ਨਿਊਜ਼ੀਲੈਂਡ ਰਹਿੰਦੇ ਕਈ ਪਰਿਵਾਰ ਭਾਰਤ ''ਚ ਫਸੇ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਗਾਈ ਮਦਦ ਦੀ ਗੁਹਾਰ
Sunday, Nov 29, 2020 - 06:12 PM (IST)
ਅੰਮ੍ਰਿਤਸਰ (ਸਰਬਜੀਤ): ਰੋਜ਼ੀ-ਰੋਟੀ ਦੀ ਭਾਲ 'ਚ ਆਪਣਾ ਦੇਸ਼ ਛੱਡ ਕੇ ਨਿਊਜ਼ੀਲੈਂਡ ਗਏ 500 ਤੋਂ 600 ਪਰਿਵਾਰਾਂ ਦੇ ਮੈਂਬਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ, ਜਿੱਥੇ ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਕਿ ਕਾਫੀ ਸਮੇਂ ਤੋਂ ਉਹ ਰੋਜ਼ੀ-ਰੋਟੀ ਦੀ ਭਾਲ 'ਚ ਨਿਊਜ਼ੀਲੈਂਡ ਗਏ ਹੋਏ ਸਨ ਅਤੇ 9 ਮਹੀਨੇ ਪਹਿਲਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਅੰਮ੍ਰਿਤਸਰ ਪਹੁੰਚੇ ਸਨ। ਹੁਣ ਜਦੋਂ ਉਹ ਦੁਬਾਰਾ ਨਿਊਜ਼ੀਲੈਂਡ ਜਾਣਾ ਚਾਹੁੰਦੇ ਹਨ ਤਾਂ ਉਥੋਂ ਦੀਆਂ ਸਰਕਾਰਾਂ ਨੇ ਉਨ੍ਹਾਂ ਦੇ ਆਉਣ 'ਤੇ ਮਨਾਹੀ ਕਰ ਦਿੱਤੀ ਹੈ, ਜਿਸ ਕਾਰਣ 9 ਮਹੀਨਿਆਂ ਤੋਂ ਉਹ ਭਾਰਤ ਵਿਚ ਹੀ ਫਸੇ ਹੋਏ ਹਨ । ਕਈ ਪਰਿਵਾਰਾਂ ਦੇ ਮੈਂਬਰ ਉੱਥੇ ਰਹਿ ਗਏ, ਕਈਆਂ ਦੇ ਰੋਜ਼ਗਾਰ ਅਤੇ ਕਈਆਂ ਦਾ ਸਾਮਾਨ ਉੱਥੇ ਹੀ ਰਹਿ ਗਿਆ, ਜਿਸ ਕਾਰਣ ਉਹ ਖਾਸੇ ਪ੍ਰੇਸ਼ਾਨ ਹੋ ਰਹੇ ਹਨ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਦਿੱਲੀ ਨੇੜੇ ਕਿਸਾਨ ਜਥੇ ਦਾ ਟਰੈਕਟਰ ਠੀਕ ਕਰਨ ਗਏ ਧਨੌਲਾ ਦੇ ਮਕੈਨਿਕ ਦੀ ਮੌਤ
ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਹ ਨਿਊਜ਼ੀਲੈਂਡ ਸਰਕਾਰ ਅਤੇ ਭਾਰਤ ਵਿਚ ਉਨ੍ਹਾਂ ਦੇ ਦੂਤਾਵਾਸ ਦੇ ਨਾਲ-ਨਾਲ ਸਿੱਖ ਸਭਾ ਸੋਸਾਇਟੀ ਨਿਊਜ਼ੀਲੈਂਡ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਵਾਪਸ ਨਿਊਜ਼ੀਲੈਂਡ ਭੇਜਣ ਲਈ ਮਦਦ ਕਰਨ, ਤਾਂ ਜੋ ਉਹ ਮੁੜ ਆਪਣੇ ਕੰਮਾਂ 'ਤੇ ਪਹੁੰਚ ਸਕਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਸਕਣ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਜਲਦ ਹੀ ਐੱਸ. ਜੀ. ਪੀ. ਸੀ. ਦੀ ਦਿੱਲੀ ਕਮੇਟੀ ਨੂੰ ਕਹਿ ਕੇ ਇਸ ਮਸਲੇ ਨੂੰ ਹੱਲ ਕਰਵਾਉਣਗੇ। ਇਸ ਮੌਕੇ ਪ੍ਰਭਜੋਤ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਖੇਤਾਂ ਤੋਂ ਵਾਪਸ ਆਪਣੇ ਘਰ ਆ ਰਹੇ 14 ਸਾਲਾ ਬੱਚੇ ਨਾਲ ਵਾਪਰਿਆ ਭਾਣਾ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ