ਜਲਦੀ ਮਿਲੇਗੀ ਤੇਜਸ ਟਰੇਨ ਦੀ ਸੌਗਾਤ, ਚੰਡੀਗੜ੍ਹ ਤੋਂ ਦਿੱਲੀ ਸਿਰਫ 3 ਘੰਟਿਆਂ ''ਚ
Thursday, Oct 26, 2017 - 07:26 AM (IST)
ਚੰਡੀਗੜ੍ਹ (ਲਲਨ) - ਰੇਲਵੇ ਵਲੋਂ ਸ਼ਹਿਰ ਵਾਸੀਆਂ ਨੂੰ ਦਿੱਤੇ ਜਾਣ ਵਾਲੇ ਤੋਹਫੇ ਦੇ ਨਾਲ ਹੁਣ ਦਿੱਲੀ ਦਾ ਸਫਰ ਸਿਰਫ 3 ਘੰਟਿਆਂ ਦਾ ਰਹਿ ਜਾਵੇਗਾ। ਜਾਣਕਾਰੀ ਮੁਤਾਬਿਕ ਰੇਲਵੇ ਦੀ ਇਹ ਤੇਜਸ ਟਰੇਨ ਚੰਡੀਗੜ੍ਹ-ਦਿੱਲੀ ਵਿਚਕਾਰ ਕਰੀਬ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜੇਗੀ। ਰੇਲਵੇ ਵਲੋਂ ਜਾਰੀ ਵਿੰਟਰ ਸ਼ਡਿਊਲ ਵਿਚ ਤੇਜਸ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਵਿਭਾਗ ਵਲੋਂ ਅਜੇ ਇਸ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ, ਜਦਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਟਰੇਨ ਬਹੁਤ ਜਲਦੀ ਹੀ ਚੰਡੀਗੜ੍ਹ-ਦਿੱਲੀ ਵਿਚਕਾਰ ਦੌੜੇਗੀ। ਟਰੇਨ ਵਿਚ ਯਾਤਰੀਆਂ ਨੂੰ ਕਈ ਬਿਹਤਰੀਨ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਜਾਣਕਾਰੀ ਅਨੁਸਾਰ ਚੰਡੀਗੜ੍ਹ-ਦਿੱਲੀ ਵਿਚਕਾਰ ਅਜੇ ਤਕ ਸਭ ਤੋਂ ਤੇਜ਼ ਟਰੇਨ ਸ਼ਤਾਬਦੀ ਐਕਸਪ੍ਰੈੱਸ ਚੱਲਦੀ ਹੈ, ਜਿਸ ਦੀ ਰਫਤਾਰ 110 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਟਰੇਨ ਸ਼ੁਰੂ ਹੁੰਦਿਆਂ ਹੀ ਅੰਬਾਲਾ ਮੰਡਲ ਦੀ ਇਹ ਸਭ ਤੋਂ ਤੇਜ਼ ਟਰੇਨ ਹੋਵੇਗੀ।
ਹਫਤੇ 'ਚ 6 ਦਿਨ ਚੱਲੇਗੀ
ਰੇਲਵੇ ਵਲੋਂ ਜਾਰੀ ਸ਼ਡਿਊਲ ਵਿਚ ਇਹ ਟਰੇਨ ਬੁੱਧਵਾਰ ਨੂੰ ਛੱਡ ਕੇ ਬਾਕੀ ਸਾਰੇ ਦਿਨ ਚੱਲੇਗੀ। ਸ਼ਡਿਊਲ ਵਿਚ ਦਿੱਲੀ ਤੋਂ ਚੰਡੀਗੜ੍ਹ ਚੱਲਣ ਵਾਲੀ ਇਹ ਟਰੇਨ ਨੰਬਰ 22425 ਹੋਵੇਗੀ, ਜੋ ਸਵੇਰੇ 9:40 ਵਜੇ ਦਿੱਲੀ ਤੋਂ ਚੱਲੇਗੀ ਤੇ ਦੁਪਹਿਰ 12:40 ਵਜੇ ਚੰਡੀਗੜ੍ਹ ਪਹੁੰਚ ਜਾਵੇਗੀ। ਉਥੇ ਹੀ ਚੰਡੀਗੜ੍ਹ ਤੋਂ ਚੱਲਣ ਵਾਲੀ ਇਹ ਟਰੇਨ ਨੰਬਰ 22426 ਹੋਵੇਗੀ, ਜੋ ਚੰਡੀਗੜ੍ਹ ਤੋਂ ਦੁਪਹਿਰ 2.35 ਵਜੇ ਚੱਲੇਗੀ ਤੇ ਸ਼ਾਮ ਨੂੰ 5:30 ਵਜੇ ਦਿੱਲੀ ਪਹੁੰਚੇਗੀ। ਇਸ ਟਰੇਨ ਵਿਚ ਕੁਲ 18 ਕੋਚ ਹੋਣਗੇ, ਜਿਨ੍ਹਾਂ ਵਿਚ ਸੀ. ਸੀ. ਦੇ 16 ਤੇ ਜਨਰਲ ਦੇ 2 ਕੋਚ ਹੋਣਗੇ। ਹਾਲਾਂਕਿ ਰੇਲਵੇ ਵਲੋਂ ਅਜੇ ਇਸ ਨੂੰ ਚਲਾਉਣ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਅਜੇ ਕੋਚ ਦਾ ਇੰਤਜ਼ਾਰ ਕਰ ਰਿਹੈ ਰੇਲਵੇ
ਰੇਲਵੇ ਵਲੋਂ ਤੇਜਸ ਟਰੇਨ ਦਾ ਸ਼ਡਿਊਲ ਤਾਂ ਜਾਰੀ ਕਰ ਦਿੱਤਾ ਗਿਆ ਹੈ ਤੇ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਵਲੋਂ ਇਹ ਟਰੇਨ ਚਲਾਉਣ ਦੀ ਇਜਾਜ਼ਤ ਵੀ ਮਿਲ ਚੁੱਕੀ ਹੈ ਪਰ ਰੇਲਵੇ ਕੋਚ ਫੈਕਟਰੀ ਵਿਚ ਅਜੇ ਤਕ ਕੋਚ ਤਿਆਰ ਨਹੀਂ ਹੋ ਸਕੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਕੋਚ ਤਿਆਰ ਹੋ ਜਾਣਗੇ, ਟਰੇਨ ਚਾਲੂ ਕਰ ਦਿੱਤੀ ਜਾਵੇਗੀ।
