NRI's ਲਈ ਵੱਡੀ ਖ਼ਬਰ, ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕੀਤਾ ਇਹ ਐਲਾਨ
Thursday, Jan 19, 2023 - 10:02 PM (IST)
ਲੁਧਿਆਣਾ/ਚੰਡੀਗੜ੍ਹ (ਮੋਹਿਨੀ, ਰਮਨਜੀਤ ਸਿੰਘ) : ਪੰਜਾਬ ਟਰਾਂਸਪੋਰਟ ਵਿਭਾਗ ’ਚ ਪਾਰਦਰਸ਼ਤਾ ਲਿਆਉਣ ਅਤੇ ਲਾਪ੍ਰਵਾਹੀਆਂ ’ਤੇ ਰੋਕ ਲਾਉਣ ਲਈ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਥਾਨਕ ਰੋਡਵੇਜ਼ ਡਿਪੂ, ਬੱਸ ਅੱਡਾ ਅਤੇ ਪੀ. ਆਰ. ਟੀ. ਸੀ. ਦਾ ਅਚਾਨਕ ਨਿਰੀਖਣ ਕੀਤਾ। ਕੈਬਨਿਟ ਮੰਤਰੀ ਨੇ ਬੱਸਾਂ ’ਚ ਸਵਾਰ ਯਾਤਰੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਤੋਂ ਬੱਸ ਸੇਵਾਵਾਂ ’ਚ ਸੁਧਾਰ ਲਈ ਸੁਝਾਅ ਵੀ ਮੰਗੇ।
ਮੰਤਰੀ ਭੁੱਲਰ ਨੇ ਲੁਧਿਆਣਾ ਦੇ ਅਮਰ ਸ਼ਹੀਦ ਸੁਖਦੇਵ ਅੰਤਰਰਾਸ਼ਟਰੀ ਬੱਸ ਅੱਡੇ ਦੇ ਦੌਰੇ ਦੌਰਾਨ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਟੈਕਸ ਭਰੇ ਬਿਨਾਂ ਚੱਲ ਰਹੀਆਂ ਸਾਰੀਆਂ ਬੱਸਾਂ ਜ਼ਬਤ ਕੀਤੀਆਂ ਜਾਣ ਅਤੇ ਇਨ੍ਹਾਂ ਦੇ ਚਲਾਨ ਕੱਟੇ ਜਾਣ। ਨਾਲ ਹੀ ਉਨ੍ਹਾਂ ਨੇ ਮੀਡੀਆ ਸਾਹਮਣੇ ਐਲਾਨ ਕੀਤਾ ਕਿ ਪੰਜਾਬ ’ਚ ਰੋਡਵੇਜ਼ ਦੇ ਬੇੜੇ ਨੂੰ ਆਧੁਨਿਕਤਾ ਦੇਣ ਲਈ ਨਵੀਆਂ ਵੋਲਵੋ ਬੱਸਾਂ ਪਾਈਆਂ ਜਾਣਗੀਆਂ ਤਾਂ ਕਿ ਪੰਜਾਬ ਦੀਆਂ ਐੱਨ. ਆਰ. ਆਈ. ਸਵਾਰੀਆਂ ਪ੍ਰਾਈਵੇਟ ਬੱਸਾਂ ਵੱਲ ਰੁਖ਼ ਨਾ ਕਰਨ ਅਤੇ ਸਰਕਾਰ ਦਾ ਰੈਵੇਨਿਊ ਵਧੇ ਅਤੇ ਸਵਾਰੀਆਂ ਦੀ ਲੁੱਟ ਨਾ ਹੋਵੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਜਨਤਾ ਨਾਲ ਜੋ ਵਾਅਦੇ ਕੀਤੇ ਸਨ, ਉਹ ਸਾਰੇ ਵਾਅਦੇ ਪੂਰੇ ਕਰਨ ਲਈ ਮੁੱਖ ਮੰਤਰੀ ਮਾਨ ਦੀ ਟੀਮ ਲਗਾਤਾਰ ਜੁਟੀ ਹੋਈ ਹੈ।
ਇਹ ਵੀ ਪੜ੍ਹੋ : ਇਟਲੀ 'ਚ ਹੋਈ ਬਰਫ਼ਬਾਰੀ ਨੇ ਠਾਰੇ ਲੋਕ, ਦੇਖੋ ਧਰਤੀ 'ਤੇ ਚਿੱਟੇ ਰੰਗ ਦੀ ਵਿਛੀ ਚਾਦਰ ਦੀਆਂ ਤਸਵੀਰਾਂ
ਟਰਾਂਸਪੋਰਟ ਮੰਤਰੀ ਦੇ ਦੌਰੇ ਕਾਰਨ ਬੱਸ ਅੱਡੇ ’ਚ ਕਾਫੀ ਗਹਿਮਾ-ਗਹਿਮੀ ਰਹੀ ਅਤੇ ਜਿਸ ਸਾਦਗੀ ਨਾਲ ਟਰਾਂਸਪੋਰਟ ਮੰਤਰੀ ਬੱਸ ਅੱਡੇ ’ਤੇ ਘੁੰਮੇ, ਕੁਝ ਸਵਾਰੀਆਂ ਨੂੰ ਤਾਂ ਪਤਾ ਹੀ ਨਹੀਂ ਲੱਗ ਸਕਿਆ ਕਿ ਖੁਦ ਮੰਤਰੀ ਅੱਜ ਚੈਕਿੰਗ ਕਰ ਰਹੇ ਹਨ, ਜਦੋਂਕਿ ਕਈ ਵਾਰ ਲਾਲਜੀਤ ਭੁੱਲਰ ਨੂੰ ਸਵਾਰੀਆਂ ਨੂੰ ਖੁਦ ਦੱਸਣਾ ਪਿਆ ਕਿ ਉਹ ਟਰਾਂਸਪੋਰਟ ਮੰਤਰੀ ਹਨ। ਮੰਤਰੀ ਨੇ ਆਪਣੇ ਛੋਟੇ ਜਿਹੇ ਦੌਰੇ ਦੌਰਾਨ ਅਧਿਕਾਰੀਆਂ ਨੂੰ ਕਈ ਵਿਸ਼ਿਆਂ ’ਤੇ ਸੁਚੇਤ ਵੀ ਕੀਤਾ ਅਤੇ ਸਵਾਰੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਉਣ ਦੇਣ ਦੀ ਤਾਕੀਦ ਕੀਤੀ। ਆਪਣੇ ਦੌਰੇ ਦੌਰਾਨ ਮੰਤਰੀ ਨੇ ਕਈ ਨਿੱਜੀ ਟੂਰਿਸਟ ਬੱਸਾਂ ਦੇ ਪਰਮਿਟ ਚੈੱਕ ਕੀਤੇ ਅਤੇ ਕਈਆਂ ਦੇ ਕਾਗਜ਼ਾਂ ਵਿੱਚ ਕਮੀ ਪਾਏ ਜਾਣ ’ਤੇ ਚਲਾਨ ਦੇ ਹੁਕਮ ਵੀ ਦਿੱਤੇ। ਇਸ ਮੌਕੇ ਜੀ. ਐੱਮ. ਨਵਰਾਜ ਬਾਤਿਸ਼ ਤੇ ਹੋਰ ਅਧਿਕਾਰੀ ਹਾਜ਼ਰ ਸਨ।