ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ, ਲੁਧਿਆਣਾ ''ਚ 30 ਬਿਸਤਰਿਆਂ ਵਾਲੇ ਸਰਕਾਰੀ ਹਸਪਤਾਲ ਦਾ ਕੀਤਾ ਉਦਘਾਟਨ

Saturday, Dec 07, 2024 - 04:14 AM (IST)

ਲੁਧਿਆਣਾ (ਵਿੱਕੀ)- ਹਲਕਾ ਉੱਤਰੀ ’ਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਕੀਤੇ ਜਾ ਰਹੇ ਯਤਨ ਉਸ ਸਮੇਂ ਰੰਗ ਲਿਆਏ, ਜਦੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ 30 ਬਿਸਤਰਿਆਂ ਵਾਲੇ ਸਰਕਾਰੀ ਹਸਪਤਾਲ ਦਾ ਉਦਘਾਟਨ ਕੀਤਾ ਗਿਆ।

ਇਸ ਦੌਰਾਨ ਵਿਧਾਇਕ ਬੱਗਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਹਿਯੋਗ ਨਾਲ ਉਨ੍ਹਾਂ ਦਾ ਇਕ ਹੋਰ ਸੁਪਨਾ ਪੂਰਾ ਹੋ ਗਿਆ ਹੈ। ਇਸ ਮੌਕੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਗੁਰਪ੍ਰੀਤ ਬਸੀ ਗੋਗੀ, ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਸੁਰੇਸ਼ ਗੋਇਲ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਹਿਤਿੰਦਰ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਕੈਬਨਿਟ ਮੰਤਰੀ ਬਲਬੀਰ ਸਿੰਘ ਅਤੇ ਵਿਧਾਇਕ ਬੱਗਾ ਨੇ ਦੱਸਿਆ ਕਿ ਪਹਿਲੇ ਪੜਾਅ ’ਚ ਇਸ ਹਸਪਤਾਲ ਨੂੰ 10 ਬਿਸਤਰਿਆਂ ਦੀ ਸਹੂਲਤ ਵਜੋਂ ਚਲਾਇਆ ਜਾਵੇਗਾ ਅਤੇ ਬਾਅਦ ’ਚ ਇਸ ਨੂੰ 30 ਬਿਸਤਰਿਆਂ ਤੱਕ ਵਧਾ ਦਿੱਤਾ ਜਾਵੇਗਾ। ਇਥੇ 2 ਮੈਡੀਕਲ ਅਫ਼ਸਰ, ਨਰਸਾਂ, ਫਾਰਮਾਸਿਸਟ ਸਮੇਤ ਲੋੜੀਂਦਾ ਸਟਾਫ ਨਿਯੁਕਤ ਕੀਤਾ ਗਿਆ ਹੈ।

ਵਿਧਾਇਕ ਬੱਗਾ ਨੇ ਦੱਸਿਆ ਕਿ ਇਹ ਹਸਪਤਾਲ 4.25 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਉੱਚ ਪੱਧਰੀ ਡਾਕਟਰੀ ਸੇਵਾਵਾਂ ਜਿਵੇਂ ਕਿ ਓ.ਪੀ.ਡੀ., ਐਮਰਜੈਂਸੀ, ਦੰਦਾਂ ਦਾ ਡਾਕਟਰ, ਜਣੇਪਾ ਅਤੇ ਬਾਲ ਰੋਗ ਸੇਵਾਵਾਂ, ਅੱਖਾਂ ਦੀਆਂ ਸੇਵਾਵਾਂ, ਐਕਸਰੇ ਅਤੇ ਬੇਸਿਕ ਲੈਬ ਟੈਸਟ ਮੁਹੱਈਆ ਕਰਵਾਏ ਜਾਣਗੇ। ਬੱਗਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਇਥੇ ਡਾਇਲਸਿਸ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ।

.PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਇਕ ਵਿਆਹ ਅਜਿਹਾ ਵੀ ; ਜਦੋਂ 'ਲਾੜੀ' ਲੱਭਦੇ-ਲੱਭਦੇ ਥਾਣੇ ਪੁੱਜ ਗਈ ਬਰਾਤ...

ਅਗਲੇ ਸਾਲ 5 ਸਿਹਤ ਕੇਂਦਰ ਖੁੱਲ੍ਹਣਗੇ
ਕੈਬਨਿਟ ਮੰਤਰੀ ਨੇ ਕਿਹਾ ਕਿ ਅਗਲੇ ਸਾਲ ਤੱਕ 5 ਸਿਹਤ ਕੇਂਦਰ ਜਨਤਾ ਲਈ ਖੋਲ੍ਹੇ ਜਾਣਗੇ, ਤਾਂ ਜੋ ਲੋਕ ਆਪਣੇ ਇਲਾਕੇ ਵਿਚ ਬਿਹਤਰ ਮੈਡੀਕਲ ਸੇਵਾਵਾਂ ਦਾ ਲਾਭ ਉਠਾ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਲੁਧਿਆਣਾ ਲਈ 17 ਨਵੇਂ ਡਾਕਟਰ ਪਹਿਲਾਂ ਹੀ ਨਿਯੁਕਤ ਕੀਤੇ ਜਾ ਚੁੱਕੇ ਹਨ ਅਤੇ ਜ਼ਿਲਾ ਹਸਪਤਾਲਾਂ ਵਿਚ 24 ਘੰਟੇ ਐਮਰਜੈਂਸੀ ਮੈਡੀਕਲ ਸੇਵਾਵਾਂ ਨੂੰ ਯਕੀਨੀ ਬਣਾਇਆ ਜਾਵੇਗਾ। ਕੈਬਨਿਟ ਮੰਤਰੀ ਨੇ ਆਮ ਆਦਮੀ ਕਲੀਨਿਕ, ਸੀ.ਐੱਮ. ਯੋਗਸ਼ਾਲਾ, ਫਰਿਸ਼ਤੇ, ਰੋਡ ਸੇਫਟੀ ਫੋਰਸ ਪ੍ਰਾਜੈਕਟਾਂ ਬਾਰੇ ਵੀ ਚਰਚਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਦੇ ਉਤਸ਼ਾਹਜਨਕ ਨਤੀਜੇ ਸਾਹਮਣੇ ਆ ਰਹੇ ਹਨ।

ਨਵੇਂ ਸਾਲ ’ਚ ਅਤਿ-ਆਧੁਨਿਕ ਮੈਡੀਕਲ ਸਹੂਲਤਾਂ ਨਾਲ ਲੈਸ ਹੋਵੇਗਾ ਲੁਧਿਆਣਾ ਦਾ ਸਿਵਲ ਹਸਪਤਾਲ
ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਤੰਦਰੁਸਤ ਪੰਜਾਬ ਦੇ ਸੁਪਨੇ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਜਨਵਰੀ 2025 ਤੱਕ ਲੁਧਿਆਣਾ ਦੇ ਸਿਵਲ ਹਸਪਤਾਲ ਨੂੰ ਅਤਿ-ਆਧੁਨਿਕ ਮੈਡੀਕਲ ਸਹੂਲਤਾਂ ਨਾਲ ਲੈਸ ਕਰ ਦਿੱਤਾ ਜਾਵੇਗਾ, ਜਿਸ ’ਚ ਪ੍ਰਾਈਵੇਟ ਕਾਰਪੋਰੇਟ ਹਸਪਤਾਲਾਂ ਦੇ ਮੁਕਾਬਲੇ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ 10 ਲੱਖ ਰੁਪਏ ਅਤੇ ਹਾਈਟੈਕ ਐਂਬੂਲੈਂਸ ਦੇਣ ਦਾ ਐਲਾਨ
ਉਨ੍ਹਾਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਦਾ ਉਦੇਸ਼ ਸਾਰੇ ਜ਼ਿਲਾ ਹਸਪਤਾਲਾਂ ਨੂੰ ਸਰੀਰਕ ਅਤੇ ਮਾਨਸਿਕ ਸਿਹਤ ਸੇਵਾਵਾਂ ਲਈ ਲੋੜੀਂਦੇ ਸਾਜ਼ੋ-ਸਾਮਾਨ, ਦਵਾਈਆਂ ਅਤੇ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਕਰਨਾ ਹੈ। ਆਪਣੇ ਸੰਬੋਧਨ ’ਚ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਲੁਧਿਆਣਾ ਪੱਛਮੀ ਖੇਤਰ ਦੇ ਹਸਪਤਾਲ ਲਈ 10 ਲੱਖ ਰੁਪਏ ਅਤੇ ਇਕ ਨਵੀਂ ਹਾਈਟੈੱਕ ਐਂਬੂਲੈਂਸ ਦੇਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਹੋਈ ਬੇਅਦਬੀ ਦੀ ਘਟਨਾ, ਧਰਮ ਪਰਿਵਰਤਨ ਮਗਰੋਂ ਕੂੜੇ 'ਚ ਸੁੱਟ'ਤੀਆਂ ਧਾਰਮਿਕ ਤਸਵੀਰਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News