ਸ਼੍ਰੋਅਦ ਵੱਲੋਂ ਪਿੰਡ ਪੱਧਰ 'ਤੇ ਨਵੇਂ ਸਿਰਿਓਂ ਵਰਕਰਾਂ ਦੀ ਕੀਤੀ ਜਾਵੇਗੀ ਭਰਤੀ

Monday, Feb 05, 2018 - 08:13 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ) - ''ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿੰਡ ਪੱਧਰ 'ਤੇ ਨਵੇਂ ਸਿਰਿਓਂ ਵਰਕਰਾਂ ਦੀ ਭਰਤੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਲਈ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਆਉਣ ਵਾਲੇ 20 ਦਿਨਾਂ 'ਚ ਪਿੰਡ ਪੱਧਰ 'ਤੇ ਵਰਕਰਾਂ ਦੀ ਭਰਤੀ ਕੀਤੀ ਜਾਣੀ ਹੈ ਤਾਂ ਕਿ ਦਲ ਨੂੰ ਪਿੰਡ ਪੱਧਰ 'ਤੇ ਮਜ਼ਬੂਤ ਕੀਤਾ ਜਾ ਸਕੇ।'' ਇਹ ਪ੍ਰਗਟਾਵਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਆਪਣੇ ਘਰ 'ਚ ਖੇਤਰ ਦੇ ਵਰਕਰਾਂ ਨਾਲ ਮੀਟਿੰਗ ਕਰਨ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾ ਵਰਕਰਾਂ ਦੀ ਭਰਤੀ ਕੀਤੀ ਜਾਵੇਗੀ। ਅਸ ਤੋਂ ਬਾਅਦ ਡੈਲੀਗੇਟਸ ਬਣਾਏ ਜਾਣਗੇ ਅਤੇ ਸਰਕਲ ਪੱਧਰ 'ਤੇ ਤੇ ਫਿਰ ਜ਼ਿਲਾ ਪੱਧਰ 'ਤੇ ਭਰਤੀ ਕੀਤੀ ਜਾਵੇਗੀ। ਹੁਣ ਪਹਿਲਾਂ ਦੀ ਤਰ੍ਹਾਂ ਭਰਤੀ ਨਹੀਂ ਹੋਵੇਗੀ, ਜੋ ਵੀ ਵਰਕਰ ਭਰਤੀ ਕੀਤਾ ਜਾਵੇਗਾ, ਉਸ ਤੋਂ ਫੀਸ ਲਈ ਜਾਵੇਗੀ, ਜੋ ਕਿ ਇਕ ਸਾਲ ਲਈ ਹੋਵੇਗੀ।
ਜਨਰਲ ਵਿਅਕਤੀ ਤੋਂ 100 ਰੁਪਏ ਅਤੇ ਐੱਸ. ਸੀ. ਤੋਂ 25 ਰੁਪਏ ਰਾਸ਼ੀ ਚੈੱਕ ਰਾਹੀਂ ਲਈ ਜਾਵੇਗੀ, ਜੋ ਕਿ ਸਿੱਧੀ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ 'ਚ ਜਮ੍ਹਾ ਹੋਵੇਗੀ। ਇਹ ਚੈੱਕ ਕਿਸੇ ਵਿਅਕਤੀ ਦੇ ਨਾਂ ਤੋਂ ਨਹੀਂ ਬਣੇਗਾ ਅਤੇ ਨਾ ਹੀ ਨਕਦ ਰਾਸ਼ੀ ਲਈ ਜਾਵੇਗੀ। ਅਜਿਹਾ ਹੋਣ ਨਾਲ ਉਹੀ ਵਿਅਕਤੀ ਪਾਰਟੀ ਦਾ ਵਰਕਰ ਬਣੇਗਾ, ਜੋ ਕਿ ਪਾਰਟੀ ਦੇ ਪ੍ਰਤੀ ਵਫ਼ਾਦਾਰ ਹੋਵੇਗਾ। ਉਨ੍ਹਾਂ ਨੇ ਵਰਕਰਾਂ 'ਚ ਉਤਸ਼ਾਹ ਭਰਦਿਆਂ ਕਿਹਾ ਕਿ ਉਹ ਅੱਜ ਤੋਂ ਹੀ ਕੰਮ ਸ਼ੁਰੂ ਕਰ ਦੇਣ ਅਤੇ ਆਉਣ ਵਾਲੇ 20 ਦਿਨਾਂ 'ਚ ਹਰ ਪਿੰਡ 'ਚੋਂ 200 ਮੈਂਬਰ ਬਣਾ ਲੈਣ ਤਾਂ ਕਿ ਪਾਰਟੀ ਨੂੰ ਪੂਰੀ ਤਰ੍ਹਾਂ ਨਾਲ ਮਜ਼ਬੂਤ ਕੀਤਾ ਜਾ ਸਕੇ। ਇਸ ਨਵੀਂ ਭਰਤੀ ਨੂੰ ਆਈ. ਟੀ. ਸੇਲ ਦਾ ਨਾਂ ਦਿੱਤਾ ਜਾਵੇਗਾ। ਇਸ ਸਮੇਂ ਮਨਜਿੰਦਰ ਸਿੰਘ ਬਿੱਟੂ, ਗੁਰਦੀਪ ਸਿੰਘ ਮੜਮੱਲੂ, ਹਰਪਾਲ ਸਿੰਘ ਬੇਦੀ, ਪਰਮਿੰਦਰ ਪਾਸ਼ਾ, ਕਾਕੂ ਸੀਰਵਾਲੀ, ਦਲੀਪ ਸਿੰਘ, ਸਰਪੰਚ ਹਰਦੀਪ ਸਿੰਘ, ਬੇਅੰਤ ਸਿੰਘ ਆਦਿ ਵਰਕਰ ਹਾਜ਼ਰ ਸਨ। ਵਰਨਣਯੋਗ ਹੈ ਕਿ ਇਹ ਭਰਤੀ ਪੂਰੇ ਸੂਬੇ ਵਿਚ ਕੀਤੀ ਜਾਣੀ ਹੈ ਪਰ ਮੁਕਤਸਰ ਹਲਕੇ ਦੇ ਵਰਕਰਾਂ ਨੇ ਪਹਿਲ ਕਰਦੇ ਹੋਏ ਸਭ ਤੋਂ ਪਹਿਲਾਂ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ।


Related News