ਨਵੇਂ ਓਵਰਬ੍ਰਿਜ ਨੇ ਧਾਰਿਆ ਖੂਨੀ ਪੁਲ ਦਾ ਰੂਪ, ਕੁੱਝ ਦਿਨਾਂ ''ਚ ਹੋਈਆਂ 4 ਮੌਤਾਂ
Wednesday, Oct 30, 2019 - 12:24 AM (IST)
ਖਮਾਣੋਂ,(ਜਟਾਣਾ) : ਚੰਡੀਗੜ੍ਹ-ਲੁਧਿਆਣਾ ਨੈਸ਼ਨਲ ਹਾਈਵੇ 05 'ਤੇ ਖਮਾਣੋਂ ਵਿਖੇ ਨਵੇਂ ਉਸਾਰੇ ਓਵਰ ਬ੍ਰਿਜ ਤੇ ਲੁਧਿਆਣਾ ਮੰਡੇਰਾਂ ਵਾਲੇ ਪਾਸੇ ਜਿਥੇ ਪੁਲ ਉੱਤਰ ਰਿਹਾ ਹੈ ਰੇਲਿੰਗ ਨਾ ਲੱਗਣ ਕਾਰਣ ਨਿੱਕੇ ਮੋਟੇ ਕੰਮ ਵਿਚਾਲੇ ਲਟਕਣ ਕਾਰਣ ਇਸ ਪੁਲ ਨੇ ਖੂਨੀ ਪੁਲ ਦਾ ਰੂਪ ਧਾਰਨ ਕਰ ਲਿਆ ਹੈ, ਕਿਉਂਕਿ ਇਥੇ ਕਈ ਮੌਤਾਂ ਹੋ ਚੁੱਕੀਆਂ ਹਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਡੇਢ ਕਿਲੋਮੀਟਰ ਦੇ ਕਰੀਬ ਇਹ ਪੁਲ ਜਿਥੋਂ ਪਿੰਡ ਮੰਡੇਰਾਂ ਵਾਲੇ ਪਾਸਿਓਂ ਚੜ੍ਹਦਾ ਹੈ। ਇਸ ਪਾਸੇ ਜਿਵੇਂ ਹੀ ਚੰਡੀਗੜ੍ਹ ਦੀ ਤਰਫੋਂ ਲੁਧਿਆਣਾ ਤਰਫ਼ ਜਾਣ ਲਈ ਤੇਜ਼ ਰਫ਼ਤਾਰ ਕੋਈ ਵਾਹਨ ਆਉਂਦਾ ਹੈ ਤਾਂ ਪੁਲ ਉੱਤਰਨ ਵੇਲੇ ਲੋਕਲ ਵਾਹਨ ਤੇ ਨੈਸ਼ਨਲ ਹਾਈਵੇ 'ਤੇ ਆ ਰਹੇ ਤੇਜ਼ ਰਫਤਾਰ ਵਾਹਨ ਅਕਸਰ ਇਕੱਠੇ ਹੋ ਜਾਂਦੇ ਹਨ। ਜਿਸ ਕਰ ਕੇ ਦੋਵੇਂ ਵਾਹਨ ਆਪਸ 'ਚ ਟਕਰਾ ਜਾਂਦੇ ਹਨ। ਸਿੱਟੇ ਵਜੋਂ ਪਿੰਡ ਵਾਸੀਆਂ ਮੁਤਾਬਕ ਪਿਛਲੇ ਥੋੜ੍ਹੇ ਹੀ ਦਿਨਾਂ 'ਚ ਪੁਲ ਉੱਤਰਨ ਵੇਲੇ ਰੇਲਿੰਗ ਨਾ ਹੋਣ ਕਰ ਕੇ ਕਈ ਮੌਤਾਂ ਹੋ ਚੁੱਕੀਆਂ ਹਨ ਤੇ ਅਨੇਕਾਂ ਹੀ ਵਾਹਨ ਚਾਲਕ ਤੇਜ਼ ਰਫਤਾਰ ਵਾਹਨਾਂ ਦੀ ਲਪੇਟ 'ਚ ਆਉਣ ਕਾਰਨ ਗੰਭੀਰ ਜ਼ਖਮੀ ਹੋ ਚੁੱਕੇ ਹਨ। ਪਿੰਡ ਵਾਸੀਆਂ ਦਾ ਕਹਿਣਾ ਕਿ ਜੇਕਰ ਪੁਲ ਬਣਾਉਣ ਵਾਲਾ ਠੇਕੇਦਾਰ ਜਾਂ ਨੈਸ਼ਨਲ ਹਾਈਵੇ ਅਥਾਰਿਟੀ ਪੁਲ ਉੱਤਰਨ ਵੇਲੇ ਦੋਵੇਂ ਪਾਸੇ ਰੇਲਿੰਗ ਲਾ ਦੇਵੇ ਤਾਂ ਤੁਰੰਤ ਹਾਦਸੇ ਰੋਕੇ ਜਾ ਸਕਦੇ ਹਨ, ਨਹੀਂ ਪੁਲ ਤੇ ਰੇਲਿੰਗ ਨਾ ਹੋਣ ਕਰ ਕੇ ਜਿਸ ਕਦਰ ਹਾਦਸੇ ਵਾਪਰ ਚੁੱਕੇ ਹਨ। ਉਸ ਨਾਲ ਰਾਹਗੀਰਾਂ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ।