ਜਲੰਧਰ ''ਚ ਨਵੀਂ ਵਾਰਡਬੰਦੀ ਦੇ ਨਕਸ਼ੇ ਹੋਏ ਡਿਸਪਲੇਅ, ਪਹਿਲੇ ਹੀ ਦਿਨ ਵਿਵਾਦਾਂ ''ਚ ਘਿਰੇ ਨਿਗਮ ਅਧਿਕਾਰੀ
Wednesday, Jun 21, 2023 - 11:15 AM (IST)
ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਦੀਆਂ ਚੋਣਾਂ ਲਗਭਗ 2 ਮਹੀਨੇ ਬਾਅਦ ਹੋਣ ਜਾ ਰਹੀਆਂ ਹਨ, ਇਸ ਲਈ ਨਵੀਂ ਵਾਰਡਬੰਦੀ ਦਾ ਡਰਾਫਟ ਨੋਟੀਫਾਈ ਹੋ ਚੁੱਕਾ ਹੈ ਅਤੇ ਉਸ ਦੇ ਆਧਾਰ ’ਤੇ ਮੰਗਲਵਾਰ ਸ਼ਹਿਰ ਦੇ 85 ਵਾਰਡਾਂ ਦੇ ਨਕਸ਼ੇ ਨਗਰ ਨਿਗਮ ਦਫ਼ਤਰ ਵਿਚ ਡਿਸਪਲੇਅ ਕਰ ਦਿੱਤੇ ਗਏ। ਇਹ ਪ੍ਰਕਿਰਿਆ ਪਹਿਲੇ ਹੀ ਦਿਨ ਵਿਵਾਦਾਂ ਵਿਚ ਘਿਰ ਗਈ, ਜਦੋਂ ਨਿਗਮ ਵਿਚ ਵਾਰਡਬੰਦੀ ਦਾ ਨਕਸ਼ਾ ਵੇਖਣ ਲਈ ਨਿਗਮ ਚੋਣਾਂ ਲੜਨ ਦੇ ਇੱਛੁਕ ਉਮੀਦਵਾਰਾਂ ਦੀ ਭੀੜ ਲੱਗ ਗਈ ਅਤੇ ਨਿਗਮ ਦੀ ਚੌਥੀ ਮੰਜ਼ਿਲ ’ਤੇ ਹਫ਼ੜਾ-ਦਫ਼ੜੀ ਵਰਗਾ ਮਾਹੌਲ ਵੇਖਣ ਨੂੰ ਮਿਲਿਆ।
ਜ਼ਿਕਰਯੋਗ ਹੈ ਕਿ ਵਾਰਡਬੰਦੀ ਦੇ ਨਕਸ਼ਿਆਂ ਦੀ ਉਡੀਕ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਸੀ ਪਰ ਪਬਲਿਕ ਨੋਟਿਸ ਜਾਰੀ ਹੁੰਦੇ ਹੀ ਮੰਗਲਵਾਰ ਨਕਸ਼ਿਆਂ ਨੂੰ ਡਿਸਪਲੇਅ ਕਰ ਦਿੱਤਾ ਗਿਆ। ਕਿਉਂਕਿ ਵੱਡੇ ਸਾਰੇ ਕੱਪੜੇ ਦੇ ਟੁਕੜੇ ’ਤੇ ਬਣਿਆ ਹੋਇਆ ਨਕਸ਼ਾ ਇਕ ਹੀ ਸੀ ਅਤੇ ਚਾਹਵਾਨਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ, ਇਸ ਲਈ ਵਧੇਰੇ ਆਗੂਆਂ ਦੇ ਪੱਲੇ ਕੁਝ ਨਹੀਂ ਪਿਆ ਅਤੇ ਵਧੇਰੇ ਸੰਭਾਵਿਤ ਉਮੀਦਵਾਰ ਨਿਗਮ ਦੇ ਪ੍ਰਬੰਧਾਂ ਨੂੰ ਨਿੰਦਦੇ ਨਜ਼ਰ ਆਏ।
ਇਹ ਵੀ ਪੜ੍ਹੋ: ਅਜਬ-ਗਜ਼ਬ: ਬੱਚੇ ਨੇ ਅਜਗਰ ਨੂੰ ਸਮਝ ਲਿਆ ਖਿਡੌਣਾ, ਪਹਿਲਾਂ ਕੀਤੀ ਸਵਾਰੀ ਫਿਰ ਖੋਲ੍ਹਣ ਲੱਗਾ ਮੂੰਹ
ਨਕਸ਼ਾ ਪਬਲਿਕ ਲਈ ਆਇਆ ਪਰ ਸਖ਼ਤੀ ਇੰਨੀ ਕਿ ਫੋਟੋ ਤਕ ਨਾ ਖਿੱਚਣ ਦਿੱਤੀ
ਨਵੀਂ ਵਾਰਡਬੰਦੀ ਦੇ ਨਕਸ਼ਿਆਂ ਨੂੰ ਡਿਸਪਲੇਅ ਕਰਨ ਦਾ ਕਾਰਜਭਾਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਰਾਜੇਸ਼ ਖੋਖਰ ਦੇ ਹਵਾਲੇ ਸੀ, ਜਿਨ੍ਹਾਂ ਨੇ ਇਸ ਕੰਮ ਲਈ ਕੁਝ ਕਰਮਚਾਰੀਆਂ ਦੀ ਡਿਊਟੀ ਲਾਈ ਹੋਈ ਸੀ। ਭੀੜ-ਭੜੱਕੇ ਕਾਰਨ ਨਕਸ਼ਾ ਫਟ ਹੀ ਨਾ ਜਾਵੇ, ਇਸ ਦੇ ਲਈ ਇਕ ਪੁਲਸ ਅਧਿਕਾਰੀ ਦੀ ਵੀ ਡਿਊਟੀ ਲਾਈ ਗਈ ਸੀ ਪਰ ਇਸ ਪ੍ਰਕਿਰਿਆ ਦੌਰਾਨ ਇੰਨੀ ਸਖ਼ਤੀ ਵਰਤੀ ਗਈ ਕਿ ਵਧੇਰੇ ਆਗੂ ਨਿਰਾਸ਼ ਹੋ ਕੇ ਵਾਪਸ ਹੀ ਚਲੇ ਗਏ। ਨਿਗਮ ਸਟਾਫ਼ ਅਤੇ ਨਿਗਮ ਪੁਲਸ ਨੇ ਕਿਸੇ ਨੂੰ ਵੀ ਨਕਸ਼ੇ ਵਿਚ ਬਣੇ ਵਾਰਡਾਂ ਦੀ ਬਾਊਂਡਰੀ ਦੀ ਮੋਬਾਇਲ ਫੋਨ ਨਾਲ ਫੋਟੋ ਤਕ ਨਹੀਂ ਖਿੱਚਣ ਦਿੱਤੀ, ਜਦਕਿ ਇਹ ਸਾਰੀ ਪ੍ਰਕਿਰਿਆ ਆਮ ਪਬਲਿਕ ਲਈ ਚਲਾਈ ਗਈ ਸੀ। ਇਹ ਸਮਝ ਵਿਚ ਨਹੀਂ ਆਇਆ ਕਿ ਲੋਕਾਂ ਨੂੰ ਨਕਸ਼ੇ ਦੀ ਫੋਟੋ ਖਿੱਚਣ ਤੋਂ ਕਿਉਂ ਰੋਕਿਆ ਗਿਆ। ਇਸ ਸਬੰਧ ਵਿਚ ਜਦੋਂ ਨਿਗਮ ਕਮਿਸ਼ਨਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੂਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਚੱਲੇਗੀ ਅਤੇ ਸੋਮਵਾਰ ਤੋਂ ਸਾਰਾ ਸਿਸਟਮ ਠੀਕ ਕਰ ਦਿੱਤਾ ਜਾਵੇਗਾ। ਸੋਮਵਾਰ ਤੋਂ ਲੋਕ ਵਾਰਡਾਂ ਦੀ ਫੋਟੋ ਵੀ ਖਿੱਚ ਸਕਣਗੇ। ਲੋਕਾਂ ਨੂੰ ਇਸ ਮਾਮਲੇ ਵਿਚ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਇਤਰਾਜ਼ ਦੇਣ ਦਾ ਸਮਾਂ ਘੱਟ ਤੋਂ ਘੱਟ 15 ਦਿਨ ਕੀਤਾ ਜਾਵੇ: ਜੌਲੀ ਬੇਦੀ
ਇਸੇ ਵਿਚਕਾਰ ਨੌਜਵਾਨ ਭਾਜਪਾ ਆਗੂ ਜੌਲੀ ਬੇਦੀ ਜੋ ਇੰਡਸਟਰੀਅਲ ਏਰੀਆ ਵਾਰਡ ਤੋਂ ਭਾਜਪਾ ਦੀ ਟਿਕਟ ’ਤੇ ਨਿਗਮ ਚੋਣ ਲੜਨ ਦੇ ਇੱਛੁਕ ਵੀ ਹਨ, ਨੇ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਵਾਰਡਬੰਦੀ ’ਤੇ ਇਤਰਾਜ਼ ਪ੍ਰਗਟ ਕਰਨ ਦਾ ਸਮਾਂ ਘੱਟ ਤੋਂ ਘੱਟ 15 ਦਿਨ ਰੱਖਿਆ ਜਾਵੇ। ਜ਼ਿਕਰਯੋਗ ਹੈ ਕਿ ਨਿਗਮ ਨੇ ਵਾਰਡਬੰਦੀ ’ਤੇ ਪਬਲਿਕ ਤੋਂ ਇਤਰਾਜ਼ ਮੰਗਣ ਦਾ ਸਮਾਂ 7 ਦਿਨ ਰੱਖਿਆ ਹੈ। ਜੌਲੀ ਬੇਦੀ ਨੇ ਕਿਹਾ ਕਿ ਇੰਨੇ ਘੱਟ ਸਮੇਂ ਵਿਚ ਇਹ ਪ੍ਰਕਿਰਿਆ ਨਿਪਟਾਈ ਨਹੀਂ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਹਰ ਵਾਰ ਇਤਰਾਜ਼ ਮੰਗਣ ਦਾ ਸਮਾਂ 21 ਦਿਨ ਰੱਖਿਆ ਜਾਂਦਾ ਹੈ, ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਨਿਯਮ ਕਾਨੂੰਨ ਮੰਨਦੇ ਹੋਏ ਹੀ ਨਿਗਮ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ। ਜੌਲੀ ਬੇਦੀ ਨੇ ਇਹ ਮੰਗ ਵੀ ਕੀਤੀ ਕਿ ਵਾਰਡਬੰਦੀ ਦੇ ਨਕਸ਼ੇ ਡਿਜੀਟਲ ਰੂਪ ਨਾਲ ਸਾਰਿਆਂ ਨੂੰ ਸੌਂਪੇ ਜਾਣ ਤਾਂ ਕਿ ਸੰਭਾਵਿਤ ਉਮੀਦਵਾਰਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ।
ਇਹ ਵੀ ਪੜ੍ਹੋ: ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ BSF ਵੱਲੋਂ ਕਰੋੜਾਂ ਰੁਪਏ ਦੀ ਹੈਰੋਇਨ ਦੇ 14 ਛੋਟੇ ਪੈਕੇਟ ਬਰਾਮਦ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani