ਫਗਵਾੜਾ ''ਚ ਹੋਈ ਫਾਇਰਿੰਗ ਦੇ ਮਾਮਲੇ ''ਚ ਨਵਾਂ ਮੋੜ, ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋਏ ਨੌਜਵਾਨ ਨੇ ਖ਼ੁਦ ਖੋਲ੍ਹਿਆ ਰਾਜ਼
Tuesday, Jul 30, 2024 - 04:58 AM (IST)
ਫਗਵਾੜਾ (ਜਲੋਟਾ)- ਬੀਤੇ ਦਿਨੀਂ ਫਗਵਾੜਾ ਦੇ ਪਿੰਡ ਜਗਪਾਲਪੁਰ ਨੇੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਵਲੋਂ ਇਕ ਨੌਜਵਾਨ 'ਤੇ ਗੋਲ਼ੀਆਂ ਚਲਾਉਣ ਦੀ ਕਹਾਣੀ ਪੂਰੀ ਤਰ੍ਹਾਂ ਨਾਲ ਝੂਠੀ ਸਾਬਤ ਹੋਈ ਹੈ। ਦੱਸ ਦੇਈਏ ਕਿ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ, ਜਿਸ 'ਚ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਸਨ।
ਫਗਵਾੜਾ 'ਚ ਐੱਸ.ਪੀ. ਰੁਪਿੰਦਰ ਕੌਰ ਭੱਟੀ ਅਤੇ ਡੀ.ਐੱਸ.ਪੀ. ਜਸਪ੍ਰੀਤ ਸਿੰਘ ਨੇ ਇਸ ਮਾਮਲੇ ਦੇ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਕਈ ਅਹਿਮ ਖੁਲਾਸੇ ਕੀਤੇ ਹਨ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਐੱਸ.ਪੀ. ਭੱਟੀ ਨੇ ਦੱਸਿਆ ਕਿ ਅਸਲੀਅਤ ਇਹ ਹੈ ਕਿ ਗੋਲ਼ੀ ਲੱਗਣ ਨਾਲ ਜ਼ਖਮੀ ਹੋਏ ਨੌਜਵਾਨ ਰਵੀ ਪੁੱਤਰ ਹੰਸਰਾਜ ਵਾਸੀ ਪਿੰਡ ਜਗਪਾਲਪੁਰ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ 'ਤੇ ਕਿਸੇ ਨੇ ਗੋਲ਼ੀ ਨਹੀਂ ਚਲਾਈ ਸੀ। ਉਸ ਨੂੰ ਲੱਗੀ ਗੋਲ਼ੀ ਉਸ ਪਾਸ ਰੱਖੀ ਹੋਈ ਨਾਜਾਇਜ਼ ਦੇਸੀ ਪਿਸਤੌਲ ਤੋਂ ਚਲੀ ਸੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਸੀ।
ਇਹ ਵੀ ਪੜ੍ਹੋ- ਹਾਰਟ ਅਟੈਕ ਨਾਲ ਹੋਈ ਮੌਤ ਜਾਂ ਕੀਤਾ ਗਿਆ ਕਤਲ ? ਮ੍ਰਿਤਕਾ ਨੇ ਅਜਿਹੀ ਥਾਂ ਲਿਖਿਆ ਕਾਤਲਾਂ ਦਾ ਨਾਂ, ਕਿ...
ਉਨ੍ਹਾਂ ਦੱਸਿਆ ਕਿ ਪੁਲਸ ਨੇ ਮੁਲਜ਼ਮ ਰਵੀ ਨੂੰ ਗ੍ਰਿਫਤਾਰ ਕਰ ਉਸ ਦੇ ਖਿਲਾਫ ਥਾਣਾ ਰਾਵਲਪਿੰਡੀ ਚ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਐੱਸ.ਪੀ. ਭੱਟੀ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਰਵੀ ਦੇ ਕਬਜ਼ੇ ਤੋਂ ਇੱਕ ਨਾਜਾਇਜ਼ ਦੇਸੀ ਪਿਸਤੌਲ ਅਤੇ ਨੌਂ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਨੂੰ ਗੁਪਤ ਸੂਤਰਾਂ ਨੇ ਜਾਣਕਾਰੀ ਦਿੱਤੀ ਸੀ ਕਿ ਮੁਲਜ਼ਮ ਰਵੀ ਕੋਲ ਇੱਕ ਨਾਜਾਇਜ਼ ਦੇਸੀ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਹਨ। ਜਦੋਂ ਸਰਕਾਰੀ ਡਾਕਟਰਾਂ ਨੇ ਉਸ ਨੂੰ ਹਸਪਤਾਲ ਤੋਂ ਇਲਾਜ ਤੋਂ ਬਾਅਦ ਫਿੱਟ ਐਲਾਨਿਆ ਤਾਂ ਪੁਲਸ ਨੇ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਉਸ ਨੇ ਖੁਦ ਮੰਨਿਆ ਕਿ ਉਸ ਨੇ ਜੋ ਕਹਾਣੀ ਘੜੀ ਸੀ, ਉਹ ਪੂਰੀ ਤਰ੍ਹਾਂ ਝੂਠੀ ਅਤੇ ਫਰਜ਼ੀ ਸੀ।
ਐੱਸ.ਪੀ. ਭੱਟੀ ਨੇ ਦੱਸਿਆ ਕਿ ਮੁਲਜ਼ਮ ਰਵੀ ਖਿਲਾਫ ਪਹਿਲਾਂ ਵੀ ਪੁਲਸ ਕੇਸ ਦਰਜ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਟੀਮ ਇਹ ਪਤਾ ਲਗਾ ਰਹੀ ਹੈ ਕਿ ਮੁਲਜ਼ਮ ਹੋਰ ਕਿੰਨੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੋ ਸਕਦਾ ਹੈ? ਉਨ੍ਹਾਂ ਦੱਸਿਆ ਕਿ ਪੁਲਸ ਨੇ ਮੁਲਜ਼ਮ ਰਵੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ ਅਤੇ ਅਦਾਲਤ ਨੇ ਉਸ ਨੂੰ ਦੋ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਪੁਲਸ ਭਰਤੀ ਦਾ ਪੇਪਰ ਦੇਣ ਜਾ ਰਹੇ ਪਤੀ-ਪਤਨੀ ਨਾਲ ਵਾਪਰ ਗਿਆ ਭਾਣਾ, ਮਾਸੂਮ ਸਿਰੋਂ ਉੱਠਿਆ ਮਾਂ ਦਾ ਸਾਇਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e