ਪੰਜਾਬ ਕਾਂਗਰਸ ''ਚ ਨਵੀਂ ਹਲਚਲ, ''ਇਕ ਪਰਿਵਾਰ, ਇਕ ਟਿਕਟ'' ''ਤੇ ਛਿੜਿਆ ਸਿਆਸੀ ਘਮਾਸਾਨ
Sunday, Nov 29, 2026 - 01:08 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਨਵਾਂ ਘਮਸਾਨ ਛਿੜਿਆ ਹੋਇਆ ਹੈ। ਦਰਅਸਲ ਕਾਂਗਰਸ 'ਚ 'ਇਕ ਪਰਿਵਾਰ, ਇਕ ਟਿਕਟ' ਫਾਰਮੂਲੇ ਨੂੰ ਲੈ ਕੇ ਆਗੂਆਂ ਦੀ ਰਾਏ ਵੱਖੋ-ਵੱਖਰੀ ਹੋ ਗਈ ਹੈ। ਜਿੱਥੇ ਕਈ ਆਗੂ ਇਸ ਫਾਰਮੂਲੇ 'ਤੇ ਨਾ ਚੱਲਣ ਦੇ ਹੱਕ 'ਚ ਹਨ, ਉੱਥੇ ਹੀ ਕਈ ਆਗੂਆਂ ਦਾ ਕਹਿਣਾ ਹੈ ਕਿ ਇੱਕੋ ਪਰਿਵਾਰ ਨੂੰ ਇਕ ਤੋਂ ਵੱਧ ਟਿਕਟਾਂ ਦੇਣਾ ਸਹੀ ਹੈ। ਇਸ ਨੀਤੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵੱਡੇ ਚਿਹਰੇ ਵੀ ਆਪਸ 'ਚ ਵੰਡੇ ਹੋਏ ਨਜ਼ਰ ਆ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਦਾ ਮੰਨਣਾ ਹੈ ਕਿ ਸਥਾਪਿਤ ਆਗੂਆਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਨੌਜਵਾਨਾਂ ਨੂੰ ਬਤੌਰ ਆਗੂ ਤਿਆਰ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ ਪਰ ਟਿਕਟ ਉਨ੍ਹਾਂ ਨੂੰ ਹੀ ਮਿਲੇ, ਜੋ ਪਾਰਟੀ ਨੂੰ ਜਿੱਤ ਦਿਵਾ ਸਕਦੇ ਹੋਣ। ਉੱਥੇ ਹੀ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਜੇਕਰ ਇੱਕ ਹੀ ਪਰਿਵਾਰ ਦੇ ਦੋ ਮੈਂਬਰ ਚੋਣ ਜਿੱਤਣ ਦੀ ਸਮਰੱਥਾ ਰੱਖਦੇ ਹਨ ਤਾਂ ਉਨ੍ਹਾਂ ਨੂੰ ਟਿਕਟ ਦੇਣ 'ਚ ਕੋਈ ਹਰਜ਼ ਨਹੀਂ ਹੋਣਾ ਚਾਹੀਦਾ।
ਇਹ ਵੀ ਪੜ੍ਹੋ : ਕਾਂਗਰਸ ਨੇ ਜਾਰੀ ਕੀਤੀ 30 ਉਮੀਦਵਾਰਾਂ ਦੀ ਪਹਿਲੀ LIST
ਪਾਰਟੀ ਅੰਦਰ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਬਹਿਸਬਾਜ਼ੀ ਜਾਰੀ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜਾ ਵੜਿੰਗ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਮੰਨਣਾ ਹੈ ਕਿ ਪਰਿਵਾਰ ਦਾ ਮੋਹ ਛੱਡ ਕੇ 65 ਤੋਂ 70 ਸੀਟਾਂ 'ਤੇ ਜ਼ਮੀਨੀ ਵਰਕਰਾਂ ਅਤੇ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਰਹਿੰਦਿਆਂ ਉਨ੍ਹਾਂ ਨੇ ਇਸ ਬਾਰੇ ਰਾਹੁਲ ਗਾਂਧੀ ਨਾਲ ਵੀ ਗੱਲ ਕੀਤੀ ਸੀ ਪਰ ਹੁਣ ਉਹ ਪ੍ਰਧਾਨ ਨਹੀਂ ਹਨ, ਇਸ ਲਈ ਨਵੇਂ ਪ੍ਰਧਾਨ ਹੀ ਇਸ ਗੱਲ ਨੂੰ ਅੱਗੇ ਵਧਾ ਸਕਦੇ ਹਨ। ਜੇਕਰ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਮੀਦਵਾਰ ਦੀ ਜਿੱਤਣ ਦੀ ਸਮਰੱਥਾ, ਕਾਬਲੀਅਤ ਅਤੇ ਪਾਰਟੀ ਪ੍ਰਤੀ ਉਸ ਪਰਿਵਾਰ ਦੀ ਵਫ਼ਾਦਾਰੀ ਸਭ ਤੋਂ ਮਹੱਤਵਪੂਰਨ ਹੈ।
ਉਨ੍ਹਾਂ ਅਨੁਸਾਰ ਪਾਰਟੀ ਨੂੰ ਅਜਿਹੇ ਉਮੀਦਵਾਰਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ, ਜੋ ਚੋਣ ਜਿੱਤ ਕੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਾ ਸਕਣ, ਭਾਵੇਂ ਉਹ ਇਕ ਹੀ ਪਰਿਵਾਰ ਨਾਲ ਸਬੰਧਿਤ ਕਿਉਂ ਨਾ ਹੋਣ। ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਲਈ ਇਸ ਵੇਲੇ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣਾ ਸਭ ਤੋਂ ਵੱਡੀ ਤਰਜ਼ੀਹ ਹੈ। ਇਸੇ ਕਾਰਨ ਪਾਰਟੀ ਹਾਈਕਮਾਨ ਵਲੋਂ ਕਰਵਾਏ ਜਾ ਰਹੇ ਅੰਦਰੂਨੀ ਸਰਵੇਖਣਾਂ ਅਤੇ ਸਕਰੀਨਿੰਗ ਕਮੇਟੀ ਦੀ ਸਮੀਖਿਆ ਤੋਂ ਬਾਅਦ ਦਸੰਬਰ 2026 ਜਾਂ ਜਨਵਰੀ ਦੀ ਸ਼ੁਰੂਆਤ 'ਚ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
