਜਤਿੰਦਰ ਪੰਜਤੂਰੀ ਦੀ ਸਰਪ੍ਰਸਤੀ ਹੇਠ ਚੱਲ ਰਹੀ ਐੱਸਆਰਐੱਮ ਨਾਮੀ ਵਿਦਿਅਕ ਸੰਸਥਾ ਦੇ ਇਕ ਹਿੱਸੇ ਨੂੰ ਲੜਕੀਆਂ ਦੀ ਮੁਫ਼ਤ ਟ੍ਰੇਨਿੰਗ ਕੈਂਪ ਵਜੋਂ ਰਾਖਵਾਂ ਰੱਖਿਆ ਹੋਇਆ ਹੈ। ਲੰਘੇ ਇਕ ਵਰ੍ਹੇ ਵਿਚ ਲਗਭਗ 500 ਲੜਕੀਆਂ ਇਸ ਟ੍ਰੇਨਿੰਗ ਸੈਂਟਰ ਤੋਂ ਵੱਖ-ਵੱਖ ਕਿੱਤਾਮੁਖੀ ਕੋਰਸਾਂ ਵਿਚ ਮੁਫ਼ਤ ਸਿੱਖਿਆ ਗ੍ਰਹਿਣ ਕਰ ਕੇ ਰੁਜ਼ਗਾਰ ਦੇ ਮੌਕੇ ਹਾਸਲ ਕਰ ਚੁੱਕੀਆਂ ਹਨ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਲਈ ਚੁੱਕਿਆ ਗਿਆ ਵੱਡਾ ਕਦਮ, ਦਿੱਤੀ ਗਈ ਚਿਤਾਵਨੀ
ਅਵੰਤਿਕਾ ਦਾ ਕਹਿਣਾ ਹੈ ਕਿ ਕੰਮ ਕੋਈ ਵੀ ਔਖਾ ਨਹੀਂ ਹੈ ਲੋੜ ਸਿਰਫ ਉਸ ਪ੍ਰਤੀ ਜਾਗਰੂਕ ਹੋਣ ਦੀ ਹੁੰਦੀ ਹੈ। ਉਹ ਇਨ੍ਹਾਂ ਕੋਰਸਾਂ ਲਈ ਦਸਵੀਂ ਅਤੇ ਬਾਰਵੀਂ ਪਾਸ ਲੜਕੀਆਂ ਦੀ ਚੋਣ ਕਰਦੀ ਹੈ। ਉਸ ਦੇ ਕੋਚਿੰਗ ਸੈਂਟਰ ਵਿਚ ਵਿਦੇਸ਼ਾਂ ਤੋਂ ਅਕਸਰ ਮਹਿਮਾਨ ਅਧਿਆਪਕ ਵੀ ਸਮੇਂ-ਸਮੇਂ ਉੱਤੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਆਉਂਦੇ ਹਨ। ਇਸ ਸਾਲ ਉਹ ਆਪਣੇ ਸੈਂਟਰ ਨੂੰ ਐੱਸਐੱਸ ਗਰੁੱਪ ਮੁਹਾਲੀ ਅਤੇ ਐੱਸਬੀਪੀਐੱਸ ਗਰੁੱਪ ਯੂਐੱਸਏ ਦੇ ਸਹਿਯੋਗ ਨਾਲ ਚਲਾ ਰਹੀ ਹੈ। ਬੀਪੀਓ ਨਾਮੀ ਇਹ ਗਰੁੱਪ ਪੇਂਡੂ ਲੜਕੀਆਂ ਦੀ ਚੋਣ ਕਰਕੇ ਘਰ ਤੋਂ ਰੁਜ਼ਗਾਰ ਸ਼ੁਰੂ ਕਰਵਾਉਣ ਦੀ ਮੁਹਿੰਮ ਚਲਾ ਰਿਹਾ ਹੈ। ਆਪਣੇ ਖਰਚ ਉੱਤੇ ਅਵੰਤਿਕਾ ਪੰਜਤੂਰੀ ਨੇ ਕਸਬਾ ਮੱਖੂ, ਜ਼ੀਰਾ ਅਤੇ ਧਰਮਕੋਟ ਤੋਂ ਲੜਕੀਆਂ ਦੇ ਆਉਣ-ਜਾਣ ਲਈ ਮੁਫ਼ਤ ਬੱਸਾਂ ਦੀ ਸਹੂਲਤ ਵੀ ਸ਼ੁਰੂ ਕੀਤੀ ਹੋਈ ਹੈ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ ! ਇਸ ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਉਡਣਗੇ ਹੋਸ਼
ਉਸਨੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਿੱਖਿਅਤ ਕਰਨ, ਨੌਕਰੀਆਂ ਦੇ ਕਾਬਿਲ ਬਣਾਉਣ, ਨੌਕਰੀਆਂ ਦੇਣ ਅਤੇ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਸ਼ੁਰੂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਆਪਣੇ ਪੈਰਾਂ ਉੱਤੇ ਖੜ੍ਹਾ ਹੋਣ ਦੀ ਕੋਸ਼ਿਸ਼ ਕਰਨ। ਅਵੰਤਿਕਾ ਦਾ ਕਹਿਣਾ ਹੈ ਕਿ ਪੰਜਾਬ ਬਹੁਤ ਹੀ ਸੰਭਾਵਨਾ ਭਰਪੂਰ ਸੂਬਾ ਹੈ। ਨੌਜਵਾਨ ਇਥੇ ਰਹਿ ਕੇ ਸੂਬੇ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾ ਸਕਦੇ ਹਨ। ਉਸਨੇ ਪ੍ਰਵਾਸੀ ਪੰਜਾਬੀਆਂ ਨੂੰ ਵੀ ਸੱਦਾ ਦਿੱਤਾ ਹੈ ਕਿ ਉਹ ਆਪਣੇ ਪਿੰਡਾਂ ਨੂੰ ਅਪਣਾਉਣ ਤਾਂ ਜੋ ਪੰਜਾਬ ਅਤੇ ਪੰਜਾਬੀਆਂ ਨੂੰ ਹੋਰ ਖੁਸ਼ਹਾਲ ਬਣਾਇਆ ਜਾ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e