ਨਵੇਂ ਸਾਲ ਦਾ ਆਗਾਜ਼ ਹੋਇਆ ਸਰਦੀ ਤੇ ਧੁੰਦ ਨਾਲ, 3 ਡਿਗਰੀ ’ਤੇ ਪੁੱਜਿਆ ਪਾਰਾ
Friday, Jan 01, 2021 - 04:51 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : 2021 ਨਵੇਂ ਸਾਲ ਦਾ ਆਗਾਜ਼ ਭਾਰੀ ਸਰਦੀ ਅਤੇ ਧੁੰਦ ਨਾਲ ਹੋਇਆ। ਸਵੇਰ ਤੋਂ ਹੀ ਭਾਰੀ ਧੁੰਦ ਸੀ ਅਤੇ ਸਰਦੀ ਵੀ ਬਹੁਤ ਜ਼ਿਆਦਾ ਸੀ। ਸਵੇਰੇ ਵੇਲੇ ਤਾਪਮਾਨ ਸਿਰਫ 3 ਡਿਗਰੀ ਦਰਜ ਕੀਤਾ ਗਿਆ। ਵਿਜ਼ੀਵਿਲੀਟੀ ਵੀ ਨਾ ਦੇ ਬਰਾਬਰ ਸੀ। ਧੁੰਦ ਕਾਰਣ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਇਸ ਕਾਰਣ ਕਈ ਸੜਕ ਹਾਦਸੇ ਵੀ ਹੋਏ। ਮੌਸਮ ਮਾਹਿਰਾਂ ਦੀ ਗੱਲ ਕਰੀਏ ਤਾਂ ਨਵੇਂ ਸਾਲ ਦੇ ਪਹਿਲੇ ਹਫ਼ਤੇ ਬਾਰਿਸ਼ ਦੇ ਆਸਾਰ ਵੀ ਬਣੇ ਹੋਏ ਹਨ। ਮੌਸਮ ਮਾਹਿਰਾਂ ਅਨੁਸਾਰ ਐਤਵਾਰ ਅਤੇ ਸੋਮਵਾਰ ਨੂੰ ਬਰਸਾਤ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਜੇਕਰ ਅੱਜ ਦੇ ਦਿਨ ਭਰ ਦੇ ਮੌਸਮ ’ਤੇ ਨਜ਼ਰ ਮਾਰੀ ਜਾਏ ਤਾਂ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 3 ਡਿਗਰੀ ਰਿਹਾ। ਐਤਵਾਰ ਨੂੰ ਘੱਟੋ-ਘੱਟ ਤਾਪਮਾਨ ਦੇ ਵਧਣ ਦੇ ਆਸਾਰ ਹਨ ਜੋ ਵਧ ਕਿ 11 ਡਿਗਰੀ ਤਕ ਪੁੱਜ ਜਾਵੇਗਾ ਪਰ ਇਸ ਦੇ ਨਾਲ ਹੀ ਬਾਰਿਸ਼ ਦੇ ਆਸਾਰ ਵੀ ਬਣੇ ਹੋਏ ਹਨ।
ਧੁੰਦ ਕਾਰਣ ਵਾਪਰੇ ਸੜਕ ਹਾਦਸੇ
ਧੁੰਦ ਕਾਰਣ ਬਾਜਾਖਾਨਾ ਰੋਡ ’ਤੇ ਜੇਲ ਕੋਲ ਸੜਕ ਹਾਦਸਾ ਹੋਇਆ। ਬੱਸ ਅਤੇ ਟਰੱਕ ਦੀ ਆਪਸੀ ਟੱਕਰ ਹੋ ਗਈ ਪਰ ਇਸ ਹਾਦਸੇ ’ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ ਪਰ ਕੁਝ ਲੋਕ ਜ਼ਖਮੀ ਵੀ ਹੋ ਗਏ। ਧੁੰਦ ਅਤੇ ਸਰਦੀ ਕਾਰਣ ਬਾਜ਼ਾਰਾਂ ’ਚ ਵੀ ਸੁੰਨਸਾਨ ਸੀ। ਦੁਕਾਨਦਾਰ ਵਿਹਲੇ ਬੈਠੇ ਸਨ। ਕੁਝ ਲੋਕ ਧੂਣੀਆਂ ਸੇਕ ਕੇ ਠੰਡ ਤੋਂ ਬਚਣ ਦਾ ਉਪਾਅ ਕਰ ਰਹੇ ਸਨ। ਨਵੇਂ ਸਾਲ ਦੀ ਆਮਦ ’ਤੇ ਬਾਜ਼ਾਰਾਂ ’ਚ ਗਰਮ ਪਕੌੜੇ, ਛੋਲੇ ਪੂਰੀ ਤੇ ਚਾਹ ਵਗੈਰਾ ਦੇ ਲੰਗਰ ਵੀ ਲੱਗੇ ਹੋਏ ਸਨ। ਧੁੰਦ ਕਾਰਣ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੰਜ ਮਿੰਟਾਂ ਦੇ ਸਫਰ ਨੂੰ ਤੈਅ ਕਰਨ ਲਈ ਅੱਧੇ ਘੰਟੇ ਤੋਂ ਵੀ ਵੱਧ ਦਾ ਸਮਾਂ ਲੱਗ ਰਿਹਾ ਸੀ।